ਸਿੱਧੂ ਬਾਰੇ ਕਿਆਸਅਰਾਈਆਂ ਦਾ ਬਜ਼ਾਰ ਗਰਮ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਪੰਜਾਬ ਵਿਚ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਕੋਈ ਸਿੱਖ ਚਿਹਰਾ ਹੀ ਹੋਵੇਗਾ। ਉਦੋਂ ਤੋਂ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਅਜਿਹਾ ਕਿਹੜਾ ਆਗੂ ਹੈ ਜੋ ਆਪ ਵਿਚ ਜਾ ਸਕਦਾ ਹੈ। ਹੁਣ ਚਰਚਾ ਚੱਲ ਰਹੀ ਹੈ ਕਿ ਇਹ ਨਵਜੋਤ ਸਿੰਘ ਸਿੱਧੂ ਹੋ ਸਕਦੇ ਹਨ? ਲੰਘੇ ਕੱਲ੍ਹ ਸਿੱਧੂ ਨੇ ਜੋ ਟਵੀਟ ਕੀਤਾ ਹੈ ਉਸ ਤੋਂ ਤਾਂ ਇਹੀ ਪ੍ਰਤੀਤ ਹੋ ਰਿਹਾ ਹੈ। ਇਹੀ ਨਹੀਂ, ਉਨ੍ਹਾਂ ਨੇ 2017 ਦੀ ਆਮ ਆਦਮੀ ਪਾਰਟੀ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਨਵਜੋਤ ਸਿੱਧੂੁ ਨੇ ਆਪਣੇ ਟਵੀਟ ਵਿਚ ਕਿਹਾ ਸੀ ਕਿ ਸਾਡੀ ਵਿਰੋਧੀ ਪਾਰਟੀ ਆਪ ਨੇ ਹਮੇਸ਼ਾ ਮੇਰੇ ਵਿਜ਼ਨ ਤੇ ਪੰਜਾਬ ਲਈ ਕੀਤੇ ਗਏ ਮੇਰੇ ਕੰਮਾਂ ਨੂੰ ਮੰਨਿਆ ਹੈ। 2017 ਤੋਂ ਪਹਿਲਾਂ ਬੇਅਦਬੀ ਦੀ ਗੱਲ ਹੋਵੇ ਜਾਂ ਡਰੱਗਸ ਦੀ, ਕਿਸਾਨੀ ਮੁੱਦਿਆਂ ਦੀ ਗੱਲ ਹੋਵੇ ਜਾਂ ਬਿਜਲੀ ਸੰਕਟ ਦੀ, ਮੇਰੇ ਕੰਮ ਨੂੰ ਮਹੱਤਵ ਦਿੱਤਾ ਹੈ। ਅੱਜ ਜੋ ਮੈਂ ਪੰਜਾਬ ਮਾਡਲ ਪੇਸ਼ ਕਰਦਾ ਹਾਂ ਤਾਂ ਉਸ ’ਤੇ ਆਮ ਆਦਮੀ ਪਾਰਟੀ ਦੀ ਮੇਰੇ ਨਾਲ ਸਹਿਮਤੀ ਰਹੀ ਹੈ। ਇਹ ਸਪੱਸ਼ਟ ਹੈ ਕਿ ਉਹ ਜਾਣਦੇ ਹਨ ਕਿ ਅਸਲ ਵਿਚ ਕੌਣ ਪੰਜਾਬ ਦੇ ਹਿੱਤਾਂ ਲਈ ਲੜ ਰਿਹਾ ਹੈ।’ ਇਸੇ ਦੌਰਾਨ ਸਿੱਧੂ ਦੇ ਇਸ ਟਵੀਟ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਨੂੰ ਪਤਾ ਹੈ ਕਿ ਅਸਲ ਵਿਚ ਪੰਜਾਬ ਦੀ ਲੜਾਈ ਕੌਣ ਲੜ ਰਿਹਾ ਹੈ ਅਤੇ ਤੁਸੀਂ ਘੱਟੋ-ਘੱਟ ਸਾਡੇ ਮੁੱਦਿਆਂ ਨੂੰ ਤਾਂ ਉਠਾਓ। ਸਿੱਧੂ ਦੇ ਆਪ ਵਿਚ ਜਾਣ ਦੀਆਂ ਅਟਕਲਾਂ ਇਸ ਲਈ ਵੀ ਲਾਈਆਂ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਦੇ ਕਰੀਬੀ ਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੀ ਆਪ ਵਿਚ ਸ਼ਾਮਲ ਹੋ ਚੁੱਕੇ ਹਨ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …