ਅੰਦੋਲਨ ਦੌਰਾਨ ਹੁਣ ਤੱਕ 9 ਕਿਸਾਨਾਂ ਦੀ ਜਾ ਚੁੱਕੀ ਹੈ ਜਾਨ
ਚੰਡੀਗੜ੍ਹ/ਬਿਊਰੋ ਨਿਊਜ਼
ਕਿਸਾਨ ਅੰਦੋਲਨ ਦੌਰਾਨ ਖਨੌਰੀ ਦੇ ਬਾਰਡਰ ’ਤੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਇਕ ਹੋਰ ਕਿਸਾਨ ਬਲਦੇਵ ਸਿੰਘ ਸ਼ਹੀਦ ਹੋ ਗਿਆ ਹੈ। ਕਿਸਾਨ ਅੰਦੋਲਨ-2 ਨੂੰ ਸ਼ੁਰੂ ਹੋਇਆਂ ਅੱਜ 11 ਮਾਰਚ ਨੂੰ 28 ਦਿਨ ਹੋ ਚੁੱਕੇ ਹਨ। ਪੰਜਾਬ ਅਤੇ ਹਰਿਆਣਾ ਦੇ ਖਨੌਰੀ ਅਤੇ ਸ਼ੰਭੂ ਦੇ ਬਾਰਡਰ ’ਤੇ ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। ਧਿਆਨ ਰਹੇ ਕਿ ਲੰਘੀ 13 ਫਰਵਰੀ ਨੂੰ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਕਿਸਾਨੀ ਸਬੰਧੀ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨਾ ਸੀ, ਪਰ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਹਰਿਆਣਾ ਦੀ ਪੁਲਿਸ ਵਲੋਂ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਉਸੇ ਦਿਨ ਤੋਂ ਕਿਸਾਨ ਇਨ੍ਹਾਂ ਦੋਵੇਂ ਬਾਰਡਰਾਂ ’ਤੇ ਧਰਨਾ ਲਗਾ ਕੇ ਬੈਠੇ ਹੋਏ ਹਨ। ਇਸਦੇ ਚੱਲਦਿਆਂ ਭਾਰਤੀ ਕਿਸਾਨ ਯੂੁਨੀਅਨ (ਕ੍ਰਾਂਤੀਕਾਰੀ) ਦੇ ਆਗੂ ਬਲਦੇਵ ਸਿੰਘ ਵੀ ਪਿਛਲੇ ਕਈ ਦਿਨਾਂ ਤੋਂ ਖਨੌਰੀ ਬਾਰਡਰ ’ਤੇ ਡਟੇ ਹੋਏ ਸਨ। ਇਸੇ ਦੌਰਾਨ ਕਿਸਾਨ ਆਗੂ ਬਲਦੇਵ ਸਿੰਘ ਨੂੰ ਸਾਹ ਲੈਣ ਵਿਚ ਤਕਲੀਫ ਹੋਈ ਅਤੇ ਉਸ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਅਤੇ ਇਲਾਜ ਦੌਰਾਨ ਹੀ ਕਿਸਾਨ ਦੀ ਜਾਨ ਚਲੇ ਗਈ ਹੈ। ਜ਼ਿਕਰਯੋਗ ਹੈ ਕਿ ਇਸ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 9 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ।