ਡਾ. ਗੁਰਬਖ਼ਸ਼ ਸਿੰਘ ਭੰਡਾਲ
ਬਾਪ ਨੂੰ ਪੂਰੇ ਹੋਇਆਂ ਦੋ ਸਾਲ ਹੋ ਚੁੱਕੇ ਨੇ। ਪਰ ਜਾਪਦਾ ਏ ਜਿਵੇਂ ਕੱਲ ਦੀ ਗੱਲ ਹੋਵੇ। ਮਨ ਸੀ ਕਿ ਮੌਤ ਤੋਂ ਸਾਲ ਬਾਅਦ ਫਿਰ ਪਿੰਡ ਜਾਵਾਂਗਾ ਅਤੇ ਪਿਤਾ ਦੀ ਯਾਦ ਨੂੰ ਨੱਤਸਮਤਕ ਹੋਵਾਂਗਾ। ਪਰ ਕਰੋਨਾ ਦੀ ਮਹਾਂਮਾਰੀ ਕਾਰਨ ਵਤਨ ਜਾ ਕੇ ਆਪਣੇ ਦਰਾਂ, ਘਰਾਂ ਅਤੇ ਗਰਾਂ ਨੂੰ ਨੱਤਮਸਤਕ ਹੋਣਾ ਮੁਹਾਲ ਹੋ ਗਿਆ। ਬਾਪ ਦੀ ਰੁੱਖ਼ਸਤਗੀ ਬਹੁਤ ਅੱਖਰਦੀ ਹੈ ਅਤੇ ਇਸਨੂੰ ਘੱਟ ਕਰਨ ਲਈ ਅਕਸਰ ਹੀ ਮੈਂ ਹਰਫ਼ਾਂ ਦੀ ਪਨਾਹ ਵਿਚ ਜਾਂਦਾ ਹਾਂ। ਆਪਣੀ ਚੀਸ ਨੂੰ ਵਰਕੇ ਤੇ ਉਤਾਰ ਕੁਝ ਰਾਹਤ ਮਹਿਸੂਸਦਾ ਹਾਂ। ਦਰਸਅਸਲ ਬਾਪ ਦਾ ਤੁਹਾਡੀ ਜ਼ਿੰਦਗੀ ਨੂੰ ਸੇਧ ਦੇਣ, ਵਿਅੱਕਤੀਤੱਵ ਉਸਾਰੀ ਅਤੇ ਤੁਹਾਡੀਆਂ ਤਰਜ਼ੀਹਾਂ ਅਤੇ ਤਕਦੀਰਾਂ ਸਿਰਜਣ ਵਾਸਤੇ ਤਦਬੀਰਾਂ ਘੜਨ ਵਿਚ ਬਹੁਤ ਅਹਿਮ ਰੋਲ ਹੁੰਦਾ ਹੈ। ਬੱਚੇ ਦੇ ਸਮੁੱਚ ਵਿਚੋਂ ਉਸਦੇ ਬਾਪ ਨੂੰ ਪ੍ਰਤੱਖ ਤੇ ਅਪ੍ਰਤੱਖ ਰੂਪ ਵਿਚ ਕਦਮ ਕਦਮ ਤੇ ਦੇਖਿਆ ਅਤੇ ਸਮਝਿਆ ਜਾ ਸਕਦਾ। ਜੀਵਨ ਦੀ ਸਾਰਥਿਕਤਾ ਵਿਚ ਰੱਚ-ਮਿੱਚ ਚੁੱਕੇ ਬਾਪ ਨੂੰ ਕਿਵੇਂ ਭੁਲਾਇਆ ਜਾ ਸਕਦਾ? ਉਸਦੀਆਂ ਰਹਿਮਤਾਂ ਅਤੇ ਬਖਸ਼ਿਸ਼ਾਂ ਨੂੰ ਵਾਰ ਵਾਰ ਚਿਤਾਰਨ ਅਤੇ ਸ਼ੁਕਰੀਆ ਕਰਨ ਨੂੰ ਜੀਅ ਕਰਦਾ। ਬਹੁਤ ਅਕ੍ਰਿਤਘਣ ਹੁੰਦੇ ਨੇ ਉਹ ਲੋਕ ਜੋ ਬਾਪ ਨੂੰ ਸਿਰਫ਼ ਜਾਇਦਾਦ ਖਾਤਰ ਹੀ ਯਾਦ ਕਰਦੇ ਅਤੇ ਉਹਨਾਂ ਦੇ ਜਾਣ ਤੋਂ ਬਾਅਦ, ਬਾਪ ਦੀ ਯਾਦ ਨੂੰ, ਬਾਪ ਸਮੇਤ ਕਬਰਾਂ ਵਿਚ ਦਫ਼ਨਾ ਕੇ ਘਰਾਂ ਨੂੰ ਪਰਤਦੇ। ਜੀਵਨ ‘ਤੇ ਪਿੱਛਲਝਾਤੀ ਮਾਰਦਾ ਹਾਂ ਤਾਂ ਬਾਪ ਦੀ ਹਰ ਮੋੜ ਤੇ ਹੋਂਦ ਅਤੇ ਸੰਗਤਾ ਵਿਚੋਂ ਪ੍ਰਾਪਤ ਕੀਤੇ ਹਾਸਲ ਨੂੰ ਅਣਮੁੱਲੀ ਅਮਾਨਤ ਸਮਝਦਾ ਹਾਂ। ਕਿਵੇਂ ਉਹਨਾਂ ਨੇ ਇਕ ਬੱਚੇ ਨੂੰ ਜਿੰਮੇਵਾਰ ਵਿਅਕਤੀ ਵਜੋਂ ਤਰਾਸ਼ਿਆ? ਉਸਦੇ ਸੁਪਨਿਆਂ ਦੀ ਪੂਰਤੀ ਲਈ ਮੁੱੜਕਾ ਵਹਾਇਆ, ਬਿਆਈਆਂ ਤੇ ਰੱਟਨਾਂ ਵਿਚੋਂ ਉਜਵਲ ਭਵਿੱਖ ਨੂੰ ਕਿਆਸਿਆ ਅਤੇ ਫ਼ਖਰਮਈ ਕਰਤੱਵ ਸਮਝ ਕੇ ਪੂਰਾ ਕੀਤਾ?
ਚੇਤੇ ਆਉਂਦਾ ਏ ਬਾਪ ਦਾ ਨਵੇਂ ਮੌਜੇ ਪੈਰਾਂ ‘ਚ ਪਵਾਉਣਾ, ਅੱਡੀਆਂ ਪਿੱਛੇ ਰੂੰ ਰੱਖਣਾ, ਪਹਿਲੀ ਵਾਰ ਅੱਡੀਆਂ ਤੇ ਪਏ ਛਾਲਿਆਂ ਨੂੰ ਸਹਿਲਾਉਣਾ, ਸਰੋਂ ਦਾ ਤੇਲ ਲਾਉਣਾ ਅਤੇ ਇਹਨਾਂ ਨੂੰ ਹਰ ਰੋਜ਼ ਪਾਉਣ ਦੀ ਤਾਕੀਦ ਕਰਨਾ। ਵੈਸੇ ਘਰ ਤੋਂ ਹਵੇਲੀ ਜਾਂ ਖੂਹ ਤੇ ਜਾਣਾ ਅਤੇ ਖੇਡਣ ਵੇਲੇ ਕੌਣ ਜੁੱਤੀ ਪਾਉਂਦਾ ਸੀ? ਸਿਰਫ਼ ਸਕੂਲ ਜਾਣ ਵੇਲੇ ਜਰੂਰ ਜੁੱਤੀ ਪਾਈਦੀ ਸੀ ਅਤੇ ਉਹ ਵੀ ਪਿੰਡ ਦੇ ਧੰਨੂ ਮੋਚੀ ਦੇ ਤਿਆਰ ਕੀਏ ਮੌਜੇ। ਪਸ਼ੂ ਚਾਰਨ ਜਾਂਦਿਆਂ ਪੈਰਾਂ ਨੂੰ ਤੱਤੀ ਧੁੱਧਲ ਤੋਂ ਬਚਾਉਣ ਲਈ ਘਾਹ ਤੇ ਤੁੱਰ ਲਈਦਾ ਸੀ। ਨੰਗੇ ਰਹਿ ਕੇ ਪੈਰ ਇੰਨੇ ਸਖਤ ਹੋ ਗਏ ਸਨ ਕਿ ਗਰਮੀ/ਸਰਦੀ ਦੀ ਘੱਟ ਹੀ ਪ੍ਰਵਾਹ ਕਰੀਦੀ ਸੀ। ਬਾਪ ਤਾਂ ਬਹੁਤ ਘੱਟ ਪੈਰੀਂ ਜੁੱਤੀ ਪਾਉਂਦਾ ਸੀ। ਉਹ ਤਾਂ ਉਮਰ ਦੇ ਆਖਰੀ ਪੜਾਅ ਵਿਚ ਵੀ ਤਾਕੀਦ ਕਰਨ ਤੇ ਹੀ ਜੁੱਤੀ ਪਾਉਂਦੇ ਸਨ ਵਰਨਾ ਉਹਨਾਂ ਨੂੰ ਨੰਗੇ ਪੈਰੀਂ ਖੂਹ ਤੇ ਜਾਣਾ ਜਾਂ ਹਵੇਲੀ ਵਿਚ ਲਵੇਰੀਆਂ ਨੂੰ ਪੱਠੇ ਪਾਉਣੇ ਚੰਗੇ ਲੱਗਦੇ ਸਨ। ਉਹ ਧਰਤੀ ਨਾਲ ਜੁੱੜਿਆ, ਇਸਦੀ ਮਹਿਕ ਨੂੰ ਆਪਣੇ ਤਨ-ਮਨ ਵਿਚ ਰਚਾਉਂਦਾ, ਧਰਤੀ ਮਾਂ ਦੀ ਕੁੱਖ ਵਿਚੋਂ ਖੁਸ਼ਹਾਲੀ ਤੇ ਖ਼ੁਆਬ ਉਣਦਾ ਰਿਹਾ। ਸਿਹਤਮੰਦ ਜੀਵਨ ਅਤੇ ਲੰਮੀ ਉਮਰ ਦੀ ਦਾਤ ਨਾਲ ਵਰਸੋਇਆ ਰਿਹਾ। ਯਾਦ ਹੈ ਕਿ ‘ਕੇਰਾਂ ਉਹਨਾਂ ਦੇ ਪੈਰ ਦੇ ਉਪਰਲੇ ਪਾਸੇ ਅਜੇਹਾ ਜਖ਼ਮ ਹੋਇਆ ਕਿ ਠੀਕ ਹੋਣ ਬਾਅਦ ਫਿਰ ਹਰਾ ਹੋ ਜਾਂਦਾ ਸੀ। ਮੈਂ ਆਪਣੇ ਮਿੱਤਰ ਡਾਕਟਰ ਨੂੰ ਇਸਦਾ ਕਾਰਨ ਪੁੱਛਿਆ ਤਾਂ ਉਹ ਵੀ ਹੈਰਾਨ। ਫਿਰ ਕੁਝ ਸੋਚ ਕੇ ਉਸਨੇ ਜਖ਼ਮ ਨੂੰ ਫਰੋਲਿਆ ਤਾਂ ਦੇਖਿਆ ਕਿ ਲੱਕੜ ਦੀ ਵੱਡੀ ਸਾਰੀ ਛਿੱਲਤ ਜਖ਼ਮ ਵਿਚ ਸੀ ਅਤੇ ਇਸ ਛਿੱਲਤ ਕਾਰਨ ਹੀ ਜਖ਼ਮ ਠੀਕ ਨਹੀਂ ਸੀ ਹੋ ਰਿਹਾ। ਇਸ ਨੂੰ ਬਾਹਰ ਕੱਢਣ ਤੋਂ ਬਾਅਦ ਜਖ਼ਮ ਬਹੁਤ ਜਲਦੀ ਠੀਕ ਹੋ ਗਿਆ। ਕੇਹੀ ਸੀ ਬੇਫ਼ਿਕਰੀ ਬਾਪ ਦੀ ਕਿ ਉਸਨੂੰ ਪੈਰ ਵਿਚ ਵੱਜੀ ਹੋਈ ਛਿੱਲਤ ਦਾ ਕੋਈ ਪਤਾ ਹੀ ਨਹੀਂ ਸੀ ਅਤੇ ਦੋ ਮਹੀਨੇ ਤੀਕ ਪੀੜ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ।
