
ਰਾਹੁਲ ਗਾਂਧੀ ਨੇ ਕਿਹਾ – ਪਹਿਲੀ ਵਾਰ ਦੁਸਹਿਰੇ ਮੌਕੇ ਰਾਵਣ ਦੀ ਥਾਂ ਮੋਦੀ ਦੇ ਫੂਕੇ ਗਏ ਪੁਤਲੇ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿਹਾਰ ਵਿਚ ਚੋਣ ਮਾਹੌਲ ਪੂਰੇ ਜ਼ੋਰਾਂ ‘ਤੇ ਹੈ, ਜਿਸਦੇ ਚੱਲਦਿਆਂ ਰਾਹੁਲ ਗਾਂਧੀ ਅਤੇ ਨਰਿੰਦਰ ਮੋਦੀ ਆਪੋ-ਆਪਣੀਆਂ ਪਾਰਟੀਆਂ ਲਈ ਚੋਣ ਪ੍ਰਚਾਰ ਕਰ ਰਹੇ ਹਨ। ਬਿਹਾਰ ਵਿਚ ਅੱਜ ਪਹਿਲੇ ਪੜਾਅ ਤਹਿਤ 71 ਸੀਟਾਂ ‘ਤੇ ਵੋਟਾਂ ਵੀ ਪਈਆਂ ਹਨ। ਇਸਦੇ ਚੱਲਦਿਆਂ ਰਾਹੁਲ ਗਾਂਧੀ ਨੇ ਚੰਪਾਰਣ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਰਾਹੁਲ ਨੇ ਕਿਹਾ ਕਿ ਲਾਕ ਡਾਊਨ ਦੌਰਾਨ ਪ੍ਰਧਾਨ ਮੰਤਰੀ ਨੇ ਮਜ਼ਦੂਰਾਂ ਨੂੰ ਪੈਦਲ ਭਜਾਇਆ। ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਆਮ ਤੌਰ ‘ਤੇ ਦੁਸਹਿਰੇ ‘ਤੇ ਰਾਵਣ ਦਾ ਪੁਤਲਾ ਜਲਾਇਆ ਜਾਂਦਾ ਹੈ, ਪਰ ਪੰਜਾਬ ਵਿਚ ਇਸ ਵਾਰ ਪ੍ਰਧਾਨ ਮੰਤਰੀ ਮੋਦੀ, ਅੰਬਾਨੀ ਅਤੇ ਅਡਾਨੀਆਂ ਦੇ ਪੁਤਲੇ ਫੂਕੇ ਗਏ। ਰਾਹੁਲ ਨੇ ਇਸ ਨੂੰ ਦੁੱਖ ਦੀ ਗੱਲ ਦੱਸਿਆ ਅਤੇ ਨਾਲ ਹੀ ਕਿਹਾ ਕਿ ਕਿਸਾਨ ਪ੍ਰੇਸ਼ਾਨ ਹਨ, ਇਸੇ ਕਰਕੇ ਹੀ ਅਜਿਹਾ ਹੋ ਰਿਹਾ ਹੈ। ਰੁਜ਼ਗਾਰ ਸਬੰਧੀ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਨੋਟਬੰਦੀ ਅਤੇ ਤਾਲਾਬੰਦੀ ਦਾ ਮਕਸਦ ਇਕੋ ਜਿਹਾ ਹੀ ਸੀ। ਉਨ੍ਹਾਂ ਕਿਹਾ ਕਿ ਝੂਠ ਬੋਲਣ ਵਿਚ ਮੋਦੀ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ।