Breaking News
Home / ਪੰਜਾਬ / ਐਫ ਐਮ ਰੇਡੀਓ ‘ਦੇਸ ਪੰਜਾਬ’ ਦੀ ਸ਼ੁਰੂਆਤ

ਐਫ ਐਮ ਰੇਡੀਓ ‘ਦੇਸ ਪੰਜਾਬ’ ਦੀ ਸ਼ੁਰੂਆਤ

ਪਾਕਿ ਦੇ ਕੂੜ ਪ੍ਰਚਾਰ ਦਾ ਟਾਕਰਾ ਕਰੇਗਾ ‘ਦੇਸ਼ ਪੰਜਾਬ’
ਅਟਾਰੀ/ਬਿਊਰੋ ਨਿਊਜ਼ : ਆਲ ਇੰਡੀਆ ਰੇਡੀਓ ਦੇ 20 ਕਿਲੋਵਾਟ ਐਫਐਮ ਰੇਡੀਓ ‘ਦੇਸ ਪੰਜਾਬ’ ਟਰਾਂਸਮੀਟਰ ਦੀ ਸੋਮਵਾਰ ਨੂੰ ਅੰਮ੍ਰਿਤਸਰ ਸਥਿਤ ਅਟਾਰੀ ਸਰਹੱਦ ਨੇੜੇ ਘਰਿੰਡਾ ਵਿਚ ਸ਼ੁਰੂਆਤ ਹੋ ਗਈ ਹੈ। ਕੇਂਦਰੀ ਰਾਜ ਮੰਤਰੀ ਵਿਜੈ ਕੁਮਾਰ ਸਾਂਪਲਾ ਵੱਲੋਂ ਪ੍ਰਸਾਰ ਭਾਰਤੀ ਦੇ ਚੇਅਰਮੈਨ ਡਾ. ਏ ਸੂਰਿਆ ਪ੍ਰਕਾਸ਼ ਦੀ ਮੌਜੂਦਗੀ ਵਿੱਚ ਆਕਾਸ਼ਵਾਣੀ ਦੇ ਇਸ ਕੇਂਦਰ ਦਾ ਉਦਘਾਟਨ ਕੀਤਾ ਗਿਆ। ਸਾਂਪਲਾ ਨੇ ਨਾਰੀਅਲ ਤੋੜ ਕੇ ਐਫਐਮ ਦਾ ਰਸਮੀ ਉਦਘਾਟਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੇ ਜਾਂਦੇ ਕੂੜ ਪ੍ਰਚਾਰ ਦਾ ਜਵਾਬ ਦੇਣ ਲਈ ਘਰਿੰਡਾ ਵਿਖੇ ਐਫਐਮ ਰੇਡੀਓ ‘ਦੇਸ ਪੰਜਾਬ’ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ, ”ਅਸੀਂ ਭਾਰਤ ਤੇ ਮਾਨਵਤਾ ਦੀ ਤਸਵੀਰ ਪੇਸ਼ ਕਰਕੇ ਗੁਰੂਆਂ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਵਿੱਚ ਸਫ਼ਲ ਹੋਵਾਂਗੇ। ਭਾਰਤ ਆਪਣੀ ਗੱਲ ਪਾਕਿਸਤਾਨ ਵਾਸੀਆਂ ਤੱਕ ਪਹੁੰਚਾ ਸਕੇਗਾ ਅਤੇ ਐਫਐਮ ਰੇਡੀਓ ਤੋਂ ਸੱਭਿਅਚਾਰ, ਵਿਰਾਸਤ, ਖ਼ਬਰਾਂ ਆਦਿ ਦਾ ਪ੍ਰਸਾਰਣ ਕੀਤਾ ਜਾਵੇਗਾ।” ਸਾਂਪਲਾ ਨੇ ਕਿਹਾ ਕਿ ਟਰਾਂਸਮੀਟਰ ‘ਤੇ ਸਾਢੇ ਪੰਜ ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਨਾਲ 50 ਕਿਲੋਮੀਟਰ ਤੱਕ ਦੇ ਦਾਇਰੇ ਵਿੱਚ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪਾਕਿਸਤਾਨ ਵੱਲੋਂ ਭਾਰਤ ਵਿਰੁੱਧ ਕੀਤੇ ਜਾਂਦੇ ਕੂੜ ਪ੍ਰਚਾਰ ਅਤੇ ਹਿੰਦੂਆਂ ਤੇ ਹੋਰ ਭਾਈਚਾਰਿਆਂ ਵਿੱਚ ਪਾਏ ਜਾ ਰਹੇ ਪਾੜੇ ‘ਤੇ ਨੱਥ ਪਾਈ ਜਾਵੇਗੀ। ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਸਵਾਲ ਪੁੱਛੇ ਜਾਣ ‘ਤੇ ਸਾਂਪਲਾ ਨੇ ਕਿਹਾ ਕਿ ਇਸ ਸਬੰਧੀ ਪਾਕਿਸਤਾਨ ਵੱਲੋਂ ਕੋਈ ਪਹਿਲ ਨਹੀਂ ਕੀਤੀ ਗਈ ਹੈ। ‘ਜਦੋਂ ਤੱਕ ਪਾਕਿਸਤਾਨ ਪਹਿਲ ਨਹੀਂ ਕਰਦਾ ਹੈ, ਇਸ ਗੱਲ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ।’

Check Also

ਦਿਲਰੋਜ਼ ਨੂੰ ਜਿੰਦਾ ਦਫ਼ਨਾਉਣ ਵਾਲੀ ਨੀਲਮ ਨੂੰ ਲੁਧਿਆਣਾ ਕੋਰਟ ਨੇ ਸੁਣਾਈ ਮੌਤ ਦੀ ਸਜ਼ਾ

ਆਰੋਪੀ ਨੀਲਮ ਨੇ ਸਾਲ 2021 ’ਚ ਦਿੱਤਾ ਸੀ ਘਟਨਾ ਨੂੰ ਅੰਜ਼ਾਮ ਲੁਧਿਆਣਾ/ਬਿਊਰੋ ਨਿਊਜ਼ : ਢਾਈ …