ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ‘ਚ ਤਾਇਨਾਤ ਸੀ ਸੁਖਵਿੰਦਰ ਸਿੰਘ
ਮੁਹਾਲੀ/ਬਿਊਰੋ ਨਿਊਜ਼ : ਮੁਹਾਲੀ ਦੇ ਫੇਜ਼-11 ਸਥਿਤ ਇਕ ਨਾਈਟ ਕਲੱਬ ਦੀ ਪਾਰਕਿੰਗ ਵਿਚ ਇਕ ਨੌਜਵਾਨ ਨੇ ਪੰਜਾਬ ਪੁਲਿਸ ਦੇ ਕਮਾਂਡੋ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (23) ਵਾਸੀ ਪਿੰਡ ਤਾਰੇ ਵਾਲਾ (ਜਲਾਲਾਬਾਦ) ਵਜੋਂ ਹੋਈ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਮੌਜੂਦਾ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਦਸਤੇ ਵਿੱਚ ਤਾਇਨਾਤ ਸੀ। ਉਸ ਦੇ ਪਿਤਾ ਬਲਜੀਤ ਰਾਮ ਮਹਿਰੋਕ ਵੀ ਪੁਲਿਸ ਵਿਭਾਗ ਵਿਚ ਹੀ ਤਾਇਨਾਤ ਹਨ। ਘਟਨਾ ਐਤਵਾਰ ਤੜਕੇ ਸਵੇਰੇ ਕਰੀਬ ਸਾਢੇ 3 ਵਜੇ ਵਾਪਰੀ ਹੈ। ਵੇਰਵਿਆਂ ਮੁਤਾਬਕ ਸ਼ਨਿਚਰਵਾਰ ਰਾਤ ਵਾਕਿੰਗ ਸਟ੍ਰੀਟ ਐਂਡ ਕੈਫ਼ੇ (ਨਾਈਟ ਕਲੱਬ) ਵਿਚ ਪਾਰਟੀ ਚੱਲ ਰਹੀ ਸੀ। ਇਹ ਪਾਰਟੀ ਕਿਸੇ ਦੇ ਜਨਮ ਦਿਨ ਸਬੰਧੀ ਰੱਖੀ ਗਈ ਸੀ। ਕਮਾਂਡੋ ਸੁਖਵਿੰਦਰ ਸਿੰਘ ਅਤੇ ਮੁਲਜ਼ਮ ਚਰਨਜੀਤ ਸਿੰਘ ਉਰਫ਼ ਸਾਹਿਲ ਵੀ ਪਾਰਟੀ ਵਿਚ ਮੌਜੂਦ ਸਨ। ਇਸ ਦੌਰਾਨ ਦੋਵਾਂ ਵਿਚਾਲੇ ਕਿਸੇ ਗੱਲ ‘ਤੇ ਪਹਿਲਾਂ ਬਹਿਸ ‘ਤੇ ਫਿਰ ਹੱਥੋਪਾਈ ਹੋ ਗਈ। ਪ੍ਰਬੰਧਕਾਂ ਨੇ ਦੋਵਾਂ ਨੌਜਵਾਨਾਂ ਨੂੰ ਕਲੱਬ ਵਿਚੋਂ ਬਾਹਰ ਕੱਢ ਦਿੱਤਾ। ਬਾਹਰ ਆਉਂਦਿਆਂ ਹੀ ਸਾਹਿਲ ਨੇ ਆਪਣਾ ਰਿਵਾਲਵਰ ਕੱਢਿਆ ਤੇ ਸੁਖਵਿੰਦਰ ਨੂੰ ਗੋਲੀ ਮਾਰ ਦਿੱਤੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੁਖਵਿੰਦਰ ਤਿੰਨ ਸਾਲ ਪਹਿਲਾਂ 2016 ਵਿਚ ਸਿਪਾਹੀ ਭਰਤੀ ਹੋਇਆ ਸੀ। ਥਾਣਾ ਸੋਹਾਣਾ ਦੇ ਐੱਸਐਚਓ ਰਾਜੇਸ਼ ਹਸਤੀਰ ਨੇ ਦੱਸਿਆ ਕਿ ਚਰਨਜੀਤ ਸਿੰਘ ਉਰਫ਼ ਸਾਹਿਲ ਵਾਸੀ ਅੰਮ੍ਰਿਤਸਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਮੁਲਜ਼ਮ ਫਰਾਰ ਹੈ। ਪੁੱਛਗਿੱਛ ਲਈ ਨਾਈਟ ਕਲੱਬ ਦੇ ਪ੍ਰਬੰਧਕ ਸਮੇਤ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਗੋਲੀ ਲੱਗਣ ਤੋਂ ਬਾਅਦ ਕਮਾਂਡੋ ਜਵਾਨ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਲਾਸ਼ ਦਾ ਪੋਸਟ ਮਾਰਟਮ ਕੀਤਾ ਗਿਆ ਹੈ ਤੇ ਮ੍ਰਿਤਕ ਦੇ ਦੋ ਗੋਲੀਆਂ- ਇਕ ਛਾਤੀ ਤੇ ਦੂਜੀ ਪੇਟ ਦੇ ਉਪਰਲੇ ਹਿੱਸੇ ਵਿਚ ਲੱਗੀ ਹੋਈ ਸੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …