ਪੰਜਾਬ ਦੀਆਂ ਸਾਰੀਆਂ 22 ਜ਼ਿਲ੍ਹਾ ਪਰਿਸ਼ਦਾਂ ‘ਤੇ ਕਾਂਗਰਸ ਨੇ ਕੀਤਾ ਕਬਜ਼ਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਦੀ ਹੂੰਝਾਫੇਰ ਜਿੱਤ ਹੋਈ ਹੈ। ਸੂਬੇ ਦੀਆਂ ਸਾਰੀਆਂ 22 ਜ਼ਿਲ੍ਹਾ ਪਰਿਸ਼ਦਾਂ ‘ਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ। ਇਸੇ ਤਰ੍ਹਾਂ 150 ਪੰਚਾਇਤ ਸਮਿਤੀਆਂ ਵਿੱਚੋਂ ਵੀ 145 ਤੋਂ ਵੱਧ ‘ਤੇ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਪੰਚਾਇਤ ਸਮਿਤੀਆਂ ਵਿੱਚ ਮਜੀਠਾ ਬਲਾਕ ਨੇ ਸ਼੍ਰੋਮਣੀ ਅਕਾਲੀ ਦਲ ਦੀ ਲਾਜ ਰੱਖੀ ਹੈ ਜਿੱਥੇ ਸਪੱਸ਼ਟ ਬਹੁਮਤ ਮਿਲਿਆ ਹੈ। ਪੰਜਾਬ ਵਿੱਚ ਡੇਢ ਕੁ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਵਿਰੋਧੀ ਧਿਰ ਦੇ ਰੂਪ ਵਿੱਚ ਉਭਰੀ ਆਮ ਆਦਮੀ ਪਾਰਟੀ (ਆਪ) ਦੇ ਪੱਲੇ ਭਾਰੀ ਨਿਰਾਸ਼ਾ ਪਈ ਹੈ। ਇਸ ਪਾਰਟੀ ਦਾ ਕੁਝ ਕੁ ਸਮਿਤੀਆਂ ‘ਤੇ ਮਹਿਜ਼ ਖਾਤਾ ਹੀ ਖੁੱਲ੍ਹ ਸਕਿਆ ਹੈ। ਸੂਬੇ ਵਿੱਚ 19 ਸਤੰਬਰ ਨੂੰ ਇਨ੍ਹਾਂ ਸੰਸਥਾਵਾਂ ਲਈ ਵੋਟਾਂ ਪਈਆਂ ਸਨ। ਇਨ੍ਹਾਂ ਪੰਚਾਇਤੀ ਰਾਜ ਸੰਸਥਾਵਾਂ ‘ਤੇ ਕਾਂਗਰਸ ਪਾਰਟੀ ਦਾ ਝੰਡਾ ਪੂਰੇ ਦਸ ਸਾਲਾਂ ਬਾਅਦ ਝੁੱਲਿਆ ਹੈ। 2008 ਅਤੇ 2013 ਵਿੱਚ ਹੋਈਆਂ ਚੋਣਾਂ ਦੌਰਾਨ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੀ ਜੇਤੂ ਰਹੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਪਣੇ ਜੱਦੀ ਗੜ੍ਹ ਮੁਕਤਸਤਰ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਅਤੇ ਮਾਨਸਾ ਵਿੱਚ ਵੀ ਕਾਂਗਰਸ ਦੀ ਫਤਿਹ ਅਕਾਲੀ ਦਲ ਲਈ ਵੱਡਾ ਝਟਕਾ ਹੈ। ਚੋਣਾਂ ਦੌਰਾਨ ਖਾਸ ਕਰਕੇ ਮਾਲਵਾ ਖਿੱਤੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੁਲਿਸ ਗੋਲੀ ਕਾਂਡ ਦਾ ਮੁੱਦਾ ਭਾਰੂ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਕਾਂਡ ‘ਤੇ ਹੋਈ ਬਹਿਸ ਤੋਂ ਬਾਅਦ ਬਦਨਾਮੀ ਦੇ ਦਾਗ ਧੋਣ ਲਈ ਚੋਣਾਂ ਨੂੰ ਲੁਕਵਾਂ ਨਿਸ਼ਾਨਾ ਬਣਾ ਕੇ ਮਾਲਵਾ ਖੇਤਰ ਵਿੱਚ ਖੁੱਸਿਆ ਵੱਕਾਰ ਬਹਾਲ ਕਰਨ ਲਈ ਅਬੋਹਰ ਅਤੇ ਫ਼ਰੀਦਕੋਟ ਵਿੱਚ ਰੈਲੀਆਂ ਵੀ ਕੀਤੀਆਂ। ਅਬੋਹਰ ਇਲਾਕੇ ਵਿੱਚ ਤਾਂ ਅਕਾਲੀ ਦਲ ਅਤੇ ਭਾਜਪਾ ਖਾਤਾ ਖੋਲ੍ਹਣ ਵਿੱਚ ਕਾਮਯਾਬ ਰਹੇ ਜਦੋਂ ਕਿ ਫਰੀਦਕੋਟ ਜ਼ਿਲ੍ਹੇ ਵਿਚ ਪੰਥਕ ਪਾਰਟੀ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਨ੍ਹਾਂ ਚੋਣਾਂ ਨਾਲ ਅਕਾਲੀਆਂ ਦਾ ਦਿਹਾਤੀ ਵੋਟ ਬੈਂਕ ਖਿਸਕਦਾ ਵੀ ਦਿਖਾਈ ਦੇ ਰਿਹਾ ਹੈ। ਸੂਬੇ ਦੇ ਕਈ ਸਿਆਸਤਦਾਨਾਂ ਨੇ ਆਪਣੇ ਧੀਆਂ-ਪੁੱਤਾਂ ਨੂੰ ਵੀ ਇਨ੍ਹਾਂ ਚੋਣਾਂ ਦੌਰਾਨ ਸਾਹਮਣੇ ਲਿਆਂਦਾ ਸੀ ਅਤੇ ਕੁਝ ਸਿਆਸਤਦਾਨਾਂ ਨੂੰ ਇਸ ਵਿੱਚ ਕਾਮਯਾਬੀ ਵੀ ਮਿਲੀ ਹੈ। ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਪੁੱਤਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਲੜਕੀ ਜਿੱਤਣ ਵਿੱਚ ਕਾਮਯਾਬ ਰਹੇ। ਮਾਝੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਅੰਦਰ ਅਕਾਲੀਆਂ ਨੂੰ ਨਮੋਸ਼ੀ ਝੱਲਣੀ ਪਈ। ਮਾਲਵੇ ਵਿੱਚ ਪਟਿਆਲਾ ਸਮੇਤ ਕਈ ਹੋਰ ਜ਼ਿਲ੍ਹੇ ਵੀ ਅਕਾਲੀਆਂ ਲਈ ਨਿਰਾਸ਼ਾਜਨਕ ਰਹੇ।
ਬਿਕਰਮ ਮਜੀਠੀਆ ਦੀ ਝੰਡੀ ਪਰ ਬਾਦਲ ਮੁਰਝਾਏ
ਸ਼੍ਰੋਮਣੀ ਅਕਾਲੀ ਦਲ ਦੇ ਚਰਚਿਤ ਨੇਤਾ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਦੇ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਪੰਚਾਇਤ ਸਮਿਤੀ ‘ਤੇ ਅਕਾਲੀ ਦਲ ਦਾ ਕਬਜ਼ਾ ਹੀ ਬਰਕਰਾਰ ਨਹੀਂ ਰਿਹਾ ਸਗੋਂ ਇਸ ਹਲਕੇ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਪੈਂਦੇ ਚਾਰੇ ਜ਼ੋਨਾਂ ‘ਤੇ ਵੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਜੱਦੀ ਵਿਧਾਨ ਸਭਾ ਹਲਕਿਆਂ ਲੰਬੀ ਅਤੇ ਜਲਾਲਬਾਦ ਤੋਂ ਬਿਨਾ ਅਕਾਲੀ ਦਲ ਦਾ ਮਾਲਵੇ ਵਿੱਚ ਸਫਾਇਆ ਹੋ ਗਿਆ।
ਸਰਕਾਰ ਦੀਆਂ ਨੀਤੀਆਂ ‘ਤੇ ਲੱਗੀ ਮੋਹਰ : ਅਮਰਿੰਦਰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਸ ਨੂੰ ਆਪਣੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਲਈ ਲੋਕਾਂ ਦਾ ਫ਼ਤਵਾ ਦੱਸਿਆ ਹੈ। ਉਨ੍ਹਾ ਕਿਹਾ ਕਿ ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ ਲਗਾਈ ਹੈ ਅਤੇ ਲੋਕਾਂ ਨੇ ਵਿਰੋਧੀ ਧਿਰ ਦੀ ਬਦਨੀਤੀ ਨੂੰ ਰੱਦ ਕਰ ਦਿੱਤਾ ਹੈ।
ਸ਼ਰੇਆਮ ਹੋਈ ਲੋਕਤੰਤਰ ਦੀ ਹੱਤਿਆ : ਪ੍ਰਕਾਸ਼ ਸਿੰਘ ਬਾਦਲ
ਸ੍ਰੀ ਮੁਕਤਸਰ ਸਾਹਿਬ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਚੋਣਾਂ ਦੌਰਾਨ ਸੂਬੇ ਅੰਦਰ ਵੱਡੀ ਪੱਧਰ ‘ਤੇ ਪੋਲਿੰਗ ਬੂਥਾਂ ‘ਤੇ ਹੋਏ ਕਬਜ਼ੇ ਸ਼ਰੇਆਮ ਲੋਕਤੰਤਰ ਦੀ ਹੱਤਿਆ ਦਾ ਸਬੂਤ ਹਨ ਅਤੇ ਅਜਿਹਾ ਸੁਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕੀਤਾ ਹੈ ਅਤੇ ਭਵਿੱਖ ਵਿਚ ਵੀ ਇਹ ਸੰਘਰਸ਼ ਜਾਰੀ ਰਹੇਗਾ।
ਕੈਪਟਨ ਨੇ ਡੰਡੇ ਦੇ ਜ਼ੋਰ ਨਾਲ ਜਿੱਤੀਆਂ ਚੋਣਾਂ : ਚੀਮਾ
ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਰਕਾਰ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਡੰਡੇ ਦੇ ਜ਼ੋਰ ‘ਤੇ ਜਿੱਤੀਆਂ ਹਨ। ਪੁਲਿਸ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਨੇ ਸੱਤਾਧਾਰੀ ਕਾਂਗਰਸ ਦੇ ਸੇਵਾ ਦਲ ਵਾਂਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨਹੀਂ ਸਗੋਂ ਲੋਕ ਅਤੇ ਲੋਕਤੰਤਰ ਹਾਰਿਆ ਹੈ।
ਕਾਂਗਰਸ ਨੇ ਲੋਕਤੰਤਰ ਦਾ ਬਣਾਇਆ ਮਜ਼ਾਕ : ਸੁਖਬੀਰ ਬਾਦਲ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ‘ਸਰਕਾਰੀ ਬਦਮਾਸ਼ੀ’ ਰਾਹੀਂ ਲੋਕਾਂ ਦੇ ਫ਼ਤਵੇ ਦਾ ਗਲਾ ਘੁੱਟ ਕੇ ਲੋਕਤੰਤਰ ਦਾ ਮਜ਼ਾਕ ਬਣਾ ਦਿੱਤਾ ਤੇ ਪੂਰੀ ਦੁਨੀਆ ‘ਚ ਪੰਜਾਬ ਨੂੰ ਬਦਨਾਮ ਕਰਨ ਲਈ ਉਹ ਕਾਂਗਰਸ ਦੀ ਸਖ਼ਤ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਅਪਮਾਨਜਨਕ ਹੈ, ਪਰ ਇਹ ਸਾਬਿਤ ਕਰਦਾ ਹੈ ਕਿ ਕਾਂਗਰਸ ਕਿੰਨੀ ਜਲਦੀ ਲੋਕਾਂ ਦਾ ਭਰੋਸਾ ਗੁਆ ਬੈਠੀ ਹੈ।
ਵਜ਼ੀਰਾਂ ਦੇ ਲਾਡਲਿਆਂ ‘ਚ ਹੁਣ ਚੇਅਰਮੈਨੀਆਂ ਲਈ ਹੋਵੇਗਾ ਸਿਆਸੀ ਦੰਗਲ
ਬਠਿੰਡਾ : ਕੈਬਨਿਟ ਵਜ਼ੀਰਾਂ ਤੇ ਵਿਧਾਇਕਾਂ ਦੇ ਲਾਡਲੇ ਹੁਣ ਚੇਅਰਮੈਨੀਆਂ ਲਈ ਸਿਆਸੀ ਦੰਗਲ ਲੜਨਗੇ। ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿੱਚ ਤਾਂ ਜਿੱਤ ਹਾਸਲ ਹੋ ਗਈ ਹੈ, ਪਰ ਹੁਣ ਵਿਧਾਇਕ ਤੇ ਵਜ਼ੀਰ ਆਪਣੇ ਸਿਆਸੀ ਵਾਰਸਾਂ ਨੂੰ ਚੇਅਰਮੈਨੀਆਂ ਦਿਵਾਉਣ ਲਈ ਸਿਆਸੀ ਜੰਗ ਲੜਨਗੇ। ਮਾਨਸਾ ਪਰਿਸ਼ਦ ਦੀ ਚੇਅਰਮੈਨੀ ਲਈ ਵੱਡਾ ਘਮਸਾਣ ਪਵੇਗਾ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬਿਕਰਮ ਮੋਫਰ, ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਦਾ ਪੋਤਾ ਅਰਸ਼ਦੀਪ ਸਿੰਘ ਤੇ ਸਾਬਕਾ ਮੰਤਰੀ ਬਲਦੇਵ ਸਿੰਘ ਖ਼ਿਆਲਾ ਦਾ ਪੋਤਰਾ ਬੱਬਲਜੀਤ ਸਿੰਘ ਜ਼ਿਲ੍ਹਾ ਪਰਿਸ਼ਦ ਦੀ ਚੋਣ ਜਿੱਤ ਗਏ ਹਨ। ਮਾਨਸਾ ਪਰਿਸ਼ਦ ਦੀ ਚੇਅਰਮੈਨੀ ਪਿਛਲੀ ਵਾਰ ਜਨਰਲ ਵਰਗ ਲਈ ਸੀ। ਕਾਂਗਰਸੀ ਨੇਤਾ ਪਹਿਲਾਂ ਚੇਅਰਮੈਨੀ ਨੂੰ ਜਨਰਲ ਕਰਾਉਣ ਲਈ ਤਰਲੋਮੱਛੀ ਹੋਣਗੇ। ਚੇਅਰਮੈਨੀ ਲਈ ਸਾਬਕਾ ਵਿਧਾਇਕ ਅਜੀਤਇੰਦਰ ਮੋਫਰ ਦੇ ਪੁੱਤ ਬਿਕਰਮ ਮੋਫਰ ਤੇ ਸਾਬਕਾ ਮੰਤਰੀ ਗਾਗੋਵਾਲ ਦੇ ਪੋਤਰੇ ਅਰਸ਼ਦੀਪ ਸਿੰਘ ਦਰਮਿਆਨ ਚੇਅਰਮੈਨੀ ਲਈ ਸਿਆਸੀ ਖਿੱਚ-ਧੂਹ ਹੋਣ ਦੀ ਸੰਭਾਵਨਾ ਹੈ। ਮੁਕਤਸਰ ਪਰਿਸ਼ਦ ਦੀ ਚੇਅਰਮੈਨੀ ਲਈ ਵਿਧਾਇਕ ਪ੍ਰੀਤਮ ਕੋਟਭਾਈ ਆਪਣੀ ਪਤਨੀ ਪਰਮਜੀਤ ਕੌਰ ਨੂੰ ਕੁਰਸੀ ‘ਤੇ ਬਿਠਾਉਣ ਲਈ ਜ਼ੋਰ-ਅਜ਼ਮਾਈ ਕਰਨਗੇ। ਦੂਜੀ ਪਾਸੇ, ਮੁਕਾਬਲੇ ਵਿੱਚ ਵਿਧਾਇਕ ਰਾਜਾ ਵੜਿੰਗ ਆਪਣੇ ਨੇੜਲੇ ਨਰਿੰਦਰ ਸਿੰਘ ਕਾਉਣੀ ਲਈ ਵਾਹ ਲਾਏਗਾ। ਫ਼ਿਰੋਜ਼ਪੁਰ ਪਰਿਸ਼ਦ ਦੀ ਚੇਅਰਮੈਨੀ ਪਿਛਲੀ ਵਾਰ ਪੱਛੜੀ ਸ਼੍ਰੇਣੀ ਲਈ ਰਾਖਵੀਂ ਸੀ। ਹੁਣ ਵਿਧਾਇਕਾ ਸਤਿਕਾਰ ਕੌਰ ਦੇ ਪਤੀ ਲਾਡੀ ਗਹਿਰੀ ਚੋਣ ਜਿੱਤੇ ਗਏ ਹਨ, ਜਿਸ ਕਰਕੇ ਵਿਧਾਇਕਾ ਵੱਲੋਂ ਚੇਅਰਮੈਨੀ ਐਤਕੀਂ ਐਸਸੀ ਵਰਗ ਲਈ ਰਾਖਵੀਂ ਕਰਾਉਣ ਲਈ ਜ਼ੋਰ ਲਾਇਆ ਜਾਵੇਗਾ ਤਾਂ ਜੋ ਗਹਿਰੀ ਚੇਅਰਮੈਨ ਦੀ ਕੁਰਸੀ ‘ਤੇ ਬੈਠ ਸਕਣ। ਜ਼ਿਲ੍ਹਾ ਕਾਂਗਰਸ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਚੋਣ ਹਾਰ ਗਏ ਹਨ, ਜਿਸ ਕਰਕੇ ਵਿਧਾਇਕਾ ਦੇ ਰਾਹ ਸੁਖਾਲੇ ਹੋ ਗਏ ਹਨ। ਫ਼ਾਜ਼ਿਲਕਾ ਪਰਿਸ਼ਦ ਦੀ ਚੇਅਰਮੈਨੀ ਲਈ ਸਾਬਕਾ ਮੰਤਰੀ ਮਹਿੰਦਰ ਸਿੰਘ ਰਿਣਵਾਂ ਤੇ ਹੰਸ ਰਾਜ ਜੋਸ਼ਨ ਵਿਚਾਲੇ ਮੁਕਾਬਲਾ ਹੋਣਾ ਹੈ, ਕਿਉਂਕਿ ਦੋਵੇਂ ਆਗੂਆਂ ਦੇ ਪੁੱਤ ਚੋਣ ਜਿੱਤ ਗਏ ਹਨ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …