
ਕਿਹਾ : ਅਮਰੀਕਾ ਦੀ ਗੱਲ ਨਾ ਮੰਨੀ ਤਾਂ ਮਾਦੁਰੋ ਤੋਂ ਵੀ ਬੁਰਾ ਹਾਲ ਹੋਵੇਗਾ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨਜੂਏਲਾ ਦੀ ਅੰਤਰਿਮ ਰਾਸ਼ਟਰਪਤੀ ਡੈਲਸੀ ਰੌਡਰਿਗਜ਼ ਨੂੰ ਵੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਅਮਰੀਕਾ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਉਨ੍ਹਾਂ ਦਾ ਹਸ਼ਰ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੋਂ ਵੀ ਬੁਰਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਇਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਦੌਰਾਨ ਕਹੀ ਹੈ। ਇਸ ਤੋਂ ਇਕ ਦਿਨ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਡੈਲਸੀ ਨਾਲ ਗੱਲਬਾਤ ਕੀਤੀ ਹੈ ਤੇ ਉਹ ਵੈਨਜੂਏਲਾ ਵਾਸੀਆਂ ਦੀ ਹਾਲਤ ਸੁਧਾਰਨ ਲਈ ਅਮਰੀਕਾ ਅਨੁਸਾਰ ਕੰਮ ਕਰਨ ਲਈ ਤਿਆਰ ਹੈ। ਪਰ ਇਸ ਤੋਂ ਬਾਅਦ ਹੀ ਅੰਤਰਿਮ ਰਾਸ਼ਟਰਪਤੀ ਡੈਲਸੀ ਨੇ ਟੀਵੀ ਤੋਂ ਸੰਬੋਧਨ ਕਰਦਿਆਂ ਕਿਹਾ ਸੀ ਕਿ ਵੈਨਜੂਏਲਾ ਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਹੀ ਹੈ ਅਤੇ ਉਨ੍ਹਾਂ ਅਮਰੀਕਾ ਵਲੋਂ ਨਿਕੋਲਸ ਨੂੰ ਗਿ੍ਰਫਤਾਰ ਕਰਨ ਦੀ ਵੀ ਨਿਖੇਧੀ ਕੀਤੀ ਸੀ। ਇਸੇ ਦੌਰਾਨ ਟਰੰਪ ਨੇ ਇਹ ਵੀ ਕਿਹਾ ਕਿ ਜੇ ਡੈਲਸੀ ਅਮਰੀਕਾ ਅਨੁਸਾਰ ਕੰਮ ਕਰੇਗੀ ਤਾਂ ਵੈਨਜੂਏਲਾ ਵਿਚ ਅਮਰੀਕੀ ਫੌਜੀ ਤਾਇਨਾਤ ਨਹੀਂ ਕੀਤੇ ਜਾਣਗੇ। ਦੱਸਣਯੋਗ ਹੈ ਕਿ ਵੈਨਜੂਏਲਾ ’ਤੇ ਹਮਲਾ ਕਰਕੇ ਉਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗਿ੍ਰਫਤਾਰ ਕਰ ਲਿਆ ਸੀ। ਟਰੰਪ ਨੇ ਇਲਜ਼ਾਮ ਲਾਇਆ ਕਿ ਨਿਕੋਲਸ ਨੇ ਜੇਲ੍ਹਾਂ ਦੇ ਕੈਦੀਆਂ ਅਤੇ ਡਰੱਗ ਮਾਫੀਆ ਨੂੰ ਦੇਸ਼ ਤੋਂ ਬਾਹਰ ਭੇਜਿਆ, ਜੋ ਮੁਆਫੀਯੋਗ ਨਹੀਂ ਹੈ। ਇਸ ਕਰਕੇ ਹੀ ਅਮਰੀਕਾ ਨੇ ਫੌਜੀ ਕਾਰਵਾਈ ਕੀਤੀ ਹੈ।

