ਟੋਰਾਂਟੋ/ਸੱਤਪਾਲ ਜੌਹਲ : ਲੰਘੇ ਦਿਨੀਂ ਕੈਨੇਡਾ ਦੇ ਕਾਢ, ਵਿਗਿਆਨ ਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ ਨੂੰ ਅਮਰੀਕਾ ਵਿਚ ਡਿਟਰੋਇਟ ਸ਼ਹਿਰ ਦੇ ਹਵਾਈ ਅੱਡੇ ‘ਤੇ ਸੁਰੱਖਿਆ ਮੁਲਾਜ਼ਮਾਂ ਵਲੋਂ ਬਿਨਾਂ ਕਿਸੇ ਕਾਰਨ ਪੱਗ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ઠਕ੍ਰਿਸਟੀਆ ਫ੍ਰੀਲੈਂਡ ਨੇ ਅਮਰੀਕਾ ਦੇ ਹਮਰੁਤਬਾ ਕੋਲ ਇਸ ਮਾਮਲੇ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ। ਜਿਸ ਤੋਂ ਬਾਅਦ ਅਮਰੀਕਾ ਦੇ ਸੁਰੱਖਿਆ ਗ੍ਰਹਿ ਵਿਭਾਗ ਅਤੇ ਆਵਾਜਾਈ ਵਿਭਾਗ ਨੇ ਇਸ ਮਾਮਲੇ ਵਿਚ ਮੁਆਫ਼ੀ ਮੰਗ ਲਈ ਹੈ। ਅਮਰੀਕਾ ਵਿਚ ਹਵਾਈ ਅੱਡੇ ‘ਤੇ ਦਸਤਾਰ ਉਤਾਰਨ ਲਈ ਮਜਬੂਰ ਕਰਨ ਦੀ ਘਟਨਾ ਬਾਰੇ ਬੈਂਸ ਨੇ ਦੱਸਿਆ ਕਿ ਮੰਤਰੀ ਵਜੋਂ ਉਨ੍ਹਾਂ ਨੂੰ ਦੁਨੀਆ ਦੇ ਕਈ ਦੇਸ਼ਾਂ ਵਿਚ ਜਾਣਾ ਪੈਂਦਾ ਹੈ। ਕੈਨੇਡਾ ਵਿਚ ਵੀ ਸਫ਼ਰ ਕਰਦੇ ਹਨ ਪਰ ਆਪਣੇ ਪਹਿਰਾਵੇ ਤੇ ਕਕਾਰਾਂ ਕਾਰਨ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ, ਕਿਉਂਕਿ ਇਸ ਦੇਸ਼ ਵਿਚ ਸਿੱਖਾਂ ਦੀ ਦਸਤਾਰ ਅਤੇ ਪਹਿਰਾਵੇ ਦਾ ਸਤਿਕਾਰ ਹੈ ਅਤੇ ਸਿੱਖਾਂ ਬਾਰੇ ਹੋਰ ਕੌਮਾਂ ਦੇ ਲੋਕਾਂ ਨੂੰ ਪਤਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਦੀ ਸਰਕਾਰ ਨਾਲ ਸੁਚੱਜੀ ਪਹੁੰਚ ਦੁਆਰਾ ਇਸ ਸਮੱਸਿਆ ਉੱਪਰ ਕਾਬੂ ਪਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਤਰੀ ਵਜੋਂ ਉਹ ਡਿਪਲੋਮੈਟਿਕ ਪਾਸਪੋਰਟ ਧਾਰਕ ਹਨ ਪਰ ਉਹ ਆਪਣੇ ਅਹੁਦੇ ਅਤੇ ਹਸਤੀ ਨੂੰ ਅੱਗੇ ਰੱਖ ਕੇ ਵਿਸ਼ੇਸ਼ ਰਿਆਇਤ ਲੈਣ ਦੇ ਹੱਕ ਵਿਚ ਨਹੀਂ ਸਗੋਂ ਚਾਹੁੰਦੇ ਹਨ ਕਿ ਸਾਰੀ ਦੁਨੀਆ ਵਿਚ ਪੂਰੀ ਸਿੱਖ ਕੌਮ ਨੂੰ ਇਕੋ ਜਿਹਾ ਸਤਿਕਾਰ ਮਿਲੇ। ਇਹੀ ਕਾਰਨ ਹੈ ਕਿ ਉਹ ਆਮ ਸਿੱਖ ਵਜੋਂ ਟਰੈਵਲ ਕਰਦੇ ਹਨ ਤਾਂਕਿ ਆਮ ਵਿਅਕਤੀ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਮਝ ਕੇ ਹੱਲ ਕੱਢਣ ਵਿਚ ਸਹਾਈ ਹੋਇਆ ਜਾ ਸਕੇ। ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਅਗਲੇ ਹਫ਼ਤੇ ਇਕ ਵਾਰੀ ਫਿਰ ਅਮਰੀਕਾ ਜਾਣਾ ਹੈ ਜਿੱਥੇ ਹਵਾਈ ਅੱਡੇ ‘ਤੇ ਕਿਸੇ ਪ੍ਰੇਸ਼ਾਨੀ ਦੀ ਉਮੀਦ ਨਹੀਂ ਕਿਉਂਕਿ ਉਨ੍ਹਾਂ ਨਾਲ ਅਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਵਾਪਰ ਚੁੱਕੀਆਂ ਘਟਨਾਵਾਂ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਨੂੰ ਸਿੱਖਾਂ ਦੀ ਵੱਖਰੀ ਪਛਾਣ ਬਾਰੇ ਜਾਗਰੂਕ ਕਰਨ ਵਿਚ ਮਦਦ ਮਿਲੀ ਹੈ।
Check Also
ਡੋਨਾਲਡ ਟਰੰਪ ਨੇ ਕੈਨੇਡਾ ਤੇ ਮੈਕਸਿਕੋ ‘ਤੇ ਟੈਰਿਫ ਇਕ ਮਹੀਨੇ ਲਈ ਰੋਕਿਆ
ਦੋ ਦਿਨ ਪਹਿਲਾਂ ਹੀ ਲਗਾਇਆ ਗਿਆ ਸੀ 25 ਫੀਸਦੀ ਟੈਰਿਫ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ …