10.2 C
Toronto
Friday, May 15, 2026
spot_img
Homeਮੁੱਖ ਲੇਖਕੈਨੇਡਾ ਦੇ ਸਿੱਖਾਂ ਦੀ ਸਿਆਸਤ (ਪਾਰਟ 1)

ਕੈਨੇਡਾ ਦੇ ਸਿੱਖਾਂ ਦੀ ਸਿਆਸਤ (ਪਾਰਟ 1)

ਸੋਹਣ ਸਿੰਘ ਪੂੰਨੀ
(ਕਿਸ਼ਤ ਦੂਜੀ)
‘ਸੰਸਾਰੀਆਂ’ ਅਤੇ ‘ਦੇਸ਼ ਭਗਤਾਂ’ ਵਿੱਚਕਾਰ ਝਗੜੇ ਦਾ ਵੱਡਾ ਕਾਰਨ ਪੈਸਾ ਸੀ। ਸੰਤ ਤੇਜਾ ਸਿੰਘ ਨੇ ਵੈਨਕੂਵਰ ਆਇਆਂ ਦਸੰਬਰ 1908 ਵਿੱਚ ਸਿੱਖਾਂ ਦੀ ਇਨਵੈਸਟਮੈਂਟ ਕੰਪਨੀ, ‘ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ’ ਸਥਾਪਤ ਕੀਤੀ ਸੀ। ਕੰਪਨੀ ਦੇ 251 ਸ਼ੇਅਰ ਹੋਲਡਰ ਸਨ। ਦਿਹਾੜੀ ਦੇ ਡੇਢ-ਦੋ ਡਾਲਰ ਕਮਾਉਣ ਵਾਲ਼ੇ ਸਿੱਖਾਂ ਤੋਂ ਸੰਤ ਤੇਜਾ ਸਿੰਘ ਨੇ ਪੰਜਾਹ ਹਜ਼ਾਰ ਡਾਲਰ ਇਕੱਠੇ ਕੀਤੇ ਸਨ। ਸੰਤ ਤੇਜਾ ਸਿੰਘ ਆਪਣੀ ਕਿਤਾਬ ‘ਜੀਵਨ ਕਥਾ ਸੰਤ ਅਤਰ ਸਿੰਘ ਜੀ ਮਹਾਰਾਜ’ ਦੇ ਪੰਨਾ 300 ‘ਤੇ ਲਿਖਦੇ ਨੇ ਕਿ ਕੰਪਨੀ ਨੇ ਕੈਲੇਫੋਰਨੀਆ ਵਿੱਚ ਸੋਨੇ ਦੀ ਖਾਣ ਦੇ ਢਾਈ ਲੱਖ ਡਾਲਰ ਦੀ ਕੀਮਤ ਦੇ (25%) ਸ਼ੇਅਰ ਖਰੀਦੇ ਹੋਏ ਸਨ। ਕੰਪਨੀ ਨੇ ਬੁਰਾਡ ਇਨਲੈੱਟ ਦੇ ਉੱਤਰ ਵਿੱਚ ਸਮੁੰਦਰ ਕੰਢੇ ਈਗਲ ਹਾਰਬਰ ‘ਤੇ ਢਾਈ ਸੌ ਏਕੜ ਖਰੀਦੇ ਹੋਏ ਸਨ ਤੇ ਸ਼ਹਿਰ ਵਿੱਚ ਵੀ 10 ਏਕੜ ਲਏ ਹੋਏ ਸਨ।
Sant Teja Singh
‘ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ’ ਦੇ ਹਿਸਾਬ-ਕਿਤਾਬ ਵਿੱਚ ਹੋਏ ਘਪਲ਼ੇ ਸੰਸਾਰੀਆਂ ਅਤੇ ਦੇਸ਼ ਭਗਤਾਂ ਵਿੱਚਕਾਰ ਟਕਰਾਅ ਦਾ ਕਾਰਨ ਬਣੇ ਸਨ। ਸੰਸਾਰੀਏ ਪੈਸੇ ਦਾ ਹਿਸਾਬ-ਕਿਤਾਬ ਨਹੀਂ ਸੀ ਦੇ ਰਹੇ। ਝਗੜਾ ਵਧ ਗਿਆ ਸੀ। ਇਸ ਝਗੜੇ ਨੂੰ ਨਿਪਟਾਉਣ ਲਈ ਸੰਸਾਰੀਆਂ ਅਤੇ ਮਿਲੀਟੈਂਟ ਦੇਸ਼ ਭਗਤਾਂ ਵਿੱਚਕਾਰ 9 ਜਨਵਰੀ 1914 ਨੂੰ ਵੈਨਕੂਵਰ ਗੁਰਦੁਆਰੇ ਦੀ ਬੇਸਮੈਂਟ ਵਿੱਚ ਮੀਟਿੰਗ ਹੋਣੀ ਤਹਿ ਹੋਈ ਸੀ। ਪਰ ਸੰਸਾਰੀਆਂ ਦੇ ਮੁਖ ਨੁਮਾਇੰਦੇ ਡਾਕਟਰ ਸੁੰਦਰ ਸਿੰਘ ਅਤੇ ਕਰਤਾਰ ਸਿੰਘ ਹੁੰਦਲ ਡਰਦੇ ਮਾਰੇ ਇਸ ਮੀਟਿੰਗ ਵਿੱਚ ਪਹੁੰਚੇ ਹੀ ਨਹੀਂ ਸਨ। ਇਸ ਸੰਬੰਧ ਵਿੱਚ 15 ਜਨਵਰੀ, 1914 ਨੂੰ ਕੰਪਨੀ ਦੇ ਡਰੈਕਟਰਾਂ ਦੀ ਹੋਈ ਮੀਟਿੰਗ ਵਿੱਚ ਪਾਸ ਹੋਇਆ ਮਤਾ ਨੰਬਰ 2 ਬੜੀ ਰੋਸ਼ਨੀ ਪਾਉਂਦਾ ਹੈ: ”ਪੇਸ਼ ਕੀਤਾ ਭਾਈ ਭਾਗ ਸਿੰਘ ਨੇ ਸੈਕਿੰਡ ਨਰੰਜਣ ਸਿੰਘ ਨੇ ਕੇ ਜੋ ਕਾਗਜ ਡਾਕਟਰ (ਸੁੰਦਰ ਸਿੰਘ) ਕੰਪਨੀ ਦੇ ਲੈ ਗਿਆ ਹੈ ਤੇ ਇਕ ਦਫਾ ਫੇਰ ਪੁੱਛਿਆ ਜਾਵੇ ਜੇ ਨਾਂ ਦੇਵੇ ਜਾਂ ਭੇਜੇ ਤਦ ਕਾਨੂੰਨੀ ਕਾਰਵਾਈ ਕੀਤੀ ਜਾਵੇ-” (ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਦੀ 116 ਸਾਲ ਪੁਰਾਣੀ ਉਰਿਜਨਲ ਮਿਨਿਟ ਬੁੱਕ ਲੇਖਕ ਪਾਸ ਹੈ)।
23 ਮਈ 1914 ਨੂੰ ਕਾਮਾਗਾਟਾ ਮਾਰੂ ਆਪਣੇ 376 ਮੁਸਾਫਰਾਂ ਨਾਲ਼ ਵੈਨਕੂਵਰ ਆਇਆ ਸੀ। ਕਾਮਾਗਾਟਾ ਮਾਰੂ ਦਾ ਸਾਰਾ ਘੋਲ਼ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨਾਲ਼ ਜੁੜੇ ਦੇਸ਼ ਭਗਤਾਂ ਦੀ ਅਗਵਾਈ ਥੱਲੇ ਲੜਿਆ ਗਿਆ। ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੀ ਮੱਦਦ ਲਈ ਬਣੀ ਸਾਹਿਲ ਕਮੇਟੀ (Shore Committee) ਦੇ ਸਾਰੇ ਦੇ ਸਾਰੇ ਮੈਂਬਰ ‘ਖਾਲਸਾ ਦੀਵਾਨ ਸੁਸਾਇਟੀ’ ਨਾਲ਼ ਜੁੜੇ ਦੇਸ਼ ਭਗਤ ਸਨ। ਸੰਸਾਰੀਆਂ ਦਾ ਇਕ ਵੀ ਮੈਂਬਰ ‘ਸਾਹਿਲ ਕਮੇਟੀ’ ਵਿੱਚ ਨਹੀਂ ਸੀ ਲਿਆ ਗਿਆ।
ਡਾਕਟਰ ਸੁੰਦਰ ਸਿੰਘ ਤਾਂ ਕਾਮਾਗਾਟਾ ਮਾਰੂ ਦੇ ਵੈਨਕੂਵਰ ਪਹੁੰਚਣ ਤੋਂ ਕੁੱਝ ਦਿਨਾਂ ਬਾਅਦ ਹੀ ਮਈ ਦੇ ਆਖਰ ਵਿਚ ਬੀ.ਸੀ. ਛੱਡ ਕੇ ਟੋਰਾਂਟੋ ਚਲਾ ਗਿਆ ਸੀ। ਇਸ ਪਿੱਛੋਂ ਕਪੂਰ ਵੀ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਜੂਨ 1914 ਵਿੱਚ ਡਾਕਟਰ ਸੁੰਦਰ ਸਿੰਘ ਕੋਲ਼ ਟੋਰੰਟੋ ਪਹੁੰਚ ਗਿਆ। ਬੀ. ਸੀ. ਵਿੱਚ ਰਹਿ ਗਿਆ ਸੰਸਾਰੀਆਂ ਦੇ ਵੱਡੇ ਲੀਡਰਾਂ ਵਿਚੋਂ ਸਿਰਫ ਕਰਤਾਰ ਸਿੰਘ ਹੁੰਦਲ।
ਪੰਜ ਸਤੰਬਰ 1914 ਨੂੰ ਹਾਪਕਿਨਸਨ ਦੇ ਏਜੰਟ ਬੇਲਾ ਸਿੰਘ ਜਿਆਣ ਨੇ ਵੈਨਕੂਵਰ ਗੁਰਦੁਆਰੇ ਵਿੱਚ ਗੋਲ਼ੀ ਚਲਾ ਕੇ ਗੁਰਦੁਆਰੇ ਦੇ ਪਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਉਨ÷ ਾਂ ਦੇ ਸਾਥੀ ਭਾਈ ਬਦਨ ਸਿੰਘ ਦਲੇਲ ਸਿੰਘ ਵਾਲਾ ਸ਼ਹੀਦ ਕਰ ਦਿੱਤੇ ਅਤੇ ਬਹੁਤ ਸਾਰੇ ਸਿੱਖ ਫੱਟੜ ਕਰ ਦਿੱਤੇ। ਪਤਾ ਨਹੀਂ ਸੰਸਾਰੀਆਂ ਦਾ ਇਨ÷ ਾਂ ਕਤਲਾਂ ਨਾਲ਼ ਕੋਈ ਸੰਬੰਧ ਸੀ ਜਾਂ ਨਹੀਂ ਪਰ ਕਰਤਾਰ ਸਿੰਘ ਹੁੰਦਲ ਨੂੰ ‘ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ’ ਵਿੱਚ ਕੀਤੇ ਘਪਲਿਆਂ ਕਾਰਨ ਡਰ ਸੀ ਕਿ ‘ਦੇਸ਼ ਭਗਤ ਧੜੇ’ ਵਾਲੇ ਇਹ ਸਮਝ ਸਕਦੇ ਹਨ। ਇਸ ਲਈ ਕਰਤਾਰ ਸਿੰਘ ਹੁੰਦਲ ਵੀ ਬੀ. ਸੀ. ਵਿਚੋਂ ਪੱਤਰਾ ਵਾਚ ਗਿਆ ਤੇ ਟੋਰੰਟੋ ਆਪਣੇ ਸਾਥੀ ਸੰਸਾਰੀਆ ਕੋਲ਼ ਪੁੱਜ ਗਿਆ।
