ਪਾਕਿ ‘ਚ ਮੌਤ ਮਗਰੋਂ ਵੀ ਸਿੱਖਾਂ ਨੂੰ ਨਹੀਂ ਢੋਈ
ਪਿਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਉੱਤਰੀ-ਪੱਛਮੀ ਸਰਹੱਦੀ ਸੂਬੇ ਦੇ ਇਕ ਸਿੱਖ ਆਗੂ ਨੇ ਪਿਸ਼ਾਵਰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਅਦਾਲਤ ਖ਼ੈਬਰ ਪਖਤੂਨਖਵਾ ਸਰਕਾਰ ਨੂੰ ਆਦੇਸ਼ ਜਾਰੀ ਕਰੇ ਕਿ ਉਹ ਸੂਬਾਈ ਰਾਜਧਾਨੀ ਵਿਚ ਸਿੱਖ ਭਾਈਚਾਰੇ ਲਈ ਸ਼ਮਸ਼ਾਨਘਾਟ ਬਣਾਉਣ ਵਾਸਤੇ ਫੰਡ ਮੁਹੱਈਆ ਕਰੇ। ਸ਼ਮਸ਼ਾਨਘਾਟ ਦੀ ਘਾਟ ਕਰਕੇ ਸਿੱਖ ਭਾਈਚਾਰੇ ਨੂੰ ਦੇਹਾਂ ਨੂੰ ਦਫ਼ਨਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਸਿੱਖ ਭਾਈਚਾਰੇ ਦੇ ਆਗੂ ਗੁਰਪਾਲ ਸਿੰਘ ਨੇ ਆਪਣੇ ਵਕੀਲ ਰਾਹੀਂ ਪਟੀਸ਼ਨ ਦਾਖਲ ਕਰ ਕੇ ਮੰਗ ਕੀਤੀ ਕਿ ਉਹ ਸੂਬਾ ਸਰਕਾਰ ਨੂੰ ਆਦੇਸ਼ ਜਾਰੀ ਕਰੇ ਕਿ ਉਹ ਸਾਲ 2017-18 ਦੇ ਬਜਟ ਵਿਚੋਂ ਤਿੰਨ ਕਰੋੜ ਰੁਪਏ ਜਾਰੀ ਕਰੇ ਤਾਂਕਿ ਸਿੱਖ ਭਾਈਚਾਰੇ ਲਈ ਸ਼ਮਸ਼ਾਨਘਾਟ ਅਤੇ ਈਸਾਈ ਭਾਈਚਾਰੇ ਲਈ ਕਬਰਿਸਤਾਨ ਦਾ ਨਿਰਮਾਣ ਕੀਤਾ ਜਾ ਸਕੇ। ਸਰਕਾਰ ਨੇ ਅਜੇ ਤਕ ਨਾ ਤਾਂ ਇਸ ਲਈ ਕੋਈ ਯੋਜਨਾ ਬਣਾਈ ਹੈ ਅਤੇ ਨਾ ਹੀ ਫੰਡ ਜਾਰੀ ਕੀਤੇ ਹਨ।
ਆਪਣੀ ਪਟੀਸ਼ਨ ਵਿਚ ਗੁਰਪਾਲ ਸਿੰਘ ਨੇ ਕਿਹਾ ਕਿ ਖ਼ੈਬਰ ਪਖਤੂਨਖਵਾ ਸੂਬੇ ਵਿਚ 60 ਹਜ਼ਾਰ ਸਿੱਖ ਰਹਿੰਦੇ ਹਨ ਤੇ ਇਕੱਲੇ ਪਿਸ਼ਾਵਰ ‘ਚ ਹੀ 15 ਹਜ਼ਾਰ ਸਿੱਖ ਰਹਿੰਦੇ ਹਨ। ਇਸ ਦੇ ਬਾਵਜੂਦ ਇਥੇ ਕੋਈ ਸ਼ਮਸ਼ਾਨਘਾਟ ਨਹੀਂ ਹੈ ਤੇ ਸਿੱਖ ਭਾਈਚਾਰੇ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸਭ ਤੋਂ ਨੇੜਲਾ ਸ਼ਮਸ਼ਾਨਘਾਟ ਅੱਟਕ ਵਿਚ ਹੈ ਜੋ ਪਿਸ਼ਾਵਰ ਤੋਂ 45 ਕਿਲੋਮੀਟਰ ਦੂਰ ਹੈ। ਅੱਟਕ ਦੇ ਸ਼ਮਸ਼ਾਨਘਾਟ ਦੀ ਵਰਤੋਂ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕ ਕਰਦੇ ਹਨ। ਖ਼ੈਬਰ ਇਲਾਕੇ ਦੇ ਜ਼ਿਆਦਾਤਰ ਸਿੱਖ ਭਾਈਚਾਰੇ ਦੇ ਲੋਕ ਗ਼ਰੀਬ ਹੋਣ ਕਾਰਨ ਇੰਨੀ ਦੂਰ ਜਾ ਕੇ ਸਸਕਾਰ ਕਰਨ ਦਾ ਖ਼ਰਚਾ ਨਹੀਂ ਝੱਲ ਸਕਦੇ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸਾਲ 2017-18 ਦੇ ਬਜਟ ‘ਚ ਸਰਕਾਰ ਨੇ ਘੱਟ ਗਿਣਤੀਆਂ ਲਈ 2,669 ਮਿਲੀਅਨ ਦੇ ਫੰਡ ਰੱਖੇ ਸਨ ਜਿਨ੍ਹਾਂ ਵਿਚ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਲਈ ਐਂਬੂਲੈਂਸ ਸੇਵਾ ਮੁਹੱਈਆ ਕਰਨਾ ਵੀ ਸ਼ਾਮਿਲ ਹੈ, ਪ੍ਰੰਤੂ ਹੁਣ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਗਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਅਦਾਲਤ ਸੂਬਾ ਸਰਕਾਰ ਨੂੰ ਆਦੇਸ਼ ਜਾਰੀ ਕਰੇ ਕਿ ਉਹ ਪਿਸ਼ਾਵਰ ਦੇ ਨੇੜੇ ਸ਼ਮਸ਼ਾਨਘਾਟ ਦਾ ਨਿਰਮਾਣ ਕਰ ਕੇ ਆਧੁਨਿਕ ਸਹੂਲਤਾਂ ਦੇਵੇ। ਸਿੰਘ ਦੇ ਵਕੀਲ ਮੁਹੰਮਦ ਖੁਰਸ਼ੀਦ ਨੇ ਕਿਹਾ ਕਿ ਪਾਕਿਸਤਾਨ ਦਾ ਸੰਵਿਧਾਨ ਹਰ ਵਿਅਕਤੀ ਨੂੰ ਸ਼ਾਨ ਨਾਲ ਜੀਣ ਦਾ ਅਧਿਕਾਰ ਦਿੰਦਾ ਹੈ ਤੇ ਸਿੱਖ ਭਾਈਚਾਰੇ ਨੂੰ ਆਪਣੇ ਸਬੰਧੀਆਂ ਦੀਆਂ ਆਖ਼ਰੀ ਰਸਮਾਂ ਸਨਮਾਨ ਨਾਲ ਪੂਰੀਆਂ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …