ਦਰਸ਼ਨ ਸਿੰਘ ਸ਼ੰਕਰ
ਕਿਸੇ ਸਮੇਂ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਪੰਜਾਬ ਅੱਜ ਬਹੁਤ ਮਾੜੇ ਸਮੇਂ ‘ਚੋਂ ਗੁਜਰ ਰਿਹੈ। ਮੁਸ਼ਕਲਾਂ ਦਾ ਹੱਲ ਕੱਢਣ ਵਾਲੇ ਹੀ ਬਰਬਾਦੀ ਦਾ ਕਾਰਨ ਨੇ। ਢਾਈ ਲੱਖ ਕਰੋੜ ਦਾ ਕਰਜ਼ਾ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਨੌਜਵਾਨਾਂ ਦਾ ਪਲਾਇਨ, ਨਸ਼ੇ, ਮਾਫੀਆ ਰਾਹੀਂ ਲੁੱਟ ਨੇ ਪੰਜਾਬ ਨੂੰ ਉਜਾੜ ਦਿੱਤੇ। ਉਪਰੋਂ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਲੜਨ ਦੀ ਮੁਸ਼ਕਲ ਜੰਗ। ਜਿਨ੍ਹਾਂ ਹੱਥ ਉਮੀਦਾਂ ਲਗਾ ਕੇ ਵਾਗਡੋਰ ਸੌਂਪੀ , ਉਹ ਜਿੰਮੇਵਾਰੀ ਨਿਭਾਉਣ ਦੀ ਥਾਂ ਆਪਸ ਵਿੱਚ ਹੀ ਉਲਝੇ ਪਏ ਨੇ। ਮੁੱਖ ਮੰਤਰੀ ਵਲੋਂ ਲੌਕਡਾਉਨ ਤੋਂ ਪਹਿਲਾਂ ਕਰਫਿਊ ਲਗਾਉਣ ਨਾਲ ਸਥਿਤੀ ਦੂਜੇ ਰਾਜਾਂ ਨਾਲੋਂ ਬੇਹਤਰ ਚਲ ਰਹੀ ਸੀ। ਫਿਰ ਵੀ ਮਰੀਜ਼ਾਂ ਦੀ ਗਿਣਤੀ 2000 ਦੇ ਕਰੀਬ ਹੈ ਅਤੇ 35 ਮੌਤਾਂ ਵੀ ਹੋਈਆਂ ਨੇ। 1700 ਮਰੀਜ਼ ਠੀਕ ਹੋਏ ਨੇ ਅਤੇ ਠੀਕ ਹੋਣ ਦੀ ਦਰ 64% ਹੈ। ਦੋ ਮਹੀਨੇ ਤੋਂ ਕਾਰੋਬਾਰ ਠੱਪ ਹੋਣ ਕਾਰਨ ਸਰਕਾਰੀ ਆਮਦਨ ਨਾਂ ਬਰਾਬਰ ਹੋਈ। ਅਪਰੈਲ ਮਹੀਨੇ 3300 ਕਰੋੜ ਦੇ ਟੀਚੇ ਵਿਰੁੱਧ ਸਿਰਫ 400 ਕਰੋੜ ਰੈਵਿਨਿਉ ਆਇਐ। ਕੇਂਦਰ ਸਰਕਾਰ ਵੱਲੋਂ ਬਣਦੇ ਜੀਐਸਟੀ ਦੇ ਬਕਾਇਆ 4500 ਕਰੋੜ ਰੁਪਏ ਵੀ ਰੋਕ ਰੱਖੇ ਨੇ । ਹਸਪਤਾਲਾਂ ਵਿਚ ਸਟਾਫ ਅਤੇ ਸੁਰੱਖਿਆ ਸਾਮਾਨ ਦੀ ਘਾਟ ਕਾਰਨ ਮੁਸ਼ਕਲਾਂ ਵੱਖ ਨੇ। ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਜਾਣ ਲਈ ਕਾਹਲੇ ਨੇ। ਫਿਰ ਵੀ ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਕਾਫੀ ਚੰਗੀ ਸਥਿਤੀ ਵਿਚ ਹੈ। ਕੁੱਲ ਮਿਲਾ ਕੇ ਸਰਕਾਰ ਸਾਵੀਂ ਚਾਲ ਚਲ ਰਹੀ ਸੀ। ਅਜੇਹੇ ਵਿਚ 9 ਮਈ ਨੂੰ ਸ਼ਰਾਬ ਨੀਤੀ ਤੇ ਮੀਟਿੰਗ ਵਿਚ ਤਿੰਨ ਮੰਤਰੀਆਂ ਦੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਕਹਾ ਸੁਣੀ ਹੋ ਗਈ। ਅਸਲ ਮਾਮਲਾ ਪਿੱਛਲੇ 3 ਸਾਲ ਤੋਂ ਸ਼ਰਾਬ ਤੋਂ ਸਰਕਾਰ ਦੇ ਸ਼ਰਾਬ ਤੋਂ ਟੀਚਿਆਂ ਨਾਲੋਂ ਕਰੀਬ 1800 ਕਰੋੜ ਰੁਪਏ ਦੇ ਘੱਟ ਮਾਲੀਏ ਦਾ ਸੀ। ਮੁੱਖ ਸਕੱਤਰ ਤੇ ਅਪਮਾਨਜਨਕ ਬਰਤਾਅ ਦਾ ਦੋਸ਼ ਲਗਾ ਕੇ ਤਿਨ ਮੰਤਰੀ ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਮੀਟਿੰਗ ‘ਚੋਂ ਵਾਕ ਆਊਟ ਕਰ ਗਏ। ਵਿਭਾਗ ਸਿਧੇ ਤੌਰ ਤੇ ਮੁੱਖ ਮੰਤਰੀ ਪਾਸ ਹੈ ਅਤੇ ਮੁੱਖ ਸਕੱਤਰ ਖੁੱਦ ਹੀ ਇਸ ਦੇ ਇੰਚਾਰਜ ਸਨ। ਮੀਡੀਆ ਨੂੰ ਵੱਡਾ ਮਸਾਲਾ ਮਿਲਣ ਤੇ ਤਹਿਲਕਾ ਮਚ ਗਿਆ। ਵਿਰੋਧੀਆਂ ਤੋਂ ਪਹਿਲਾਂ ਹੀ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ, ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਵਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਸਕੱਤਰ ਦੀ ਨਿਖੇਧੀ ਕਰਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਦਿੱਤੀ। ਰਵਨੀਤ ਬਿੱਟੂ ਨੇ ਮੰਤਰੀਆਂ ਨੂੰ ਅਫਸਰਸ਼ਾਹੀ ਤੇ ਅਥਾਰਟੀ ਨਾਂ ਮੰਨਵਾ ਸਕਣ ਤੇ ਅਹੁਦੇ ਛੱਡਣ ਲਈ ਆਖ ਦਿੱਤਾ। ਰਾਜਾ ਵੜਿੰਗ ਨੇ ਮੁੱਖ ਸਕੱਤਰ ਦੇ ਰਿਸ਼ਤੇਦਾਰ ਦੇ ਸ਼ਰਾਬ ਕਾਰੋਬਾਰ ਵਿਚ ਬੇਨਾਮੀ ਹੱਸੇਦਸਰੀ ਦਾ ਗੰਭੀਰ ਦੋਸ਼ ਵੀ ਲਗਾਇਆ।ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ 70% ਕਾਂਗਰਸੀ ਵਿਧਾਇਕ ਸ਼ਰਾਬ ਦੇ ਵਪਾਰ ‘ਚ ਸ਼ਾਮਿਲ ਨੇ। ਸ਼ੁਰੂ ਵਿਚ ਸਾਰੇ ਵਿਵਾਦ ਮੰਤਰੀਆਂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਅਥਾਰਟੀ ਦੇ ਟਕਰਾਅ ਵਜੋਂ ਉਭਰਿਆ । ਪਰ ਬਾਅਦ ਵਿਚ ਸੱਤਾਧਾਰੀ ਲੀਡਰਾਂ ਦੀ ਸਰਪ੍ਰਸਤੀ ਵਾਲੇ ਬੇਲਗਾਮ ਸ਼ਰਾਬ ਮਾਫੀਏ ਵਲੋਂ ਖਜਾਨੇ ਦੀ ਸ਼ਰੇਆਮ ਲੁੱਟ ਤੇ ਕੇਂਦਰਿਤ ਹੋ ਚੁੱਕੇ, ਹਮਾਮ ਵਿਚ ਨੇਤਾ ਅਤੇ ਅਧਕਾਰੀ ਨੰਗੇ ਨਜ਼ਰ ਆ ਰਹੇ ਨੇ। 1 ਅਪਰੈਲ ਨੂੰ ਹੋਈ ਕੈਬਨਿਟ ਮੀਟਿੰਗ ਵਿਚ ਤਿੰਨੋਂ ਮੰਤਰੀਆਂ ਬਾਦਲ, ਚੰਨੀ ਅਤੇ ਰੰਧਾਵਾ ਨੇ ਮੁੱਖ ਸਕੱਤਰ ਦੇ ਅਪੱਦਰ ਵਿਵਹਾਰ ਦਾ ਮਾਮਲਾ ਉਠਾਇਆ ਅਤੇ ਕੈਬਨਿਟ ਨੇਸਰਬਸੰਮਤੀ ਨਾਲ ਮਤਾ ਪਾ ਕੇ ਮੁੱਖ ਸਕੱਤਰ ਦੇ ਮੰਤਰੀਆਂ ਪ੍ਰਤੀ ਮਾੜੇ ਰਵੱਈਏ ਦੀ ਆਲੋਚਨਾ ਕੀਤੀ । ਬਾਦਲ ਅਤੇ ਚੰਨੀ ਨੇ ਅੱਗੇ ਤੋਂ ਮੁੱਖ ਸਕੱਤਰ ਨਾਲ ਕੈਬਨਿਟ ਮੀਟਿੰਗ ‘ਚ ਸ਼ਾਮਿਲ ਹੋਣ ਨਾਂ ਹੋਣ ਦਾ ਐਲਾਨ ਕੀਤਾ। ਕਈ ਵਧਾਇਕ ਵੀ ਮੁੱਖ ਸਕੱਤਰ ਖਿਲਾਫ ਮੰਤਰੀਆਂ ਦੀ ਹਮਾਇਤ ਤੇ ਆ ਗਏ। ਉਧਰ ਮੁੱਖ ਮੰਤਰੀ ਦੇ ਨਜ਼ਦੀਕੀ ਤ੍ਰਿਪਤ ਰਜਿੰਦਰ ਬਾਜਵਾ ਤੇ ਚਰਨਜੀਤ ਚੰਨੀ ਨੇ ਧਮਕਾਉਣ ਦੇ ਦੋਸ਼ ਲਗਾਏ। ਬਹੁਤੇ ਦਲਿਤ ਵਿਧਾਇਕ ਚੰਨੀ ਦੀ ਹਮਾਇਤ ਤੇ ਉਤਰੇ ਆਏ ਅਤੇ ਮਾਮਲਾ ਦਲਿਤ-ਜੱਟ ਰਾਜਨੀਤੀ ਵਲ ਮੋੜ ਖਾ ਗਿਆ। ਚੰਨੀ ਨੇ ਮਾਮਲਾ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਪ੍ਰਧਾਨ ਪਾਸ ਵੀ ਉਠਾਇਆ। ਮੁੱਖ ਮੰਤਰੀ ਨੇ ਸਥਿਤੀ ਵਿਗੜਦੀ ਦੇਖ ਮੁੱਖ ਸਕੱਤਰ ਨੂੰ ਆਬਕਾਰੀ ਅਤੇ ਕਰ ਵਿਭਾਗ ਤੋਂ ਲਾਂਭੇ ਕਰ ਕੇ ਸਾਥੀ ਮੰਤਰੀਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤੈ । ਸ਼ੁਰੂ ਵਿਚ ਇਹ ਮਾਮਲਾ ਮੰਤਰੀਆਂ ਅਤੇ ਬਾਬੂਆਂ ਦੇ ਅਧਿਕਾਰ ਖੇਤਰ ਦਾ ਲੱਗਦਾ ਸੀ, ਪਰ ਹੁਣ ਪਰਤਾਂ ਖੁੱਲਣ ‘ਤੇ ਸਪੱਸ਼ਟ ਹੋਇਆ ਕਿ ਇਹ ਮਾਮਲਾ ਸਿੱਧੇ ਤੌਰ ‘ਤੇ ਸ਼ਰਾਬ ਮਾਫੀਆ ਵੱਲੋਂ ਦੀ ਬੇਸ਼ੁਮਾਰ ਲੁੱਟ ਦਾ ਹੈ, ਜਿਸ ਵਿਧਾਨਕਾਰਾਂ ਅਤੇ ਉੱਚ ਅਧਿਕਾਰੀਆਂ ਦੀ ਸਰਪ੍ਰਸਤੀ ਦੇ ਗੰਭੀਰ ਦੋਸ਼ ਲੱਗੇ ਨੇ। ਦਰਜਨ ਦੇ ਕਰੀਬ ਵਧਾਇਕਾਂ ਨੇ ਮੁਖ ਮੰਤਰੀ ਨੂੰ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਲਈ ਕਿਹਾ ਤਾਂ ਕਿ ਸਰਕਾਰ ਵਧੇਰੇ ਕਿਰਕਿਰੀ ਤੋਂ ਬੱਚ ਸਕੇ। ਵਿਤੀ ਸੰਕਟ ਵਿਚ ਘਿਰੀ ਸਰਕਾਰ ਦਾ ਸਾਰਾ ਧਿਆਨ ਸੂਬੇ ਵਿਚ ਤੇਜ਼ੀ ਨਾਲ ਫੈਲ ਰਹੀ ਕਰੋਨਾ ਦੀ ਸਮੱਸਿਆ ਤੋਂ ਭਟਕਾ ਕੇ ਰੱਖ ਦਿੱਤੇ। ਮੌਕੇ ਦੀ ਤਾਲਾਸ਼ ਵਿਚ ਬੈਠੇ ਨਾਰਾਜ ਕਾਂਗਰਸੀ ਵੀ ਮੌਕੇ ਪਾਉਂਦੇ ਮੈਦਾਨ ਵਿਚ ਆ ਚੁੱਕੇ ਨੇ, ਪਰ ਅਜੇ ਮੁੱਖ ਮੰਤਰੀ ਦੀ ਕੁਰਸੀ ਨੂੰ ਸਿੱਧੇ ਤੌਰ ਤੇ ਕੋਈ ਚੈਲੇਂਜ ਦਿਖਾਈ ਨਹੀਂ ਦਿੰਦਾ। ਕਾਂਗਰਸ ਕਲਚਰ : ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਹਮੇਸ਼ਾਂ ਮੁੱਖ ਮੰਤਰੀਆਂ ਨੂੰ ਕਮਜ਼ੋਰ ਰੱਖਣ ਲਈ ਦੂਜੇ ਨੰਬਰ ਦੇ ਲੀਡਰ ਨੂੰ ਸਹਿ ਦਿੰਦੀ ਰਹਿੰਦੀ ਹੈ। ਕੈਪਟਨ ਸਰਕਾਰ ਦੀ 3 ਸਾਲਾਂ ਦੀ ਮਾੜੀ ਕਾਰਗੁਜਾਰੀ ਅਤੇ ਮੁੱਖ ਮੰਤਰੀ ਤੇ ਬਾਦਲਾਂ ਪ੍ਰਤੀ ਨਰਮ ਰਵੱਈਏ ਤੋਂ ਕੇਂਦਰੀ ਲੀਡਰਸਿਪ ਫਿਕਰਮੰਦ ਦਿਸਦੀ ਹੈ। ਇਸੇ ਕਾਰਨ ਗਾਂਧੀ ਪਰਿਵਾਰ ਦੇ ਨਜ਼ਦੀਕੀ ਸਮਝੇ ਜਾਂਦੇ ਕਈ ਵਿਧਾਇਕ ਖੁੱਲ੍ਹੇਆਮ ਸਰਕਾਰ ਦੀ ਆਲੋਚਨਾ ਕਰਦੇ ਰਹਿੰਦੇ ਨੇ। ਵਿਧਾਨ ਸਭਾ ਵਿਚ ਵਿਰੋਧੀ ਧਿਰ ਨਾਲ ਕਾਂਗਰਸ ਵਿਧਾਇਕਾਂ ਵੱਲੋਂ ਦਬਾਅ ਬਣਾਉਣ ਦੇ ਬਾਵਜੂਦ ਕੈਪਟਨ ਨੇ ਸਾਰੇ ਮੁੱਦੇ ਲਾਂਭੇ ਰੱਖੇ ਹੋਏ ਨੇ । ਗਲਤ ਬਿਜਲੀ ਸਮਝੌਤੇ ਰੱਦ ਕਰਨ ਲਈ ਵਾਈਟ ਪੇਪਰ ਲਿਆਉਣ ਦੇ ਭਰੋਸੇ ਵਿਧਾਨ ਸਭਾ ਦੇ ਦੋ ਇਜਲਾਸ ਲੰਘਾ ਲਏ। 2019 ਲੋਕਸਭਾ ਚੋਣਾਂ ਦੌਰਾਨ ਨਵਜੋਤ ਸਿੱਧੂ ਵਲੋਂ ਪ੍ਰਿਅੰਕਾ ਗਾਂਧੀ ਦੀ ਹਾਜਰੀ ‘ਚ ਕੈਪਟਨ ਤੇ ਬਾਦਲਾਂ ਦੇ ਮਿੱਲੇ ਹੋਣ ਦਾ ਮਾਮਲਾ ਚੁੱਕਿਆ, ਪਰ ਕੈਪਟਨ ਨੇ ਸਿੱਧੂ ਨੂੰ ਹੀ ਝਟਕਾ ਦਿੱਤਾ। ਸਿੱਧੂ ਮੰਤਰੀ ਪੱਦ ਗੁਆ ਕੇ ਘਰ ਖਾਮੋਸ਼ ਬੈਠੇ ਨੇ। ਇਸ ਵਾਰ ਮੰਤਰੀ ਸ਼ਰਾਬ ਦੀ ਤਸਕਰੀ ਅਤੇ ਅਫਸਰਸ਼ਾਹੀ ਦੀ ਮਨਮਾਨੀ ਦਾ ਮੁੱਦਾ ਉਠਾਉਣ ਵਿਚ ਤਾਂ ਸਫਲ ਰਹੇ, ਪ੍ਰੰਤੂ ਮੁੱਖ ਮੰਤਰੀ ਲਈ ਕੋਈ ਵੱਡੀ ਚੁਣੌਤੀ ਖੜ੍ਹੀ ਨਹੀਂ ਕਰ ਸਕੇ। ਕੈਪਟਨ ਦੀ ਪਹਿਲੀ ਸਰਕਾਰ ਸਮੇਂ ਰਾਜਿੰਦਰ ਕੌਰ ਭੱਠਲ ਨੇ ਉਸ ਦੀ ਕਾਰਜਸ਼ੈਲੀ ਖਿਲਾਫ਼ ਦਰਜਨ ਤੋਂ ਵੱਧ ਵਿਧਾਇਕਾਂ ਨਾਲ ਦਿੱਲੀ ‘ਚ ਮੁੱਖ ਮੰਤਰੀ ਬਦਲਾਉਣ ਲਈ ਡੇਰਾ ਜਮਾ ਦਿੱਤਾ ਸੀ। ਕਰੀਬ ਡੇੜ ਮਹੀਨੇ ਦੇ ਦਬਾਅ ਪਿੱਛੋਂ ਜਨਵਰੀ 2004 ਵਿਚ ਭੱਠਲ ਉਪ ਮੁੱਖ ਮੰਤਰੀ ਦਾ ਅਹੁਦਾ ਲੈ ਕੇ ਟਿਕ ਗਈ, ਫਿਰ 2007 ਤਕ ਕੈਪਟਨ ਨੂੰ ਕਿਸੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ। ਸ਼ਰਾਬ ਦੇ ਅਵੈਧ ਕਾਰੋਬਾਰ ਰਾਹੀ ਲੁੱਟ : ਪੰਜਾਬ ਵਿੱਚ ਮਾਫੀਏ ਆਪਣੇ ਰਾਜਨੀਤਕ ਆਕਾਵਾਂ ਦੀ ਸਰਪ੍ਰਸਤੀ ਵਿਚ ਬੇਸ਼ੁਮਾਰ ਲੁੱਟ ਕਰ ਰਹੇ ਨੇ। ਸ਼ਰਾਬ ਦਾ ਅਵੈਧ ਵਪਾਰ ਅਤੇ ਮਾਈਨਿੰਗ ਸਰਕਾਰੀ ਮਾਲੀਏ ਵਿਚ ਵੱਡਾ ਮਘੋਰਾ ਕੀਤਾ। ਸੂਬੇ ਵਿਚ ਕਰਫਿਊ ਦੌਰਾਨ ਠੇਕੇ ਬੰਦ ਹੋਣ ਦੇ ਬਾਵਯੂਦ ਸ਼ਰਾਬ ਦੀ ਸਪਲਾਈ ਘਰ-ਘਰ ਤੱਕ ਧੜੱਲੇ ਨਾਲ ਹੋਈ। ਦੂਜੇ ਰਾਜਾਂ ਤੋਂ ਸ਼ਰਾਬ ਦੀ ਤਸਕਰੀ ਵੀ ਸ਼ਰੇਆਮ ਹੁੰਦੀ ਹੈ। ਖੰਨਾ, ਰਾਜਪੁਰਾ, ਲੁਧਿਆਣਾ ਸਮੇਤ ਕਈ ਥਾਵਾਂ ਤੇ ਨਾਜਾਇਜ਼ ਸ਼ਰਾਬ ਦੀਆਂ ਡਿਸਟਿਲਰੀਆਂ ਵੀ ਫੜੀਆਂ ਗਈਆਂ, ਪਰ ਕਰਿੰਦਿਆਂ ਤੋਂ ਅੱਗੇ ਵੱਡੀਆਂ ਮੱਛਲੀਆਂ ਤਕ ਹੱਥ ਨਹੀਂ ਪਹੁੰਚਿਆ।ਨਾਜਾਇਜ਼ ਕਾਰੋਬਾਰ ਸੱਤਾਧਾਰੀ ਲੀਡਰਾਂ ਅਤੇ ਅਧਿਕਾਰੀਆਂ ਮਿਲੀਭੁਗਤ ਨਾਲ ਹੋਰ ਫੈਲ ਰਿਹੈ। ਤਾਮਿਲਨਾਡੂ ਅਤੇ ਦਿੱਲੀ ਵਿਚ ਸਰਕਾਰ ਨੇ ਸ਼ਰਾਬ ਦੀਆਂ ਕਾਰਪੋਰੇਸ਼ਨਾਂ ਬਣਾ ਕੇ ਆਮਦਨ ਕਈ ਗੁਣਾ ਵਧਾਈ ਹੈ। ਮਾੜੀ ਮਾਲੀ ਹਾਲਤ ਨਾਲ ਜੂਝ ਰਹੀ ਪੰਜਾਬ ਸਰਕਾਰ ਵੀ ਸ਼ਰਾਬਦੀ ਤਸਕਰੀ ਤੇ ਲਗਾਮ ਲਗਾ ਕੇ ਕਾਫੀ ਸੁਖਾਲੀ ਹੋ ਸਕਦੀ ਹੈ। ਮੱਖ ਮੰਤਰੀ ਨੇ ਡੀਜੀਪੀ ਨੂੰ ਤਸਕਰੀ ਤੇ ਮੁਕੰਮਲ ਲਗਾਮ ਲਗਾਉਣ ਦੀਆਂ ਹਦਾਇਤਾਂ ਕੀਤੀਆਂ ਨੇ ਅਤੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ। ਪਰ ਇਹ ਪਹਿਲੀ ਵਾਰ ਨਹੀਂ ਹੈਂ, ਮਾਫੀਆ ਦੀ ਲੁੱਟ ਜਾਰੀ ਰਹਿੰਦੀ ਹੈ। ਪੰਜਾਬ ਨੂੰ ਸੰਭਾਲਣ ਦੀ ਲੋੜ : ਪੰਜਾਬ ਕਰੀਬ ਢਾਈ ਲੱਖ ਕਰੋੜ ਦੇ ਕਰਜੇ ਦਾ ਸਾਲਾਨਾ 17625 ਕਰੋੜ ਵਿਆਜ ਭਰ ਰਿਹੈ ਹੈ। ਕਰਫਿਊ ਕਾਰਨ 2 ਮਹੀਨੇ ਤੋਂ ਟੈਕਸਾਂ ਦੀ ਉਗਰਾਹੀ ਨਾਂ ਦੇ ਬਰਾਬਰ ਹੈ। ਕੇਂਦਰ ਮੱਦਦ ਦੀ ਬਜਾਏ ਜੀਐਸਟੀ ਦੇ ਬਣਦੇ 4365 ਕਰੋੜ ਜਾਰੀ ਕਰਨ ‘ਚ ਵੀ ਮੀਂਗਣਾਂ ਪਾ ਰਿਹੈ। ਆਉਂਦੇ ਸਮੇਂ ਵਿਚ ਵੱਡੀ ਆਰਥਿਕ ਮੰਦੀ ਸਾਹਮਣੇ ਖੜ੍ਹੀ ਦਿਖਾਈ ਦੇ ਰਹੀ ਹੈ। ਪ੍ਰਵਾਸੀਆਂ ਦੀ ਆਪਣੇ ਰਾਜਾਂ ਨੂੰ ਵਾਪਸੀ ਵੀ ਮੁਸ਼ਕਲਾਂ ਖੜ੍ਹੀਆਂ ਕਰੇਗੀ। ਬੇਰੁਜ਼ਗਾਰੀ ਕਾਰਨ ਨੌਜਵਾਨ ਵਿਦੇਸ਼ਾਂਂ ਦੇ ਰਾਹ ਪੈ ਚੁਕੇ ਨੇ। ਕਿਸਾਨੀ ਨੂੰ ਕੇਂਦਰ ਦੇ 20 ਲੱਖ ਕਰੋੜ ਦੇ ਪੈਕੇਜ ਵਿਚੋਂਵੀ ਕੁੱਝ ਪੱਲੇ ਪੈਂਦਾ ਦਿਖਾਈ ਨਹੀਂ ਦਿੰਦਾ। ਕੁੱਲ ਮਿਲਾ ਕੇ ਪੰਜਾਬ ਦਾ ਭਵਿੱਖ ਹਨੇਰਾ ਹੀ ਦਿਖਦੈ।
ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਦੀ ਕਾਰਗੁਜਾਰੀ ਦੂਜੇ ਸੂਬਿਆਂ ਦੇ ਮੁਕਾਬਲੇ ਕਾਫੀ ਚੰਗੀ ਰਹੀ ਹੈ ਅਤੇ ਸਖਤ ਫੈਸਲਿਆਂ ਨਾਲ ਮੁੱਖ ਮੰਤਰੀ ਦੀ ਸ਼ਾਖ ਵਿਚ ਕਾਫੀ ਸੁਧਾਰ ਹੋਇਆ ਜਾਪਦੈ। ਬੇਸ਼ਕ ਸ਼ਰਾਬ ਤਸਕਰੀ ਦੇ ਮੁੱਦੇ ਤੇ ਪਾਰਟੀ ਅੰਦਰ ਨਾਰਾਜ਼ ਬੈਠੇ ਲੀਡਰਾਂ ਨੇ ਮੁੱਖ ਮੰਤਰੀ ਨੂੰ ਸਾਂਝੀ ਚੁਣੌਤੀ ਜਰੂਰ ਦਿੱਤੀ ਹੈ, ਪਰ ਨਾਰਾਜ਼ ਧੜੇ ਵਿਚ ਕੋਈ ਕੈਪਟਨ ਦਾ ਬੱਦਲ ਨਹੀਂ ਉਭਰਿਆ। ਫਿਲਹਾਲ ਕੈਪਟਨ ਇਸ ਬਵਾਲ ਨਾਲ ਨਿਪਟਣ ਵਿਚ ਸਫਲ ਰਿਹੈ । ਬੇਸ਼ਕ ਉਸ ਦੀ ਕੁਰਸੀ ਨੂੰ ਤਾਂ ਕੋਈ ਖਤਰਾ ਨਹੀਂ, ਪਰ ਨਸ਼ਾ ਤਸਕਰੀ ਦਾ ਉਠਿਆ ਝੱਖੜ ਕੈਪਟਨ ਸਰਕਾਰ ਦੀ ਚੂਲਾਂ ਜਰੂਰ ਹਿਲਾ ਗਿਐ। ਜੇਕਰ ਮੁੱਖ ਮੰਤਰੀ ਮਾਫੀਆਂ ਰਾਹੀਂ ਹੋ ਰਹੀ ਖਜਾਨੇ ਦੀ ਬੇਤਹਾਸ਼ਾ ਲੁੱਟ ਨੂੰ ਰੋਕਣ ਵਿਚ ਅਸਫਲ ਰਹਿੰਦੇ ਨੇ, ਤਾਂ ਉਨ੍ਹਾਂ ਇਹ ਵਿਰੋਧ ਚਿੰਗਾੜੀ ਭਾਂਬੜ ਬਣ ਕੇ ਵੱਡਾ ਖਤਰਾ ਬਣ ਸਕਦੈ।
ੲੲੲ
Check Also
ਗੁਰੂ ਨਾਨਕ ਜਹਾਜ਼ ਦੀ 111ਵੀਂ ਯਾਦਗਾਰੀ ਵਰ੍ਹੇ-ਗੰਢ
ਚੜ੍ਹਦੀ ਕਲਾ ਦਾ ਪ੍ਰਤੀਕ ਹੈ ਗੁਰੂ ਨਾਨਕ ਜਹਾਜ਼ ਦਾ ਸਫ਼ਰ ਡਾ. ਗੁਰਵਿੰਦਰ ਸਿੰਘ ਗੁਰੂ ਨਾਨਕ …