
ਕਾਂਗਰਸ ਨੇ ਕਿਹਾ – ਨਰਿੰਦਰ ਮੋਦੀ ਨੇ ਦੇਸ਼ ਵਿਚ ਰੇਡ ਰਾਜ ਚਲਾਇਆ
ਜੋਧਪੁਰ/ਬਿਊਰੋ ਨਿਊਜ਼
ਰਾਜਸਥਾਨ ਵਿਚ ਚੱਲ ਰਹੇ ਸਿਆਸੀ ਘਮਾਸਾਣ ਦੇ ਚੱਲਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਫਰਟੀਲਾਈਜ਼ਰ ਸਕੈਮ ਮਾਮਲੇ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਅਗਰਸੈਨ ਗਹਿਲੋਤ ਦੇ ਘਰ ਅਤੇ ਫਾਰਮ ਹਾਊਸ ‘ਤੇ ਛਾਪੇ ਮਾਰੇ। ਈਡੀ ਦੀ ਟੀਮ ਪੀਪੀਈ ਕਿੱਟਾਂ ਪਹਿਨ ਕੇ ਅਗਰਸੈਨ ਦੇ ਘਰ ਪਹੁੰਚੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮਦਨ ਕਰ ਵਿਭਾਗ ਅਤੇ ਈਡੀ ਨੇ ਮੁੱਖ ਮੰਤਰੀ ਦੇ ਦੋ ਕਰੀਬੀ ਰਿਸ਼ਤੇਦਾਰਾਂ ਦੇ ਟਿਕਾਣਿਆਂ ‘ਤੇ ਵੀ ਛਾਪੇ ਮਾਰੇ ਸਨ। ਇਸਦੇ ਚੱਲਦਿਆਂ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਡਰਾਉਣ ਤੇ ਧਮਕਾਉਣ ਲਈ ਈਡੀ ਦੇ ਛਾਪੇ ਮਰਵਾਏ ਜਾ ਰਹੇ ਹਨ। ਸੂਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਰੇਡ ਰਾਜ ਚਲਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਰਾਜਸਥਾਨ ਦੀ ਜਨਤਾ ਅਤੇ ਅਸ਼ੋਕ ਗਹਿਲੋਤ ਦੇ ਵਿਧਾਇਕ ਡਰਨ ਵਾਲੇ ਨਹੀਂ ਹਨ।