Breaking News
Home / ਪੰਜਾਬ / ਐਨ ਆਰ ਆਈ ਲੇਖਿਕਾਵਾਂ ਭਿੰਦਰ ਜਲਾਲਾਬਾਦੀ ਤੇ ਅਮਰ ਜਿਉਤੀ ਨਾਲ ਹੋਈ ਸਾਹਿਤਕ ਮਿਲਣੀ

ਐਨ ਆਰ ਆਈ ਲੇਖਿਕਾਵਾਂ ਭਿੰਦਰ ਜਲਾਲਾਬਾਦੀ ਤੇ ਅਮਰ ਜਿਉਤੀ ਨਾਲ ਹੋਈ ਸਾਹਿਤਕ ਮਿਲਣੀ

ਯੂ.ਕੇ. ‘ਚ ਏਸ਼ੀਅਨ ਮੂਲ ਦੀਆਂ ਔਰਤਾਂ ਦਾ ਜੀਵਨ ਪਰਿਵਾਰਕ ਦੇ ਸਮਾਜਿਕ ਤੌਰ ‘ਤੇ ਸੰਘਰਸ਼ਮਈ : ਭਿੰਦਰ ਜਲਾਲਾਬਾਦੀ
ਸਰੀਰਕ ਤੌਰ ‘ਤੇ ਵਿਦੇਸ਼ ਹਾਂ, ਮਾਨਸਿਕ ਤੌਰ ‘ਤੇ ਪੰਜਾਬ ਦੇ ਪਿੰਡਾਂ ‘ਚ ਹੀ ਵਿਚਰਦੀ ਹਾਂ : ਅਮਰ ਜਿਉਤੀ
ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੇ ਸਬੰਧ ਵਿਚ ਉਚੇਚੇ ਤੌਰ ‘ਤੇ ਯੂ.ਕੇ. ਤੋਂ ਪੰਜਾਬ ਦੀ ਧਰਤੀ ‘ਤੇ ਆਏ ਦੋ ਐਨ ਆਰ ਆਈਜ਼ ਲੇਖਿਕਾਵਾਂ ਭਿੰਦਰ ਜਲਾਲਾਬਾਦੀ ਤੇ ਡਾ. ਅਮਰ ਜਿਉਤੀ ਦਾ ਚੰਡੀਗੜ੍ਹ ਦੇ ਸਾਹਿਤਕਾਰਾਂ ਨੇ ਨਿੱਘਾ ਸਵਾਗਤ ਕੀਤਾ। ਪ੍ਰਸਿੱਧ ਕਹਾਣੀਕਾਰ ਤੇ ਉਘੇ ਲੇਖਕ ਜਸਬੀਰ ਭੁੱਲਰ ਹੋਰਾਂ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਸਾਹਿਤਕ ਮਹਿਫਲ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਸਜਾਈ ਗਈ। ਇਸ ਮੌਕੇ ‘ਤੇ ਜਿੱਥੇ ਕਵਿਤਾਵਾਂ ਦਾ ਅਦਾਨ ਪ੍ਰਦਾਨ ਹੋਇਆ, ਉਥੇ ਪੰਜਾਬੀ ਸਾਹਿਤ, ਸਿਰਜਣਾ ਨੂੰ ਲੈ ਕੇ ਪੰਜਾਬ ਤੋਂ ਵਿਦੇਸ਼ ਤੱਕ ਇਸਦੀ ਪਹੁੰਚ ਦਾ ਕਿੱਸਾ ਵੀ ਛੂਹਿਆ ਗਿਆ। ਇਸ ਸਾਹਿਤਕ ਮਿਲਣੀ ਦੌਰਾਨ ਖੁੱਲ੍ਹ ਕੇ ਗੱਲਾਂ ਕਰਦਿਆਂ ਸ਼ਾਇਰਾ ਭਿੰਦਰ ਜਲਾਲਾਬਾਦੀ ਨੇ ਆਖਿਆ ਕਿ ਮੈਂ ਆਪਣੀਆਂ ਲਿਖਤਾਂ ਹਕੀਕਤ ਵਿਚੋਂ ਭਾਲ ਲੈਂਦੀ ਹਾਂ, ਉਨ੍ਹਾਂ ਆਖਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਤਾਂ ਅਸੀਂ ਮਨਾਇਆ ਹੈ, ਪਰ ਔਰਤ ਚਾਹੇ ਪੰਜਾਬ ਦੀ ਹੋਵੇ ਤੇ ਚਾਹੇ ਪੰਜਾਬ ਤੋਂ ਉਠ ਕੇ ਵਿਦੇਸ਼ ਪਹੁੰਚ ਗਈ ਹੋਵੇ, ਉਸਦੀਆਂ ਮੁਸ਼ਕਲਾਂ ਖਤਮ ਨਹੀਂ ਹੁੰਦੀਆਂ। ਉਨ੍ਹਾਂ ਆਖਿਆ ਕਿ ਮੈਂ ਯੂ.ਕੇ. ਵਿਚ ਵੀ ਤੱਕਿਆ ਹੈ ਕਿ ਏਸ਼ੀਅਨ ਮੂਲ ਦੀਆਂ ਔਰਤਾਂ ਦਾ ਜੀਵਨ ਪਰਿਵਾਰਕ ਅਤੇ ਸਮਾਜਿਕ ਤੌਰ ‘ਤੇ ਸੰਘਰਸ਼ਮਈ ਹੈ। ਇਸੇ ਪ੍ਰਕਾਰ ਆਪਣੀ ਲੇਖਣੀ ਦੇ ਹਵਾਲੇ ਨਾਲ ਗੱਲ ਕਰਦਿਆਂ ਡਾ. ਅਮਰ ਜਿਉਤੀ ਨੇ ਆਖਿਆ ਕਿ ਭਾਗਾਂ ਵਾਲੇ ਹਾਂ ਕਿ 550 ਸਾਲਾ ਸਮਾਗਮਾਂ ਵਿਚ ਸ਼ਿਰਕਤ ਕਰਨ ਦਾ ਸੁਭਾਗ ਹਾਸਲ ਹੋਇਆ ਹੈ। ਉਨ੍ਹਾਂ ਆਖਿਆ ਕਿ ਮੈਂ ਸਰੀਰਕ ਤੌਰ ‘ਤੇ ਤਾਂ ਵਿਦੇਸ਼ ਵਸੀ ਹੋਈ ਹਾਂ, ਪਰ ਮੇਰਾ ਮਨ ਸਵੇਰ ਤੋਂ ਲੈ ਕੇ ਰਾਤ ਦੇ ਸੁਪਨਿਆਂ ਤੱਕ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਵਿਚ ਹੀ ਚੱਕਰ ਖਾਂਦਾ ਰਹਿੰਦਾ ਹੈ। ਇਸ ਮੌਕੇ ਸਜੀ ਵਿਸ਼ੇਸ਼ ਕਾਵਿ ਮਹਿਫਲ ਦੀ ਸ਼ੁਰੂਆਤ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਹੋਰਾਂ ਨੇ ਬਾਬੇ ਨਾਨਕ ਦੀਆਂ ਸਿੱਖਿਆਵਾਂ ‘ਤੇ ਅਧਾਰਿਤ ਨਜ਼ਮ ਨਾਲ ਕੀਤੀ। ਇਸੇ ਤਰ੍ਹਾਂ ਡਾ. ਮਨਪ੍ਰੀਤ ਕੌਰ, ਦੀਪਕ ਸ਼ਰਮਾ ਚਨਾਰਥਲ, ਡਾ. ਅਮਰ ਜਿਉਤੀ, ਭਿੰਦਰ ਜਲਾਲਾਬਾਦੀ ਤੇ ਜਸਬੀਰ ਭੁੱਲਰ ਹੋਰਾਂ ਨੇ ਵੀ ਆਪੋ-ਆਪਣੀਆਂ ਨਜ਼ਮਾਂ, ਗਜ਼ਲਾਂ ਅਤੇ ਸ਼ੇਅਰ ਨਾਲ ਜਿੱਥੇ ਹਾਜ਼ਰੀ ਭਰੀ, ਉਥੇ ਹੀ ਪ੍ਰਧਾਨਗੀ ਭਾਸ਼ਣ ਵਜੋਂ ਆਪਣੀ ਗੱਲ ਰੱਖਦਿਆਂ ਜਸਬੀਰ ਭੁੱਲਰ ਨੇ ਕਿਹਾ ਕਿ ਸੁੱਚੇ ਤੇ ਅਨਮੋਲ ਸ਼ਬਦਾਂ ਵਿਚ ਐਨੀ ਤਾਕਤ ਹੁੰਦੀ ਹੈ ਕਿ ਉਹ ਬਿਨਾ ਹਥਿਆਰਾਂ ਤੋਂ ਵੀ ਜੰਗ ਜਿਤਾ ਦਿੰਦੇ ਹਨ। ਇਸ ਸਾਹਿਤਕ ਮਿਲਣੀ ਦਾ ਆਯੋਜਨ ਕਰਨ ਵਾਲੀ ਟੀਮ ਨੂੰ ਵੀ ਜਸਬੀਰ ਭੁੱਲਰ ਹੋਰਾਂ ਨੇ ਵਧਾਈ ਦਿੱਤੀ। ਸਮੁੱਚੇ ਸਮਾਗਮ ਦੀ ਸਮੀਖਿਆ ਦਵਿੰਦਰ ਸਿੰਘ ਹੋਰਾਂ ਨੇ ਅਖੀਰ ਵਿਚ ਰੱਖਦਿਆਂ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਮਨਿੰਦਰ ਸਿੰਘ ਢਿੱਲੋਂ, ਸੰਜੀਵ ਮਾਹੀ, ਰਾਜਬੀਰ ਸਿੰਘ ਅਤੇ ਇੰਦਰਬੀਰ ਸਿੰਘ ਢਿੱਲੋਂ ਸਣੇ ਹੋਰ ਉਘੇ ਲੇਖਕ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …