ਮਾਮੂਲੀ ਬਹਿਸ ਝਗੜੇ ‘ਚ ਬਦਲ ਜਾਣਾ ਦੇਸ਼ ਵਿਚ ਆਮ ਗੱਲ : ਜਸਟਿਸ ਚੇਲਮੇਸ਼ਵਰ
30 ਸਾਲ ਪੁਰਾਣੇ ਮਾਮਲੇ ‘ਚ ਨਵਜੋਤ ਸਿੰਘ ਸਿੱਧੂ ਬਰੀ, ਜੁਰਮਾਨਾ ਸਿਰਫ਼ 1 ਹਜ਼ਾਰ
ਕਿਹਾ – ਮੈਡੀਕਲ ਸਬੂਤਾਂ ਦੇ ਅਧਾਰ ‘ਤੇ ਸਿੱਧੂ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ 30 ਸਾਲ ਪੁਰਾਣੇ ਰੋਡਰੇਜ਼ ਮਾਮਲੇ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਗੁਰਨਾਮ ਸਿੰਘ ਦੇ ਗੈਰ ਇਰਾਦਤਨ ਹੱਤਿਆ ਦੇ ਆਰੋਪ ਵਿਚੋਂ ਬਰੀ ਕਰ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਨੂੰ ਮਾਰਕੁੱਟ ਮਾਮਲੇ (ਧਾਰਾ 323) ਵਿਚ ਦੋਸ਼ੀ ਮੰਨਿਆ ਅਤੇ ਸਿੱਧੂ ਨੂੰ ਸਿਰਫ ਇਕ ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ। ਸਿੱਧੂ ਦੇ ਦੋਸਤ ਰੂਪਿੰਦਰ ਸਿੰਘ ਸੰਧੂ ਵੀ ਬਰੀ ਹੋ ਗਏ। ਜਸਟਿਸ ਜੇ. ਚੇਲਮੇਸ਼ਵਰ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੀ ਬੈਂਚ ਨੇ ਕਿਹਾ ਕਿ ਮਾਮਲੇ ਵਿਚ ਪੁਲਿਸ ਜਾਂਚ ਵਿਚ ਖਾਮੀਆਂ ਸਨ ਅਤੇ ਮੈਡੀਕਲ ਸਬੂਤਾਂ ਦੇ ਅਧਾਰ ‘ਤੇ ਸਿੱਧੂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਬੈਂਚ ਨੇ 18 ਅਪ੍ਰੈਲ ਨੂੰ ਫੈਸਲਾ ਸੁਰੱਖਿਅਤ ਰੱਖਿਆ ਸੀ। 1988 ਵਿਚ ਪਟਿਆਲਾ ਵਿਚ ਹੋਏ ਇਸ ਕੇਸ ‘ਚ ਹਾਈਕੋਰਟ ਨੇ ਸਿੱਧੂ ਨੂੰ ਆਈਪੀਸੀ ਦੀ ਧਾਰਾ 304 ਦੇ ਤਹਿਤ ਗੈਰ ਇਰਾਦਤਨ ਹੱਤਿਆ ਅਤੇ ਸੱਟ ਪਹੁੰਚਾਉਣ ਦਾ ਦੋਸ਼ੀ ਠਹਿਰਾਉਂਦੇ ਹੋਏ 3 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ। ਸਿੱਧੂ ਨੇ ਇਸ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਇੱਥੇ 12 ਅਪ੍ਰੈਲ ਨੂੰ ਸੁਪਰੀਮ ਕੋਰਟ ‘ਚ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਸੀ ਕਿ 2006 ਵਿਚ ਹਾਈਕੋਰਟ ‘ਚ ਸਿੱਧੂ ਨੂੰ ਮਿਲੀ ਸਜ਼ਾ ਨੂੰ ਬਰਕਰਾਰ ਰੱਖਿਆ ਜਾਵੇ। ਸਿੱਧੂ ਨੇ ਕਿਹਾ ਕਿ ਮੈਂ ਜਦ ਸੰਕਟ ਵਿਚ ਹੁੰਦਾ ਹਾਂ ਤਾਂ ਉਪਰ ਵਾਲਾ ਮੱਦਦ ਕਰਦਾ ਹੈ। ਇਹ ਕਰੋੜਾਂ ਲੋਕਾਂ ਦੀਆਂ ਦੁਆਵਾਂ ਦਾ ਅਸਰ ਹੈ। ਹੁਣ ਹਰ ਸਾਹ ਪੰਜਾਬ ਲਈ ਹੈ।
ਸਿੱਧੂ ਨੇ ਰਾਹੁਲ ਅਤੇ ਪ੍ਰਿਅੰਕਾ ਨੂੰ ਕੀਤਾ ਮੈਸੇਜ਼
ਕਿਹਾ, ਮੇਰੀ ਜ਼ਿੰਦਗੀ ਤੁਹਾਡੇ ਲਈ, ਮੈਂ ਵਿਰੋਧੀਆਂ ਨੂੰ ਕਰਦਾ ਹਾਂ ਮਾਫ
ਚੰਡੀਗੜ੍ਹ : ਸੁਪਰੀਮ ਕੋਰਟ ਵਲੋਂ 30 ਸਾਲ ਪੁਰਾਣੇ ਰੋਡਰੇਜ਼ ਮਾਮਲੇ ਵਿਚ ਵੱਡੀ ਰਾਹਤ ਮਿਲਣ ਤੋਂ ਬਾਅਦ ਨਵਜੋਤ ਸਿੱਧੂ ਨੇ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ, ਉਥੇ ਉਨ੍ਹਾਂ ਆਪਣੇ ਚਾਹੁਣ ਵਾਲਿਆਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਉਹ ਦਸ ਗੁਣਾ ਵੱਡਾ ਹੋ ਕੇ ਨਿਕਲੇ ਹਨ। ਸਿੱਧੂ ਨੇ ਕਿਹਾ ਕਿ ਉਨ੍ਹਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਮੈਸੇਜ਼ ਕੀਤਾ ਹੈ ਕਿ ਮੇਰੀ ਜ਼ਿੰਦਗੀ ਤੁਹਾਡੇ ਲਈ ਹੈ ਅਤੇ ਮੈਂ ਪਾਰਟੀ ਲਈ 24 ਘੰਟੇ ਕੰਮ ਕਰਨ ਵਾਸਤੇ ਵਚਨਬੱਧ ਹਾਂ। ਸਿੱਧੂ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵੀ ਫੋਨ ਆਇਆ ਅਤੇ ਉਨ੍ਹਾਂ ਨੂੰ ਵੀ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਆਖਰੀ ਸਾਹ ਤੱਕ ਪੰਜਾਬ ਨੂੰ ਸਮਰਪਿਤ ਰਹਾਂਗਾ। ਫੈਸਲਾ ਆਉਣ ਤੋਂ ਬਾਅਦ ਨਵਜੋਤ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਰੋਡ ਰੇਜ਼ ਮਾਮਲੇ ਨੂੰ ਮੁੱਦਾ ਬਣਾ ਕੇ ਮੇਰੀ ਨਿੰਦਾ ਕੀਤੀ ਜਾਂ ਰਾਜਸੀ ਰੋਟੀਆਂ ਸੇਕੀਆਂ ਮੈਂ ਉਨ੍ਹਾਂ ਨੂੰ ਮਾਫ ਕਰਦਾ ਹਾਂ।
ਦੋਵਾਂ ਧਿਰਾਂ ਵਿਚਕਾਰ ਕੋਈ ਦੁਸ਼ਮਣੀ ਜਾਂ ਰੰਜਿਸ਼ ਨਹੀਂ ਸੀ, ਹਥਿਆਰ ਵੀ ਨਹੀਂ ਚਲੇ : ਸੁਪਰੀਮ ਕੋਰਟ
ਨਵੀਂ ਦਿੱਲੀ : ਸਾਡੇ ਦੇਸ਼ ਵਿਚ ਮਾਮੂਲੀ ਬਹਿਸ ਨਾਲ ਸ਼ੁਰੂ ਹੋਏ ਕਿਸੇ ਵੀ ਵਿਵਾਦ ਦਾ ਝਗੜੇ ਵਿਚ ਤਬਦੀਲ ਹੋ ਜਾਣਾ ਆਮ ਗੱਲ ਹੈ। ਇਹ ਟਿੱਪਣੀ ਸੁਪਰੀਮ ਕੋਰਟ ਨੇ ਸਿੱਧੂ ਨੂੰ ਬਰੀ ਕਰਨ ਦੌਰਾਨ ਕੀਤੀ। ਬੈਂਚ ਨੇ 46 ਪੰਨਿਆ ਦੇ ਫੈਸਲੇ ਵਿਚ ਉਨ੍ਹਾਂ ਸਾਰੇ ਤੱਥਾਂ ਦਾ ਜ਼ਿਕਰ ਕੀਤਾ, ਜੋ ਸਿੱਧੂ ਦੇ ਖਿਲਾਫ ਵਿਰੋਧੀ ਪੱਖ ਵਲੋਂ ਉਠਾਏ ਗਏ ਸਨ। ਜਸਟਿਸ ਨੇ ਕਿਹਾ ਕਿ ਸਿੱਧੂ ਨੇ ਗੁਰਨਾਮ ਦੇ ਸਿਰ ‘ਤੇ ਮੁੱਕਾ ਮਾਰਿਆ। ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ। ਦੋਵਾਂ ਵਿਚਕਾਰ ਕੋਈ ਪੁਰਾਣੀ ਰੰਜਿਸ਼ ਵੀ ਨਹੀਂ ਸੀ।
ਇਹ 4 ਕਾਰਨ … ਜਿਸ ਨਾਲ ਸਿੱਧੂ ਬਰੀ ਹੋਏ
1.ਝਗੜੇ ਦੌਰਾਨ ਬੋਲੇ ਗਏ ਸ਼ਬਦਾਂ ਦਾ ਰਿਕਾਰਡ ਨਹੀਂ : ਬੈਂਚ ਨੇ ਕਿਹਾ ਕਿ ਦੋਵੇਂ ਧਿਰਾਂ ‘ਚ ਝਗੜਾ ਹੋਇਆ। ਦੋਵੇਂ ਹੀ ਧਿਰਾਂ ਨੇ ਇਕ ਦੂਜੇ ਪ੍ਰਤੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਪਰ ਇਹ ਪੁਲਿਸ ਰਿਕਾਰਡ ਵਿਚ ਨਹੀਂ ਹੈ ਕਿ ਕਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ।
2.ਪੂਰਾ ਕੇਸ ਪੁਲਿਸ ਜਾਂਚ ‘ਚ ਖਾਮੀ ‘ਤੇ ਟਿਕਿਆ ਹੈ : ਕੇਸ ਪੁਲਿਸ ਜਾਂਚ ‘ਚ ਖਾਮੀ ਤੇ ਇਸ ਗੱਲ ‘ਤੇ ਟਿਕਿਆ ਕਿ ਕੁਝ ਹੀ ਦਿਨਾਂ ਬਾਅਦ ਸਿੱਧੂ ਨੂੰ ਜ਼ਮਾਨਤ ਮਿਲ ਗਈ ਸੀ। ਇਹੀ ਧਾਰਨਾ ਕਿ ਸਿੱਧੂ ਸੈਲੇਬ੍ਰਿਟੀ ਹਨ, ਇਸ ਲਈ ਸਰਕਾਰ ਬਚਾਅ ਕਰ ਰਹੀ ਹੈ, ਇਹ ਗਲਤ ਹੈ।
3.ਸ਼ੱਕ ਦੇ ਅਧਾਰ ‘ਤੇ ਦੋਸ਼ੀ ਨਹੀਂ ਠਹਿਰਾ ਸਕਦੇ : ਕੋਈ ਸ਼ੱਕ ਨਹੀਂ ਕਿ ਪੁਲਿਸ ਜਾਂਚ ਵਿਚ ਲਾਪਰਵਾਹੀ ਵਰਤੀ ਗਈ। ਇਸ ਕਰਕੇ ਇਹ ਅਨੁਮਾਨ ਨਹੀਂ ਲਗਾ ਸਕਦੇ ਕਿ ਸਰਕਾਰ ਬਚਾ ਰਹੀ ਹੈ। ਸ਼ੱਕ ਦੇ ਅਧਾਰ ‘ਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ।
4.ਤਾਂ ਵੀ ਆਰੋਪੀ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ … : ਸ਼ਿਕਾਇਤ ਕਰਤਾ ਨੇ ਸੀਡੀ ਪੇਸ਼ ਕੀਤੀ ਸੀ, ਜਿਸ ‘ਚ ਸਿੱਧੂ ਨੇ ਮੰਨਿਆ ਕਿ ਉਹ ਘਟਨਾ ‘ਚ ਸ਼ਾਮਲ ਸੀ। ਸੀਡੀ ‘ਤੇ ਵਿਸ਼ਵਾਸ ਕਰ ਲਓ ਕਿ ਉਹ ਸ਼ਾਮਲ ਤਾਂ ਵੀ ਮੈਡੀਕਲ ਸਬੂਤਾਂ ਦੇ ਅਧਾਰ ‘ਤੇ ਦੋਸ਼ੀ ਨਹੀਂ ਠਹਿਰਾ ਸਕਦੇ।
ਇਸ ਲਈ ਲਗਾਇਆ ਇਕ ਹਜ਼ਾਰ ਰੁਪਏ ਜੁਰਮਾਨਾ : ਜਸਟਿਸ ਚੇਲਮੇਸ਼ਵਰ ਨੇ ਕਿਹਾ ਕਿ ਇਹ ਜ਼ਰੂਰ ਸਾਬਤ ਹੁੰਦਾ ਹੈ ਕਿ ਸਿੱਧੂ ਨੇ ਮਾਰਕੁੱਟ ਕੀਤੀ ਸੀ। ਇਸ ਲਈ ਉਹ ਆਈਪੀਸੀ ਦੀ ਧਾਰਾ 323 ਦੇ ਤਹਿਤ ਦੋਸ਼ੀ ਹੈ। ਇਸ ਵਿਚ ਇਕ ਸਾਲ ਕੈਦ ਜਾਂ ਇਕ ਹਜ਼ਾਰ ਰੁਪਏ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਾ ਪ੍ਰਾਵਧਾਨ ਹੈ। ਅਸੀਂ ਚਾਰ ਤੱਥਾਂ ‘ਤੇ ਗੌਰ ਕੀਤਾ। ਜਿਸ ਤੋਂ ਬਾਅਦ ਤੈਅ ਕੀਤਾ ਗਿਆ ਕਿ ਆਰੋਪੀ ਨੂੰ ਜੁਰਮਾਨਾ ਕੀਤਾ ਜਾਵੇ।
ਇਹ ਹਨ ਉਹ 4 ਤੱਥ : 1.ਮਾਮਲਾ 30 ਸਾਲ ਪੁਰਣਾ ਹੈ 2.ਦੋਵਾਂ ਵਿਚ ਪੁਰਾਣੀ ਦੁਸ਼ਮਣੀ ਜਾਂ ਰੰਜਿਸ਼ ਨਹੀਂ ਸੀ 3.ਘਟਨਾ ਵਿਚ ਹਥਿਆਰ ਦਾ ਇਸਤੇਮਾਲ ਨਹੀਂ ਕੀਤਾ ਗਿਆ 4.ਜਿਸ ਹਾਲਾਤ ਵਿਚ ਇਹ ਮਾਮਲਾ ਹੋਇਆ?
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …