ਦਸੂਹਾ/ਬਿਊਰੋ ਨਿਊਜ਼ : ਸੋਮਵਾਰ ਨੂੰ ਟੋਲ ਪਲਾਜ਼ਾ ਚੌਲਾਂਗ ਵਿਖੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਉਥੋਂ ਲੰਘ ਰਹੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਅਚਾਨਕ ਹਮਲਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ। ਜਿੱਥੋਂ ਉਨ੍ਹਾਂ ਦੇ ਸੁਰੱਖਿਆ ਅਮਲੇ ਵਲੋਂ ਸੁਰੱਖਿਅਤ ਹਾਲਤ ‘ਚ ਡੀ.ਐੱਸ.ਪੀ. ਦਫ਼ਤਰ ਦਸੂਹਾ ਵਿਖੇ ਲਿਆਂਦਾ ਗਿਆ। ਉਨ੍ਹਾਂ ‘ਤੇ ਹੋਏ ਇਸ ਹਮਲੇ ਦੀ ਸੂਚਨਾ ਮਿਲਦਿਆਂ ਹੀ ਭਾਜਪਾ ਦੇ ਆਗੂਆਂ ਨੇ ਦਸੂਹਾ ਵਿਖੇ ਰਾਸ਼ਟਰੀ ਰਾਜ ਮਾਰਗ ‘ਤੇ ਆਵਾਜਾਈ ਠੱਪ ਕਰ ਦਿੱਤੀ। ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਉਹ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਸਮਾਪਤ ਕਰਕੇ ਪਠਾਨਕੋਟ ਨੂੰ ਜਾ ਰਹੇ ਸਨ ਕਿ ਭੋਗਪੁਰ ਲੰਘਣ ਉਪਰੰਤ ਜਦੋਂ ਉਹ ਟੋਲ ਪਲਾਜ਼ਾ ਚੌਲਾਂਗ ਕੋਲ ਪਹੁੰਚੇ ਤਾਂ ਮੇਰੇ ਨਾਲ ਬੈਠੇ ਮੁੰਡਿਆਂ ਨੇ ਦੱਸਿਆ ਕਿ ਉਨ੍ਹਾਂ ਪਿੱਛੇ ਦੋ ਕਾਰਾਂ ਲੱਗੀਆਂ ਹੋਈਆਂ ਹਨ। ਟੋਲ ਪਲਾਜ਼ਾ ਵਿਖੇ ਆ ਕੇ ਉਹ ਮੇਰੀ ਗੱਡੀ ਅੱਗੇ ਆ ਕੇ ਰੁਕ ਗਏ ਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਮੇਰੀ ਗੱਡੀ ‘ਤੇ ਪੱਥਰ ਮਾਰ ਕੇ ਗੱਡੀ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਪੰਜਾਬ ਸਰਕਾਰ ਹੁਣ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਵਧਾ ਦਿੱਤੀ ਹੈ । ਉਨ੍ਹਾਂ ਦੀ ਸੁਰੱਖਿਆ ਲਈ 16 ਪੁਲਿਸ ਮੁਲਾਜ਼ਮ ਲਾਏ ਗਏ ਹਨ।
ਅਮਨ ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ : ਕੈਪਟਨ ઠઠ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹੋਏ ਹਮਲੇ ਬਾਰੇ ਡੀਜੀਪੀ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਦੋਸ਼ੀਆਂ ਦੀ ਸ਼ਨਾਖ਼ਤ ਕਰ ਕੇ ਫੌਰੀ ਐਕਸ਼ਨ ਲਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਵੀ ਅਮਨ ਸ਼ਾਂਤੀ ਭੰਗ ਕਰਨ ਅਤੇ ਕਾਨੂੰਨ ਨੂੰ ਹੱਥਾਂ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਭਾਜਪਾ ਪ੍ਰਧਾਨ ‘ਤੇ ਹਮਲਾ ਮੈਂ ਕਰਵਾਇਆ : ਬਿੱਟੂ
ਮਾਛੀਵਾੜਾ : ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ‘ਚ ਨਿੱਤਰਦਿਆਂ ਕਿਹਾ ਕਿ ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਜੋ ਹਮਲਾ ਹੋਇਆ ਉਸਦੀ ਜ਼ਿੰਮੇਵਾਰੀ ਉਹ ਲੈਂਦੇ ਹਨ, ਇਸ ਲਈ ਕਿਸਾਨਾਂ ‘ਤੇ ਪਰਚਾ ਦਰਜ ਕਰਨ ਦੀ ਥਾਂ ਬੇਸ਼ੱਕ ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਕਰਵਾ ਦਿੱਤੀ ਜਾਵੇ। ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ‘ਚ ਖੇਤੀਬਾੜੀ ਬਿੱਲਾਂ ਖ਼ਿਲਾਫ਼ ਰੋਸ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਭਾਜਪਾ ਪ੍ਰਧਾਨ ‘ਤੇ ਹਮਲਾ ਹੋਇਆ। ਇੱਕ ਪਾਸੇ ਤਾਂ ਕਿਸਾਨ ਆਪਣੇ ਹੱਕਾਂ ਲਈ ਰੇਲ ਪਟੜੀਆਂ, ਸੜਕਾਂ ‘ਤੇ ਧਰਨਾ ਲਗਾ ਰਹੇ ਹਨ ਅਤੇ ਦੂਜੇ ਪਾਸੇ ਭਾਜਪਾ ਆਗੂ ਉਨ੍ਹਾਂ ਕੋਲੋਂ ਹੂਟਰ ਮਾਰਦਿਆਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਅੱਗੇ ਵੀ ਜੇਕਰ ਕਿਸੇ ਭਾਜਪਾ ਆਗੂ ਤੇ ਅਜਿਹੀ ਹਰਕਤ ਕਰਨ ਮਗਰੋਂ ਹਮਲਾ ਹੁੰਦਾ ਹੈ ਤਾਂ ਉਸ ਲਈ ਵੀ ਜ਼ਿੰਮੇਵਾਰ ਰਵਨੀਤ ਸਿੰਘ ਬਿੱਟੂ ਹੋਵੇਗਾ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …