ਉਲੰਪਿਕ ’ਚ ਭਾਰਤ ਨੇ ਅਰਜਨਟੀਨਾ ਨੂੰ 3-1 ਨਾਲ ਹਰਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਜਪਾਨ ਦੀ ਰਾਜਧਾਨੀ ਟੋਕੀਓ ਵਿਚ ਉਲੰਪਿਕ ਖੇਡਾਂ ਚੱਲ ਰਹੀਆਂ ਹਨ ਅਤੇ ਭਾਰਤੀ ਖਿਡਾਰੀਆਂ ਵਲੋਂ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਨੇ ਅੱਜ ਅਰਜਨਟਾਈਨਾ ਨੂੰ 3-1 ਦੇ ਫਰਕ ਨਾਲ ਹਰਾ ਦਿੱਤਾ ਅਤੇ ਕੁਆਰਟਰ ਫਾਈਨਲ ’ਚ ਦਾਖਲਾ ਲੈ ਲਿਆ ਹੈ। ਧਿਆਨ ਰਹੇ ਕਿ ਭਾਰਤੀ ਟੀਮ ਨੇ ਪਹਿਲਾਂ ਨਿਊਜ਼ੀਲੈਂਡ ਅਤੇ ਸਪੇਨ ਨੂੰ ਹਰਾਇਆ ਸੀ ਅਤੇ ਆਸਟਰੇਲੀਆ ਹੱਥੋਂ ਹਾਰ ਗਈ ਸੀ। ਭਾਰਤ ਨੇ ਹੁਣ ਅਗਲਾ ਮੈਚ 30 ਜੁਲਾਈ ਨੂੰ ਜਪਾਨ ਨਾਲ ਖੇਡਣਾ ਹੈ। ਦੂਜੇ ਪਾਸੇ ਭਾਰਤ ਦੀ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੇ ਟੋਕੀਓ ਉਲੰਪਿਕ ਦੌਰਾਨ ਮਹਿਲਾ ਸਿੰਗਲਜ਼ ਬੈਡਮਿੰਟਨ ਮੁਕਾਬਲੇ ਵਿੱਚ ਡੈਨਮਾਰਕ ਦੀ ਖਿਡਾਰਨ ਨੂੰ ਹਰਾ ਦਿੱਤਾ ਅਤੇ ਕੁਆਟਰ ਫਾਈਨਲ ਪ੍ਰਵੇਸ਼ ਕਰ ਲਿਆ। ਕੁਆਰਟਰ ਫਾਈਨਲ ਵਿੱਚ ਸਿੰਧੂ ਦੀ ਟੱਕਰ ਵੀ ਜਪਾਨ ਦੀ ਖਿਡਾਰਨ ਅਕਾਨੇ ਯਾਮਾਗੁਚੀ ਨਾਲ ਹੋਵੇਗੀ। ਇਸੇ ਤਰ੍ਹਾਂ ਭਾਰਤ ਦੇ ਸੁਪਰ ਹੈਵੀਵੇਟ ਮੁੱਕੇਬਾਜ਼ ਸਤੀਸ਼ ਕੁਮਾਰ ਨੇ ਜਮਾਇਕਾ ਦੇ ਮੁੱਕੇਬਾਜ਼ ਰਿਕਾਰਡੋ ਬ੍ਰਾਊਨ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਦਾਖਲਾ ਲੈ ਲਿਆ। ਸਤੀਸ਼ ਨੇ ਮੁਕਾਬਲਾ 4-1 ਨਾਲ ਜਿੱਤਿਆ। ਭਾਰਤ ਵਾਸੀਆਂ ਨੂੰ ਉਮੀਦ ਹੈ ਕਿ ਭਾਰਤੀ ਖਿਡਾਰੀ ਉਲੰਪਿਕ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੈਡਲ ਜ਼ਰੂਰ ਹਾਸਲ ਕਰਨਗੇ।