15 ਦਸੰਬਰ ਤੋਂ 15 ਜਨਵਰੀ ਤੱਕ ਟੌਲ ਪਲਾਜ਼ੇ ਮੁਫਤ ਕਰਨ ਦਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬੇ ਵਿੱਚ ਨੌਂ ਡਿਪਟੀ ਕਮਿਸ਼ਨਰ ਦਫ਼ਤਰਾਂ ਮੂਹਰੇ ਲੱਗੇ ਪੱਕੇ ਮੋਰਚੇ ਜਾਰੀ ਹਨ। ਇਸੇ ਦੌਰਾਨ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੇ ਪੰਜਾਬ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਮੂਹਰੇ ਰੋਸ ਪ੍ਰਦਰਸ਼ਨ ਕੀਤੇ ਅਤੇ ਛੇ ਵਿਧਾਇਕਾਂ ਦੇ ਘਰ ਪਹੁੰਚ ਕੇ ਮੰਗ ਪੱਤਰ ਸੌਂਪੇ।
ਕਿਸਾਨ ਆਗੂ ਸਤਨਾਮ ਸਿੰਘ ਪੰਨੂ ਤੇ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਮੰਤਰੀ ਇੰਦਰਬੀਰ ਸਿੰਘ ਨਿੱਝਰ, ਤਰਨਤਾਰਨ ਵਿੱਚ ਲਾਲਜੀਤ ਭੁੱਲਰ, ਗੁਰਦਾਸਪੁਰ ਵਿੱਚ ਲਾਲ ਚੰਦ ਕਟਾਰੂਚੱਕ, ਹੁਸ਼ਿਆਰਪੁਰ ਵਿੱਚ ਬ੍ਰਹਮ ਸ਼ੰਕਰ ਜਿੰਪਾ, ਫਿਰੋਜ਼ਪੁਰ ਵਿੱਚ ਫੌਜਾ ਸਿੰਘ ਸਰਾਰੀ, ਜਲਾਲਾਬਾਦ ਵਿੱਚ ਜਗਦੀਪ ਕੰਬੋਜ, ਫਾਜ਼ਿਲਕਾ ਵਿੱਚ ਨਰਿੰਦਰਪਾਲ ਸਿੰਘ ਸਵਨਾ, ਮੋਗਾ ਵਿੱਚ ਅਮਨਪ੍ਰੀਤ ਕੌਰ ਅਰੋੜਾ, ਨਕੋਦਰ ਵਿੱਚ ਇੰਦਰਬੀਰ ਕੌਰ ਦੇ ਘਰਾਂ ਅੱਗੇ ਧਰਨੇ ਦਿੱਤੇ ਤੇ ਡਾ. ਬਲਜੀਤ ਕੌਰ, ਲਾਭ ਸਿੰਘ ਉਗੋਕੇ, ਵਿਜੈ ਕੁਮਾਰ ਸਿੰਗਲਾ, ਗੁਰਪ੍ਰੀਤ ਸਿੰਘ ਬਣਾਂਵਾਲੀ, ਗੁਰਦੇਵ ਸਿੰਘ ਮਾਨ, ਹਰਪ੍ਰੀਤ ਸਿੰਘ ਡੇਰਾਬੱਸੀ ਨੂੰ ਮੰਗ ਪੱਤਰ ਦਿੱਤੇ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ 15 ਦਸੰਬਰ ਤੋਂ 15 ਜਨਵਰੀ ਤੱਕ ਟੌਲ ਪਲਾਜ਼ੇ ਮੁਫਤ ਕੀਤੇ ਜਾਣਗੇ ਤੇ ਡੀ.ਸੀ. ਦਫ਼ਤਰਾਂ ਅੱਗੇ ਧਰਨੇ ਨਿਰੰਤਰ ਜਾਰੀ ਰਹਿਣਗੇ।