ਡਾ. ਗੁਰਵਿੰਦਰ ਸਿੰਘ
ਕੈਨੇਡਾ ਦੇ ਕੋਨੇ-ਕੋਨੇ ਵਿਚ ਇਨੀਂ-ਦਿਨੀਂ ਮਾਨਵਵਾਦ ਨੂੰ ਸਮਰਪਿਤ ਮਹਾਨ ਮੁਹਿੰਮ ‘ਸਿੱਖ ਕੌਮ ਵੱਲੋਂ ਖੂਨਦਾਨ’ ਜ਼ੋਰਾਂ ਉਤੇ ਹੈ। ਦੇਸ਼ ਦੇ ਹਰੇਕ ਵੱਡੇ ਸ਼ਹਿਰ ਵਿਚ ਸੈਂਕੜੇ ਸਿੱਖ ਬੀਬੀਆਂ ਅਤੇ ਆਦਮੀ ਖੂਨਦਾਨ ਕਰਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ। ‘ਕੈਨੇਡੀਅਨ ਬਲੱਡ ਸਰਵਿਸਜ਼’ ਵਲੋਂ ਇਸ ਕਾਰਜ ਨੂੰ ‘ਦੇਸ਼ ਵਿਚ ਸਭ ਤੋਂ ਵੱਡੀ ਖੂਨਦਾਨ ਲਹਿਰ’ ਕਰਾਰ ਦਿੰਦਿਆਂ ਸਨਮਾਨਿਤ ਕੀਤਾ ਗਿਆ ਹੈ। ਦਰਅਸਲ ਕੈਨੇਡਾ ਭਰ ਵਿਚ ਇਹ ਉਪਰਾਲਾ 1999 ‘ਚ ਆਰੰਭ ਹੋਇਆ ਸੀ ਅਤੇ 2019 ਤੱਕ 1 ਲੱਖ 50 ਹਜ਼ਾਰ ਤੋਂ ਵੱਧ ਜਾਨਾਂ ਸਿੱਖ ਕੌਮ ਵਲੋਂ ਕੀਤੇ ਖੂਨਦਾਨ ਰਾਹੀਂ ਬਚਾਈਆਂ ਜਾ ਚੁੱਕੀਆਂ ਹਨ। ਵੈਨਕੂਵਰ, ਟੋਰਾਂਟੋ, ਮਾਂਟਰੀਅਲ, ਐਡਮਿੰਟਨ, ਕੈਲਗਰੀ, ਵਿਨੀਪੈੱਗ, ਸਰੀ, ਐਬਟਸਫੋਰਡ, ਕਲੋਨਾ, ਕੈਮਲੂਪਸ, ਵਿਲੀਅਮਸ ਲੇਕ, ਸਸਕੈਚਵਿਨ, ਵਿਕਟੋਰੀਆ ਅਤੇ ਕੈਨੇਡਾ ਦੀ ਰਾਜਧਾਨੀ ਔਟਵਾ ਤੱਕ ਇਸ ਲਹਿਰ ਵਿਚ ਲੋਕਾਂ ਨੇ ਬੇਮਿਸਾਲ ਉਤਸ਼ਾਹ ਵਿਖਾਇਆ ਹੈ। ਸੰਸਾਰ ਪੱਧਰ ‘ਤੇ ਕੌਮੀ ਅਕਸ ਮਹਾਨ ਰੂਪ ਵਿਚ ਉਜਾਗਰ ਕਰਨ ਲਈ ਜਿਥੇ ਇਹ ਉਪਰਾਲਾ ਸ਼ਾਨਦਾਰ ਹੈ, ਉਥੇ 36 ਸਾਲ ਪਹਿਲਾਂ ਹੋਈ ਸਿੱਖ ਨਸਲਕੁਸ਼ੀ ਦੀ ਪੀੜਾ ਨੂੰ ਵੀ ਸੰਸਾਰ ਸਾਹਮਣੇ ਰੱਖਣ ਦਾ ਬਿਹਤਰੀਨ ਤਰੀਕਾ ਹੈ। ਖੂਨ ਡੋਲ੍ਹ ਕੇ ਅਤੇ ਜਾਨਾਂ ਲੈ ਕੇ ਜ਼ੁਲਮ ਕਰਨ ਵਾਲਿਆਂ ਦੀ ਕੋਝੀ ਅਸਲੀਅਤ ਦੁਨੀਆ ਅੱਗੇ ਰੱਖਣ ਦਾ ਇਸ ਤੋਂ ਬਿਹਤਰੀਨ ਢੰਗ ਕੀ ਹੋ ਸਕਦਾ ਹੈ ਕਿ ਨਸਲਕੁਸ਼ੀ ਦੀ ਪੀੜ੍ਹਤ ਸਿੱਖ ਕੌਮ ਨਾਲ ਸਬੰਧਤ ਲੋਕ ਅੱਜ ਵੀ ਇਨਸਾਫ਼ ਲਈ ਜਦੋ-ਜਹਿਦ ਕਰਦੇ ਖ਼ੂਨਦਾਨ ਦੇ ਕੇ ਲੱਖਾਂ ਜਾਨਾਂ ਬਚਾ ਰਹੇ ਹਨ।
ਕੈਨੇਡੀਅਨ ਲੋਕ ਜਦੋਂ ਦੇਸ਼ ‘ਚ ਥਾਂ-ਥਾਂ ‘ਤੇ ਲੱਗੇ ਖੂਨਦਾਨ ਕੈਂਪਾਂ ਵਿਚ ਸਿੱਖਾਂ ਦੇ ਵਲੰਟੀਅਰ ਪਰਿਵਾਰਾਂ, ਯੂਨੀਵਰਸਿਟੀ ‘ਚ ਪੜ੍ਹਦੇ ਨੌਜਵਾਨ ਲੜਕੇ-ਲੜਕੀਆਂ ਅਤੇ ਬੁੱਧੀਜੀਵੀਆਂ ਤੋਂ ਏਨੇ ਵੱਡੇ ਹੁੰਗਾਰੇ ਦਾ ਕਾਰਨ ਪੁੱਛਦੇ ਹਨ, ਤਾਂ ਸਭ ਨੂੰ ਇੱਕੋ ਹੀ ਜਵਾਬ ਮਿਲਦਾ ਹੈ ਕਿ ‘ਸਰਬੱਤ ਦਾ ਭਲਾ’ ਮੰਗਣ ਵਾਲੀ ਕੌਮ ਖੂਨ ਲੈਣ ਵਿਚ ਨਹੀਂ, ਖੂਨ ਦੇਣ ‘ਚ ਵਿਸ਼ਵਾਸ ਰੱਖਦੀ ਹੈ। ਇਸ ਲਹਿਰ ਨੇ ਸੰਸਾਰ ਭਰ ਦੇ ਮੀਡੀਆ ਦਾ ਧਿਆਨ ਉਸ ਵੇਲੇ ਹੋਰ ਵੀ ਖਿੱਚਿਆ, ਜਦੋਂ ਪੈਰਿਸ ਅੰਦਰ ਹੋਏ ਜਾਨਲੇਵਾ ਹਮਲਿਆਂ ਕਾਰਨ ਮਨੁੱਖਤਾ ਕੰਬ ਉੱਠੀ ਸੀ। ਉਸ ਸਮੇਂ ਫਰਾਂਸ ਦੇ ਸਿੱਖਾਂ ਨੇ ਸੈਂਕੜਿਆਂ ਦੀ ਗਿਣਤੀ ਵਿਚ ਖੂਨਦਾਨ ਕਰਦਿਆਂ ਜ਼ਖਮੀਆਂ ਦੀਆਂ ਨਾ ਸਿਰਫ਼ ਜਾਨਾਂ ਹੀ ਬਚਾਈਆਂ, ਸਗੋਂ ਭਾਈ ਘਨ੍ਹੱਈਆ ਅਤੇ ਭਗਤ ਪੂਰਨ ਸਿੰਘ ਦੇ ਮਾਨਵੀ ਸੇਵਾ ਦੇ ਸੁਨੇਹੇ ਨੂੰ ਹੋਰਨਾਂ ਕੌਮਾਂ ਤੱਕ ਵੀ ਪਹੁੰਚਾਇਆ। ਜਦੋਂ ਖੂਨੀ ਅੱਗ ਦੀਆਂ ਲਾਟਾਂ ਅਸਮਾਨ ਨੂੰ ਛੂਹ ਰਹੀਆਂ ਸਨ, ਉਦੋਂ ਚਿੜੀ ਦੀ ਚੁੰਝ ਵਿਚ ਪਾਣੀ ਭਰਨ ਦੀ ਲੋਕ ਕਥਾ ਵਾਂਗ ਸਿੱਖ ਵਹੀਰਾਂ ਘੱਤ ਕੇ ਖੂਨਦਾਨ ਦਿੰਦਿਆਂ, ਨਫ਼ਰਤ ਅਤੇ ਜ਼ੁਲਮ ਦੇ ਹਥਿਆਰਾਂ ਨੂੰ ਖੁੰਢੇ ਕਰ ਰਹੇ ਸਨ। ਅਜਿਹੀਆਂ ਅਨੇਕਾਂ ਹੋਰ ਘਟਨਾਵਾਂ ਹਨ, ਜਿਨ੍ਹਾਂ ਦੌਰਾਨ ਜਿੱਥੇ ਵੀ ਮਨੁੱਖਤਾ ਨੂੰ ਖੂਨ ਦੀ ਲੋੜ ਪਈ, ਤਾਂ ਸਿੱਖ ਕੌਮ ਨੇ ਸਭ ਤੋਂ ਅੱਗੇ ਹੋ ਕੇ ਹੱਦਾਂ-ਸਰਹੱਦਾਂ, ਰੰਗ-ਨਸਲ, ਜਾਤ- ਫ਼ਿਰਕੇ ਨੂੰ ਇਕ ਪਾਸੇ ਰੱਖਦਿਆਂ ਖੂਨਦਾਨ ਦੀ ਲਹਿਰ ਚਲਾਉਂਦਿਆਂ ਹੋਇਆਂ ਅਣਗਿਣਤ ਜਾਨਾਂ ਬਚਾਈਆਂ।
ਕੈਨੇਡਾ ਦੇ ਕਈ ਹਾਈਵੇਅ ਅਤੇ ਰਾਸ਼ਟਰੀ ਮਾਰਗਾਂ ‘ਤੇ ਨਵੰਬਰ ਮਹੀਨੇ ਖੂਨਦਾਨ ਕਰਕੇ ਜਾਨਾਂ ਬਚਾਉਣ ਦਾ ਸੁਨੇਹਾ ਦੇਣ ਦੀ ਪਿਰਤ ਕਾਫ਼ੀ ਸਮੇਂ ਤੋਂ ਜਾਰੀ ਹੈ। ਇਸ ਉਪਰਾਲੇ ਦਾ ਜ਼ਿਕਰ ਕੈਨੇਡਾ ਦੀ ਪਾਰਲੀਮੈਂਟ ਤੋਂ ਲੈ ਕੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੱਕ, ਮਨੁੱਖੀ ਹੱਕਾਂ ਨਾਲ ਜੁੜੇ ਲੋਕਾਂ ਦੇ ਪ੍ਰਤੀਨਿਧ ਅਕਸਰ ਕਰਦੇ ਹਨ। ਅੱਜ ਇਹ ਅਤਿਕਥਨੀ ਨਹੀਂ ਕਿ ਕੈਨੇਡਾ ਤੋਂ ਅਰੰਭ ਹੋਏ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਸੰਤਾਪ ਨੂੰ ਕੌਮਾਂਤਰੀ ਮੰਚ ਤੇ ਮਹਾਂ-ਦੁਖਾਂਤ ਦੇ ਰੂਪ ਵਿੱਚ ਪੇਸ਼ ਕਰਨ ਵਾਲੀ ਖੂਨਦਾਨ ਲਹਿਰ ਅਸਟ੍ਰੇਲੀਆ, ਅਮਰੀਕਾ, ਫਰਾਂਸ, ਇੰਗਲੈਂਡ ਅਤੇ ਦੁਨੀਆ ਦੇ ਕਰੀਬ 122 ਦੇਸ਼ਾਂ ਵਿਚ ਫੈਲ ਚੁੱਕੀ ਹੈ। ਉਹ ਦਿਨ ਦੂਰ ਨਹੀਂ ਜਦੋਂ ਯੂਨਾਇਟਡ ਨੇਸ਼ਨ ‘ਚ ਮਨੁੱਖੀ ਅਧਿਕਾਰਾਂ ਲਈ ਸਮਰਪਿਤ ਕਾਰਜਾਂ ਦੀ ਸੂਚੀ ਵਿਚ ਸਿੱਖ ਕੌਮ ਦੀ ਖੂਨਦਾਨ ਲਹਿਰ ਦਾ ਜ਼ਿਕਰਯੋਗ ਥਾਂ ਹੋਵੇਗਾ। ਇਸ ਸਬੰਧੀ ਜਦੋਂ ਵੀ ਸੰਯੁਕਤ ਰਾਸ਼ਟਰ ਵਿਚ ਮਾਨਵਵਾਦੀ ਸੇਵਾ ਦੇ ਮਹਾਨ ਕਾਰਜ ਦੀ ਗੱਲ ਤੁਰੇਗੀ, ਉਦੋਂ ਹੀ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਲਹੂ ਡੋਲਣ ਵਾਲਿਆਂ ਨੂੰ ਲਾਹਣਤਾਂ ਵੀ ਪਾਈਆਂ ਜਾਣਗੀਆਂ ਅਤੇ 36 ਸਾਲਾਂ ਮਗਰੋਂ ਵੀ ਕਾਤਲਾਂ ਨੂੰ ਸਜ਼ਾਵਾਂ ਨਾ ਦੇਣ ਲਈ ਆਪਣੇ ਹੀ ਦੇਸ਼ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੂੰ ਸ਼ਰਮਸਾਰ ਹੋਣਾ ਪਵੇਗਾ।
ਸਿਤਮਜ਼ਰੀਫੀ ਦੀ ਇਸ ਤੋਂ ਵੱਡੀ ਮਿਸਾਲ ਕੀ ਹੋਵੇਗੀ ਕਿ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਕਤਲੇਆਮ ਦੀ ਕਾਂਗਰਸ ਆਗੂ ਤੇ ਦੇਸ਼ ਦਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਡੇ ਦਰਖਤ ਦੇ ਡਿਗਣ ‘ਤੇ ਧਰਤੀ ਕੰਬਣ ਨਾਲ ਤੁਲਣਾ ਕਰ ਰਿਹਾ ਹੋਵੇ। ਦੂਸਰੇ ਪਾਸੇ ਦੇਸ਼ ਦੀ ਫਿਰਕੂ ਜਥੇਬੰਦੀ ਆਰਐਸਐਸ ਦਾ ਵੱਡਾ ਆਗੂ ਨਾਨਾ ਜੀ ਦੇਸ਼ਮੁੱਖ ਸਿੱਖ ਕਤਲੇਆਮ ਦੇ ਦੋਸ਼ ਸਿੱਖਾਂ ਦੇ ਹੀ ਸਿਰ ਮੜ੍ਹਦਾ ਹੋਇਆ ਸਿੱਖ ਕੌਮ ਨੂੰ ‘ਸਬਕ ਲੈਣ’ ਦੀ ਨਸੀਹਤ ਦੇ ਰਿਹਾ ਹੋਵੇ ਅਤੇ ਅਜਿਹੀ ਨਸਲਕੁਸ਼ੀ ਨੂੰ ਆਪਣੀ ਸੌੜੀ ਸੋਚ ਅਧੀਨ ਜਾਇਜ਼ ਠਹਿਰਾ ਰਿਹਾ ਹੋਵੇ। ਜੇਕਰ ਅਜਿਹੇ ਲੋਕ ‘ਭਾਰਤ ਰਤਨ’ ਵਰਗੇ ਦੇਸ਼ ਦੇ ‘ਸਭ ਤੋਂ ਵੱਡੇ’ ਪੁਰਸਕਾਰਾਂ ਨਾਲ ਸਨਮਾਨੇ ਜਾਂਦੇ ਹਨ, ਤਾਂ ਫਿਰ ਸਭ ਤੋਂ ਵੱਧ ਫਾਂਸੀ ਚੜ੍ਹਨ ਵਾਲੇ, ਕਾਲੇਪਾਣੀ ਦੀਆਂ ਸਜ਼ਾ ਕੱਟਣ ਵਾਲੇ, ਉਮਰ ਕੈਦਾਂ ਭੋਗਣ ਵਾਲੇ ਅਤੇ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਸਿੱਖ ਅਤੇ ਸੱਚੇ ਸੁੱਚੇ ਸੂਰਬੀਰ ਤਾਂ ‘ਦੇਸ਼ ਧਰੋਹੀ’ ਹੀ ਕਹੇ ਜਾ ਸਕਦੇ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਹਮਾਮ ਵਿਚ ਸਾਰੇ ਹੀ ਨੰਗੇ ਹਨ। ਜੇਕਰ ਕਾਂਗਰਸ ਨੇ ਦਰਬਾਰ ਸਾਹਿਬ ‘ਤੇ ਹਮਲਾ ਕੀਤਾ, ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਲਾਸ਼ੇਰੀ ਦਿੱਤੀ। ਜੇ ਕਾਂਗਰਸ ਦੇ ਰਾਜ ਵਿਚ ਸਿੱਖ ਕਤਲੇਆਮ ਹੋਇਆ, ਤਾਂ ਭਾਜਪਾ ਦੇ ਰਾਜ ਵਿਚ ਮੁਸਲਿਮ ਵਿਰੋਧੀ ਕਤਲੇਆਮ ਹੋਇਆ। ਕੈਨੇਡਾ ਦੀ ਧਰਤੀ ‘ਤੇ ਖੂਨਦਾਨ ਦੀ ਮੁਹਿੰਮ ਚਲਾਉਣ ਵਾਲੀ ਮਹਾਨ ਵਿਚਾਰਧਾਰਾ ਉਕਤ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਦ੍ਰਿੜ ਹੈ। ਇੱਕ ਦਿਨ ਜ਼ਰੂਰ ਆਵੇਗਾ, ਜਦੋਂ ਕੌਮਾਂਤਰੀ ਭਾਈਚਾਰਾ ਇਨਸਾਫ਼ ਲਈ ‘ਹਾਅ ਦਾ ਨਾਅਰਾ’ ਮਾਰੇਗਾ। ਅੱਜ ਲੋੜ ਇਸ ਗੱਲ ਦੀ ਹੈ ਕਿ ਕੌਮ ਦੇ ਚਿੰਤਕ ਅਤੇ ਵਿਦਵਾਨ ਆਪਣਾ ਫਰਜ਼ ਪਛਾਣਦੇ ਹੋਏ ਮਹਾਨ ਉਪਰਾਲਿਆਂ ਨੂੰ ਉਤਸ਼ਾਹਿਤ ਕਰਨ ਅਤੇ ਸਥਾਪਤੀ ਦੀ ਧੱਕੇਸ਼ਾਹੀ ਖਿਲਾਫ਼ ਲਿਖਣ। ਸਿੱਖ ਕੌਮ ਦੇ ਅਕਸ ਨੂੰ ਜੇਕਰ ਸਾਡਾ ਮੀਡੀਆ ਦੁਨੀਆ ਸਾਹਮਣੇ ਸਹੀ ਰੂਪ ਵਿੱਚ ਪੇਸ਼ ਕਰੇਗਾ, ਤਾਂ ਕੌਮ ਦੀ ਪਨੀਰੀ ਇਸ ਪਾਸੇ ਵੱਲ ਹੋਰ ਵੀ ਰੁਚਿਤ ਹੋਵੇਗੀ। ਅਜਿਹੇ ਮੌਕੇ ‘ਤੇ ਸਹਿਣ ਸ਼ਕਤੀ, ਪਰਉਪਕਾਰ ਅਤੇ ਮਾਨਵੀ ਹੱਕਾਂ ਪ੍ਰਤੀ ਚੇਤਨਾ ਮੂਲ ਸਰੋਕਾਰ ਬਣ ਕੇ ਕੌਮ ਦੀ ਸਰਬੱਤ ਦੇ ਭਲੇ ਦੀ ਅਰਦਾਸ ਮਨਜ਼ੂਰ ਕਰਵਾਉਣਗੇ। ਅੱਜ ਜਦੋਂ ਸੰਸਾਰ ਭਰ ਵਿੱਚ ਸਿੱਖ ਕੌਮ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ, ਜ਼ੁਲਮ ਖਿਲਾਫ ਗੁਰੂ ਸਾਹਿਬ ਵੱਲੋਂ ਉਠਾਈ ਆਵਾਜ਼ ਨੂੰ ਮਨੁੱਖੀ ਬਰਾਬਰੀ ਅਤੇ ਧਾਰਮਿਕ ਆਜ਼ਾਦੀ ਦਾ ਮੈਨੀਫੈਸਟੋ ਬਣਾ ਰਹੀ ਹੈ, ਉਦੋਂ ਭਾਰਤੀ ਹੁਕਮਰਾਨਾਂ ਦੇ ਹਿਟਲਰਸ਼ਾਹੀ ਅਤੇ ਨਾਜ਼ੀਵਾਦੀ ਹਿੰਦੂਤਵੀ ਏਜੰਡੇ ਖ਼ਿਲਾਫ਼ ਲੜਨ ਦੀ ਲੋੜ ਹੈ। ਸਿੱਖ ਨਸਲਕੁਸ਼ੀ ਖ਼ਿਲਾਫ਼ ਖੂਨਦਾਨ ਮੁਹਿੰਮ ਕੇਵਲ ਸਿੱਖਾਂ ਲਈ ਇਨਸਾਫ਼ ਦੀ ਮੁਦਈ ਨਹੀਂ, ਬਲਕਿ ਦੇਸ਼ ਅੰਦਰ ਹੋਰਨਾਂ ਘੱਟ ਗਿਣਤੀਆਂ, ਮੂਲ ਵਾਸੀਆਂ, ਦੱਬੇ ਕੁਚਲੇ ਲੋਕਾਂ ਅਤੇ ਸਰਕਾਰੀ ਜਬਰ ਦਾ ਸ਼ਿਕਾਰ ਬਣ ਰਹੇ ਭਾਈਚਾਰਿਆਂ ਨਾਲ ਖੜ੍ਹਨ ਲਈ ਵੀ ਦ੍ਰਿੜ੍ਹ ਇਰਾਦੇ ਦੀ ਅਲੰਬਰਦਾਰ ਹੈ। ਇੱਥੋਂ ਤੱਕ ਕਿ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਹੋ ਰਹੇ ਜਬਰ-ਜ਼ੁਲਮ ਖਿਲਾਫ਼ ਸਿੱਖ ਕੌਮ ਵਲੋਂ ਆਵਾਜ਼ ਬੁਲੰਦ ਕਰਨਾ ਇਸ ਮੁਹਿੰਮ ਦਾ ਕੇਂਦਰ-ਬਿੰਦੂ ਹੈ। ਆਓ! ਇਨਸਾਨੀਅਤ ਦਾ ਘਾਣ ਕਰਨ ਵਾਲੀਆਂ ਸਰਕਾਰਾਂ ਅਤੇ ਨਸਲਕੁਸ਼ੀ ਦੇ ਦੋਸ਼ੀਆਂ ਖਿਲਾਫ਼, ਸਿੱਖ ਕੌਮ ਵੱਲੋਂ ਆਰੰਭੀ ਖੂਨਦਾਨ ਮੁਹਿੰਮ ਦਾ ਹਿੱਸਾ ਬਣੀਏ ਅਤੇ ਸੰਸਾਰ ਵਿੱਚ ‘ਨਾ ਡਰੋ ਨਾ ਡਰਾਓ’ ਅਤੇ ‘ਜੀਓ ਅਤੇ ਜਿਓਣ ਦਿਓ’ ਦੇ ਮਹਾਨ ਸੰਕਲਪ ਦੇ ਧਾਰਨੀ ਹੋ ਕੇ, ਮਨੁੱਖੀ ਹੱਕਾਂ ਸਮੇਤ ‘ਸਰਬੱਤ’ ਦੇ ਹੱਕਾਂ ਦੇ ਪਹਿਰੇਦਾਰ ਬਣੀਏ।
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …