ਕਿਹਾ : ਪੁਲਿਸ ਲੱਦਾਖ ਵਾਸੀਆਂ ’ਤੇ ਕਰ ਰਹੀ ਹੈ ਅੱਤਿਆਚਾਰ
ਲੇਹ/ਬਿਊਰੋ ਨਿਊਜ਼
ਸੋਨਮ ਵਾਂਗਚੁੱਕ ਦੀ ਪਤਨੀ ਗੀਤਾਂਜਲੀ ਅੰਗਮੋ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਗੀਤਾਂਜਲੀ ਨੇ ਲੱਦਾਖ ਦੀ ਮੌਜੂਦਾ ਸਥਿਤੀ ਦੀ ਤੁਲਨਾ ਬਿ੍ਰਟਿਸ਼ ਭਾਰਤ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਲੱਦਾਖ ਪੁਲਿਸ ਦਾ ਦੁਰਉਪਯੋਗ ਕਰ ਰਿਹਾ ਹੈ। ਗੀਤਾਂਜਲੀ ਨੇ ਕਿਹਾ ਕਿ 1857 ਵਿਚ 24 ਹਜ਼ਾਰ ਅੰਗਰੇਜ਼ਾਂ ਨੇ ਮਹਾਰਾਣੀ ਦੇ ਆਦੇਸ਼ ’ਤੇ 300 ਮਿਲੀਅਨ ਭਾਰਤੀਆਂ ’ਤੇ ਅੱਤਿਆਚਾਰ ਕਰਨ ਲਈ ਭਾਰਤੀ ਸਿਪਾਹੀਆਂ ਦਾ ਇਸਤੇਮਾਲ ਕੀਤਾ ਸੀ। ਉਨ੍ਹਾਂ ਕਿਹਾ ਅੱਜ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਕਹਿਣ ’ਤੇ ਪ੍ਰਸ਼ਾਸ਼ਨ ਲੱਦਾਖ ਪੁਲਿਸ ਦਾ ਦੁਰਉਪਯੋਗ ਕਰਕੇ ਲੱਦਾਖ ਵਾਸੀਆਂ ’ਤੇ ਅੱਤਿਆਚਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਲੱਦਾਖ ਨੂੰ ਸੂਬੇ ਦਰਜ ਦਿਵਾਉਣ ਦੀ ਮੰਗ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਹੋ ਗਿਆ ਸੀ। ਇਸੇ ਦੌਰਾਨ ਵਾਤਾਵਰਨ ਕਾਰਕੁੰਨ ਸੋਨਮ ਵਾਂਗਚੁੱਕ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਸੀ। ਵਾਂਗਚੁੱਕ ’ਤੇ ਐਨ.ਐਸ.ਏ. ਤਹਿਤ ਇਲਜ਼ਾਮ ਲਗਾਏ ਗਏ ਅਤੇ ਉਸ ਨੂੰ ਜੋਧਪੁਰ ਦੀ ਸੈਂਟਰਲ ਜੇਲ੍ਹ ਵਿਚ ਭੇਜ ਦਿੱਤਾ ਗਿਆ।