ਅਰਟੇਮਿਸ-2 ਮਿਸ਼ਨ ਪੂਰੇ ਦੇਸ਼ ਲਈ ਪ੍ਰੇਰਣਾ ਬਣਿਆ : ਪ੍ਰਧਾਨ ਮੰਤਰੀ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਓਟਵਾ ਵਿੱਚ ਅਰਟੇਮਿਸ-2 ਮਿਸ਼ਨ ਦੇ ਪੁਲਾੜ ਯਾਤਰੀਆਂ ਦਾ ਭਰਪੂਰ ਸਵਾਗਤ ਕੀਤਾ। ਪੀਐਮ ਕਾਰਨੀ ਨੇ ਕਿਹਾ ਕਿ ਚੰਦਰਮਾ ਦੇ ਆਲੇ-ਦੁਆਲੇ ਕੀਤੀ ਗਈ ਇਹ ਇਤਿਹਾਸਕ ਯਾਤਰਾ ਪੂਰੇ ਦੇਸ਼ ਲਈ ਪ੍ਰੇਰਣਾ ਦਾ ਸਰੋਤ ਬਣੀ ਹੈ। ਅਰਟੇਮਿਸ-2 ਮਿਸ਼ਨ ਦੇ ਪੁਲਾੜ ਯਾਤਰੀ ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਓਟਵਾ ਅਤੇ ਮਾਂਟਰੀਅਲ ਦੇ ਦੌਰੇ ‘ਤੇ ਹਨ, ਜਿੱਥੇ ਉਹ ਲੋਕਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰ ਰਹੇ ਹਨ। ਇਸ ਮਿਲਣੀ ਵਿੱਚ ਕੈਨੇਡੀਅਨ ਪੁਲਾੜ ਯਾਤਰੀ ਜੈਰੇਮੀ ਹੈਨਸਨ ਅਤੇ ਉਨ੍ਹਾਂ ਦੀ ਬੈਕਅੱਪ ਜੈਨੀ ਗਿਬਨਜ਼ ਦੇ ਨਾਲ ਨਾਸਾ ਦੇ ਕਮਾਂਡਰ ਰੀਡ ਵਾਈਜ਼ਮੈਨ, ਪਾਇਲਟ ਵਿਕਟਰ ਗਲੋਵਰ ਅਤੇ ਮਿਸ਼ਨ ਮਾਹਰ ਕ੍ਰਿਸਟੀਨਾ ਕੋਚ ਵੀ ਸ਼ਾਮਿਲ ਹੋਏ।
ਕੈਨੇਡਾ ਦੌਰੇ ਦੌਰਾਨ ਇਹ ਪੁਲਾੜ ਯਾਤਰੀ ਜਨਤਕ ਸਮਾਗਮਾਂ ਵਿੱਚ ਹਿੱਸਾ ਲੈ ਰਹੇ ਹਨ, ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਕੈਨੇਡੀਅਨ ਪੁਲਾੜ ਖੇਤਰ ਨਾਲ ਜੁੜੇ ਲੋਕਾਂ ਨਾਲ ਮਿਲ ਰਹੇ ਹਨ। ਅਰਟੇਮਿਸ-2 ਮਿਸ਼ਨ 1 ਅਪ੍ਰੈਲ ਨੂੰ ਧਰਤੀ ਤੋਂ ਰਵਾਨਾ ਹੋਇਆ ਸੀ ਅਤੇ ਚੰਦਰਮਾ ਦਾ ਚੱਕਰ ਲਗਾ ਕੇ ਵਾਪਸ ਆਇਆ। ਇਸਨੂੰ ਮਨੁੱਖੀ ਇਤਿਹਾਸ ਦੀ ਸਭ ਤੋਂ ਦੂਰ ਤੱਕ ਕੀਤੀ ਗਈ ਮਨੁੱਖੀ ਪੁਲਾੜ ਯਾਤਰਾ ਮੰਨਿਆ ਜਾ ਰਿਹਾ ਹੈ। ਇਹ ਮਿਸ਼ਨ ਅਰਟੇਮਿਸ-3 ਤੋਂ ਪਹਿਲਾਂ ਇੱਕ ਟੈਸਟ ਮਿਸ਼ਨ ਸੀ।
ਅਰਟੇਮਿਸ-3 ਤਹਿਤ ਨਾਸਾ 1972 ਤੋਂ ਬਾਅਦ ਪਹਿਲੀ ਵਾਰ ਮਨੁੱਖ ਨੂੰ ਚੰਦਰਮਾ ‘ਤੇ ਉਤਾਰਨ ਦੀ ਯੋਜਨਾ ਬਣਾ ਰਿਹਾ ਹੈ। ਕਾਰਨੀ ਨੇ ਕਿਹਾ ਕਿ ਇਹ ਯਾਤਰਾ ਵੱਡੇ ਜੋਖਮ ਨਾਲ ਕੀਤੀ ਗਈ ਸੀ, ਪਰ ਇਸਦਾ ਮਕਸਦ ਭਵਿੱਖ ਲਈ ਹੋਰ ਵੱਡੇ ਮੌਕੇ ਤਿਆਰ ਕਰਨਾ ਹੈ। ਜੈਰੇਮੀ ਹੈਨਸਨ ਨੇ ਕਿਹਾ ਕਿ ਪੁਲਾੜ ਦੇ ਠੰਡੇ ਖਲਾਅ ਤੋਂ ਵਾਪਸ ਆ ਕੇ ਉਹ ਕੈਨੇਡੀਅਨ ਲੋਕਾਂ ਦੇ ਪਿਆਰ ਅਤੇ ਨਿੱਘ ਦਾ ਆਨੰਦ ਮਾਣ ਰਹੇ ਹਨ। ਹੈਨਸਨ ਨੇ ਪ੍ਰਧਾਨ ਮੰਤਰੀ ਨੂੰ ਮਿਸ਼ਨ ਦੌਰਾਨ ਨਾਲ ਉਡਾਇਆ ਗਿਆ ਇੱਕ ਫਰੇਮ ਕੀਤਾ ਹੋਇਆ ਮੇਪਲ ਲੀਫ ਤੋਹਫੇ ਵਜੋਂ ਭੇਟ ਕੀਤਾ। ਇਸਦੇ ਬਦਲੇ ਕਾਰਨੀ ਨੇ ਉਨ੍ਹਾਂ ਨੂੰ ਉਹ ਕੈਨੇਡੀਅਨ ਝੰਡਾ ਦਿੱਤਾ ਜੋ ਉਸ ਦਿਨ ਪਾਰਲੀਮੈਂਟ ਦੇ ਪੀਸ ਟਾਵਰ ਉੱਤੇ ਲਹਿਰਾਇਆ ਗਿਆ ਸੀ, ਜਦੋਂ ਓਰੀਅਨ ਸਪੇਸਕ੍ਰਾਫਟ ਆਪਣਾ 10 ਦਿਨਾਂ ਦਾ ਮਿਸ਼ਨ ਪੂਰਾ ਕਰਕੇ ਸਮੁੰਦਰ ਵਿੱਚ ਉਤਰਿਆ ਸੀ।
ਪੁਲਾੜ ਯਾਤਰੀਆਂ ਨੇ ਨੈਸ਼ਨਲ ਆਰਟਸ ਸੈਂਟਰ ਵਿੱਚ ਤਜ਼ਰਬੇ ਸਾਂਝੇ ਕੀਤੇ
ਆਰਟੇਮਿਸ-2 ਮਿਸ਼ਨ ਤੋਂ ਵਾਪਸ ਆਏ ਪੁਲਾੜ ਯਾਤਰੀਆਂ ਦਾ ਓਟਵਾ ਦੇ ਨੈਸ਼ਨਲ ਆਰਟਸ ਸੈਂਟਰ ਵਿੱਚ ਨਿੱਘਾ ਸਵਾਗਤ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਮਿਸ਼ਨ ਨਾਲ ਜੁੜੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਕ੍ਰਿਸਟੀਨਾ ਕੋਚ ਨੇ ਕਿਹਾ ਕਿ ਜਦੋਂ ਉਹ ਆਰਟੇਮਿਸ-2 ਮਿਸ਼ਨ ਦੌਰਾਨ ਚੰਦਰਮਾ ਵੱਲ ਜਾ ਰਹੀ ਸੀ ਤਾਂ ਉਸਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਧਰਤੀ ‘ਤੇ ਹਜ਼ਾਰਾਂ ਲੋਕ ਉਸ ਮਿਸ਼ਨ ਨੂੰ ਬੇਹੱਦ ਉਤਸ਼ਾਹ ਨਾਲ ਦੇਖ ਰਹੇ ਹਨ। ਓਟਵਾ ਦੇ ਨੈਸ਼ਨਲ ਆਰਟਸ ਸੈਂਟਰ ਵਿੱਚ 13 ਮਈ ਨੂੰ ਹੋਏ ਇਕ ਸਮਾਗਮ ਦੌਰਾਨ ਕ੍ਰਿਸਟੀਨਾ ਕੋਚ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮਿਸ਼ਨ ਦੌਰਾਨ ਉਸਨੂੰ ਲੱਗਦਾ ਸੀ ਕਿ ਸਿਰਫ ਮਿਸ਼ਨ ਕੰਟਰੋਲ ਵਿੱਚ ਬੈਠੇ ਉਨ੍ਹਾਂ ਦੇ ਦੋਸਤ ਹੀ ਉਨ੍ਹਾਂ ਨੂੰ ਦੇਖ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਦੌਰਾਨ ਇੱਕ ਪਰਿਵਾਰਕ ਗੱਲਬਾਤ ਵਿੱਚ ਉਸਦੇ ਪਤੀ ਨੇ ਉਸਨੂੰ ਕਿਹਾ ਕਿ ਇਹ ਮਿਸ਼ਨ ਲੋਕਾਂ ‘ਤੇ ਡੂੰਘਾ ਅਸਰ ਛੱਡ ਰਿਹਾ ਹੈ ਅਤੇ ਹਰ ਕੋਈ ਇਸਨੂੰ ਧਿਆਨ ਨਾਲ ਦੇਖ ਰਿਹਾ ਹੈ। ਕੋਚ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਆਮ ਲੋਕ ਵੀ ਉਨ੍ਹਾਂ ਦੀ ਯਾਤਰਾ ਨਾਲ ਇੰਨਾ ਜੁੜੇ ਹੋਏ ਹਨ।