ਕਰਤਾਰ ਸਿੰਘ ਹੁੰਦਲ ਦਾ ਡਰ ਸੱਚਾ ਸੀ। ਖਾਲਸਾ ਦੀਵਾਨ ਸੁਸਾਇਟੀ ਨਾਲ਼ ਜੁੜੇ ਦੇਸ਼ ਭਗਤ ਸੱਚ-ਮੁੱਚ ਬਹੁਤ ਗੁੱਸੇ ਵਿੱਚ ਸਨ ਤੇ ਉਹ ਕਰਤਾਰ ਸਿੰਘ ਹੁੰਦਲ ਨੂੰ ਜਾਨੋਂ ਮਾਰਨ ਨੂੰ ਫਿਰਦੇ ਸਨ। ਇਸ ਸੰਬੰਧ ਵਿੱਚ ‘ਸੰਸਾਰ’ ਅਖਬਾਰ ਦੇ ਅਸਿਸਟੈਂਟ ਕੰਪੋਜ਼ਰ, ਮਾਹਿਲਪੁਰ ਨੇੜੇ ਛੋਟੇ ਸਰਹਾਲੇ ਦੇ ਬਤਨ ਸਿੰਘ ਦੀ 29 ਸਤੰਬਰ 1914 ਨੂੰ ਵਿਕਟੋਰੀਆ ਤੋਂ ਲਿਖੀ ਚਿੱਠੀ ਬੜਾ ਚਾਨਣ ਪਾੳਂਦੀ ਹੈ। ਇਸ ਚਿੱਠੀ ਵਿੱਚ ਟੋਰਾਂਟੋ ਪਹੁੰਚੇ ਕਰਤਾਰ ਸਿੰਘ ਹੁੰਦਲ ਨੂੰ ਬਤਨ ਸਿੰਘ ਲਿਖਦਾ ਹੈ, ”..ਮੈਨੂੰ ਪੁੱਛਦਾ ਸੀ ਕਿ ਕਰਤਾਰ ਸਿੰਘ ਕਿੱਥੇ ਹੈ? ਮੈਂ ਕਿਹਾ ਕਿ ਵੈਨਕੂਵਰ ਗਏ ਹੋਏ ਹੈ। ਅੱਜ ਤਾਈਂ ਕਿਸੀ ਕੋ ਪਤਾ ਨਹੀਂ ਲੱਗਾ ਜੀ। ਆਪ ਨੂੰ ਮੁਨਛੇ ਦਾ ਭਾਈ ਬਹੁਤ ਢੂੰਡ ਰਿਹਾ ਹੈ। ਮੈਂ ਇੱਥੇ ਉੱਥੇ ਕਰ ਛੱਡਦਾ ਹਾਂ। 29 ਤਰੀਕ ਨੂੰ ਤੂੰਬੀ ਭੀ ਆਇਆ ਸਾ। ਮੈਂ ਇਹੀ ਜਵਾਬ ਦਿੰਦਾ ਰਿਹਾ ਹਾਂ ਕਿ ਅਜੇ ਹੁਣ ਹੀ ਗਏ ਹਨ..।” (ਚਿੱਠੀ ਲੇਖਕ ਪਾਸ ਹੈ। 112 ਸਾਲ ਪੁਰਾਣੀ ਇਹ ਚਿੱਠੀ ਕੈਨੇਡਾ ਦੇ ਕਿਸੇ ਇਮੀਗ੍ਰੈਂਟ ਵੱਲੋਂ ਲਿਖੀ ਸ਼ਾਇਦ ਸਭ ਤੋਂ ਪੁਰਾਣੀ ਚਿੱਠੀ ਹੈ ਜੋ ਉਪਲਭਦ ਹੈ)।
ਪਹਿਲੇ ਸੰਸਾਰ ਯੁੱਧ ਦੌਰਾਨ, ਬਰਤਾਨਵੀ ਸਾਮਰਾਜ ਨੂੰ ਬਚਾਉਣ ਲਈ 9 ਸਿੱਖ ਕੈਨੇਡੀਅਨ ਵਿੱਚ ਭਰਤੀ ਹੋਏ ਸਨ, ਉਸ ਬਰਤਾਨਵੀ ਸਾਮਰਾਜ ਨੂੰ ਬਚਾਉਣ ਲਈ ਜਿਸ ਨੇ ਹਿੰਦੁਸਤਾਨ ਨੂੰ ਗੁਲਾਮ ਬਣਾਇਆ ਹੋਇਆ ਸੀ (ਇਨ÷ ਾਂ ਸਾਮਰਾਜੀਆਂ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ‘ਦੇਸ਼ ਭਗਤ ਧੜੇ’ ਦੇ 14 ਸਿੱਖ ਸ਼ਹੀਦ ਹੋਏ ਸਨ)। ਇਨ÷ ਾਂ ਨੌਆਂ ਵਿੱਚੋਂ ਕੁੱਝ ਇੱਕ ਨੂੰ ਬ੍ਰਿਟਿਸ਼ ਕੋਲੰਬੀਆ ਵੱਲ ਭਰਤੀ ਗਦਾਰ ਧੜੇ ਦੇ ਬੇਲਾ ਸਿੰਘ ਜਿਆਣ ਅਤੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਦੇ ਡਾਕਟਰ ਰਘੂਨਾਥ ਸਿੰਘ ਨੇ ਕਰਵਾਇਆ ਸੀ (ਡਾਕਟਰ ਰਘੂਨਾਥ ਸਿੰਘ ਜਹਾਜ਼ ‘ਤੇ ਵਾਪਰ ਦੀ ਹਰ ਘਟਨਾ ਦੀ ਖਬਰ ਹਾਪਕਿਨਸਨ ਨੂੰ ਪਹੁੰਚਾਉਂਦਾ ਰਿਹਾ ਸੀ ਤੇ ਉਸ ਦੀ ਇਸ ਗਦਾਰੀ ਬਦਲੇ ਹਾਪਕਿਨਸਨ ਨੇ ਉਸ ਨੂੰ ਪਰਿਵਾਰ ਸਮੇਤ ਕਾਮਾਗਾਟਾ ਮਾਰੂ ਤੋਂ ਉਤਾਰ ਲਿਆ ਸੀ)। ਕੁੱਝ ਇੱਕ ਨੂੰ ਸੰਸਾਰੀਆਂ ਨੇ ਟੋਰਾਂਟੋ ਵੱਲ ਭਰਤੀ ਕਰਵਾਇਆ ਸੀ। ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਦੇ ਇੰਟੈਲੀਜੈਂਸ ਬਿਊਰੋ ਵੱਲੋਂ ਤਿਆਰ ਕੀਤੀ 1934 ਵਾਲ਼ੀ ਗਦਰ ਡਰੈਕਟਰੀ ਮੁਤਾਬਕ ਰਿਆਸਤ ਕਪੂਰਥਲਾ ਦੇ ਪਿੰਡ ਢਪਈ ਦਾ ਵਰਿਆਮ ਸਿੰਘ (ਵਜ਼ੀਰ ਸਿੰਘ ਦਾ ਪੁੱਤਰ) ਟੋਰਾਂਟੋ ਵਿੱਚ ਅਪਰੈਲ, 1915 ਨੂੰ ਸੀ.ਆਰ. ਐਫ. ਦੀ 38ਵੀਂ ਰਜਮੈਂਟ ਵਿੱਚ ਭਰਤੀ ਹੋਇਆ ਸੀ। ਵਰਿਆਮ ਸਿੰਘ ਟੋਰਾਂਟੋ ਵਲ ਸੰਸਾਰੀਆਂ ਦੇ ਨਾਲ ਹੀ ਬੀ. ਸੀ. ਵਿਚੋਂ ਗਿਆ ਸੀ ਤੇ ਉਸ ਨੂੰ ਫੌਜ ਵਿੱਚ ਭਰਤੀ ਵੀ ‘ਸੰਸਾਰੀਆਂ’ ਨੇ ਹੀ ਕਰਵਾਇਆ ਸੀ। ਮਾਰਚ 1918 ਵਿੱਚ ਵਰਿਆਮ ਸਿੰਘ ਨੂੰ ਫੌਜ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਸੀ। ਵਾਪਸ ਵੈਨਕੂਵਰ ਆਉਣ ਤੇ ਸਿੱਖ ਭਾਈਚਾਰੇ ਨੇ ਉਸਦਾ ਮੁਕੰਮਲ ਬਾਈਕਾਟ ਕਰ ਦਿੱਤਾ ਸੀ। ਕੋਈ ਮੂੰਹ ਨਹੀਂ ਸੀ ਲਾਉਂਦਾ ਉਸ ਨੂੰ। ਘਰ ਨਹੀਂ ਸੀ ਵੜਨ ਦਿੰਦਾ ਕੋਈ ਉਸ ਨੂੰ। ਭਾਈਚਾਰਾ ਨਰਾਜ਼ ਸੀ ਉਸ ਨਾਲ, ਉਸਦੇ ਫੌਜ ਵਿੱਚ ਭਰਤੀ ਹੋਣ ਕਰਕੇ।
ਮਾਹਿਲਪੁਰ ਏਰੀਏ ਦਾ ਬੁੱਕਣ ਸਿੰਘ ਬੈਂਸ 14 ਸਾਲ ਦੀ ਉਮਰੇ 1907 ਵਿੱਚ ਕਨੇਡਾ ਆਇਆ ਸੀ। ਇਥੇ ਉਹ ਸੰਸਾਰੀਆਂ ਕੋਲ਼ ਹੀ ਰਹਿੰਦਾ ਰਿਹਾ ਸੀ। 1914 ਵਿੱਚ ਉਹ ਸੰਸਾਰੀਆਂ ਦੇ ਨਾਲ਼ ਹੀ ਬੀ.ਸੀ. ਤੋਂ ਟੋਰਾਂਟੋ ਵਲ ਗਿਆ ਸੀ ਤੇ ਉਨ÷ ਾਂ ਦੇ ਨਾਲ਼ ਹੀ ਮਿਸਟਰ ਮੂਰ ਦੇ ਫਾਰਮ ‘ਤੇ ਕੰਮ ਕਰਦਾ ਰਿਹਾ ਸੀ। 1915 ਦੀ ਬਹਾਰ ਰੁੱਤੇ ਸੰਸਾਰੀਆਂ ਨੇ ਹੀ ਉਸ ਨੂੰ ਕਨੇਡੀਅਨ ਫੌਜ ਵਿੱਚ ਭਰਤੀ ਕਰਵਾਇਆ ਸੀ।
ਸੰਸਾਰੀਆਂ ਨੇ ਟੋਰਾਂਟੋ ਜਾ ਕੇ ਉੱਥੋਂ ਅੰਗਰੇਜ਼ੀ ਦਾ ਮਾਸਿਕ ਅਖਬਾਰ “Canada And India” ਕੱਢਿਆ ਸੀ। ਇਹ ਅਖਬਾਰ ਅੰਗਰੇਜ਼ ਸਾਮਰਾਜੀਆਂ ਨੂੰ ਖੁਸ਼ ਕਰਨ ਲਈ ਕੱਢਿਆ ਗਿਆ ਸੀ। ਦਸੰਬਰ 1916 ਦੇ ‘ਕੈਨੇਡਾ ਐਂਡ ਇੰਡੀਆ’ ਦੇ ਪਹਿਲੇ ਸਫੇ ‘ਤੇ ਲਿਖਿਆ ਹੋਇਆ ਸੀ: ”ਜਾਣਕਾਰੀ ਅਤੇ ਮੇਲ-ਮਿਲਾਪ ਦਾ ਅਖਬਾਰ ਜੋ ਹਰ ਮਹੀਨੇ ਅੰਗਰੇਜ਼ੀ ਰਾਜ ਦੇ ਹਿਤਾਂ ਖਾਤਰ ਕੱਢਿਆ ਜਾਂਦਾ ਹੈ।” ‘ A Journal of Information And Conciliation is issued monthly in the interests of the British Empire.’ (ਅਖਬਾਰ ਲੇਖਕ ਕੋਲ਼ ਹੈ) ਇਸ ਦੇ ਉੱਲਟ ਦੇਸ਼ ਭਗਤਾਂ ਦੇ ਅਖਬਾਰ ‘ਗ਼ਦਰ’ ਦੇ ਮੱਥੇ ‘ਤੇ ਲਿਖਿਆ ਹੁੰਦਾ ਸੀ, ”ਅੰਗਰੇਜ਼ੀ ਰਾਜ ਦਾ ਜਾਨੀ ਦੁਸ਼ਮਣ।” ਜ਼ਮੀਨ ਅਸਮਾਨ ਦਾ ਫਰਕ ਸੀ ਸੰਸਾਰੀਆਂ ਅਤੇ ਦੇਸ਼ ਭਗਤਾਂ ਦੀ ਸੋਚ ਵਿੱਚ।
(ਚਲਦਾ)

 

RELATED ARTICLES
POPULAR POSTS