ਬਹੁਤ ਯਾਦ ਏ ਉਹ ਵਕਤ ਜਦ ਬਾਪ ਨੇ ਹੱਲ ਦਾ ਮੁੰਨਾ ਫੜਾਉਂਦਿਆ ਸਮਝਾਿੲਆ ਕਿ ਕਿਵੇਂ ਹੱਲ ਨੂੰ ਸਿੱਧਾ ਰੱਖਣਾ ਤਾਂ ਕਿ ਚੌਅ ਬਲਦਾਂ ਦੇ ਪੈਰ ਵਿਚ ਨਾ ਵੱਜੇ? ਕਿਵੇਂ ਰੈਅਲ ਸਿੱਧੀ ਲੈਣੀ ਅਤੇ ਸਿਆੜ ਵੀ ਸਿੱਧੇ ਹੋਣੇ ਚਾਹੀਦੇ ਤਾਂ ਕਿ ਪੈਲੀ ਵਾਹੁੰਦਿਆਂ ਕੋਈ ਪਾੜਾ ਨਾ ਰਹਿ ਜਾਵੇ? ਹੱਲ ਜ਼ਿਆਦਾ ਡੂੰਘਾ ਵੀ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਬਲਦਾਂ ਦੇ ਮਤਾੜੇ ਜਾਣ ਦਾ ਡਰ ਰਹਿੰਦਾ। ਸੂਖ਼ਮ ਅਤੇ ਸਮਝ ਵਾਲੀਆਂ ਗੱਲਾਂ ਉਹ ਬਹੁਤ ਹੀ ਸਧਾਰਨ ਅਤੇ ਸੌਖੇ ਤਰੀਕੇ ਨਾਲ ਸਮਝਾ, ਪੁੱਤ ਨੂੰ ਕਿਸਾਨੀ ਦੇ ਧੰਦੇ ਅਤੇ ਇਸ ਨਾਲ ਜੁੱੜੀਆਂ ਬਾਰੀਕੀਆਂ ਦੀ ਜਾਣਕਾਰੀ ਦੇਣਾ, ਆਪਣਾ ਸੁਭਾਗ ਸਮਝਦਾ ਸੀ। ਉਹਨਾਂ ਦੀ ਧਾਰਨਾ ਸੀ ਕਿ ਜੱਟ ਦੇ ਪੁੱਤ ਨੂੰ ਹੱਲ ਤਾਂ ਜਰੂਰ ਵਾਹੁਣਾ ਆਉਣਾ ਚਾਹੀਦਾ। ਪੋਰ ਕਿਵੇਂ ਬੰਨਣੀ? ਪੋਰ ਰਾਹੀ ਬੀਜ ਕਿਵੇਂ ਕੇਰਨਾ? ਇਕ ਹੱਥ ਪੋਰ ਤੇ ਰੱਖ, ਬੀਜ ਵੀ ਕੇਰਨਾ ਅਤੇ ਹੱਲ ਨੂੰ ਸਿੱਧਾ ਰੱਖਣਾ, ਬਹੁਤ ਹੀ ਸਿਆਣਪ ਭਰਿਆ ਕਾਰਜ ਹੁੰਦਾ ਸੀ ਜਿਸਨੂੰ ਸੁਖੈਨ ਬਣਾਉਣ ਲਈ ਜੁਗਤ ਸਮਝਾਉਣੀ। ਦਰਅਸਲ ਸਾਰੇ ਭੈਣ-ਭਰਾ ਪੜਦੇ ਹੋਣ ਕਾਰਨ, ਬਾਪ ਨੂੰ ਖੁਦ ਹੀ ਪੋਰ ਰਾਹੀਂ ਕਣਕ ਜਾਂ ਮੱਕਈ ਨੂੰ ਕੇਰਨਾ ਪੈਂਦਾ। ਕਿਆਰੇ ਤੇ ਵੱਟਾਂ ਪਾਉਣੀਆਂ ਅਤੇ ਆੜ੍ਹ ਖੋਦਣਾ ਤਾਂ ਅਸਾਨ ਜੇਹੇ ਕੰਮ ਸਨ ਜਿਹਨਾਂ ਨੂੰ ਦੇਖ ਕੇ ਹੀ ਸਮਝ ਲਿਆ ਸੀ।
ਬਾਪ ਬਹੁਤ ਕਿਰਸੀ, ਮਿਹਨਤੀ ਅਤੇ ਬੇਆਰਾਮ ਸੀ। ਯਾਦ ਏ ਕਿ ਇਕ ਦਿਨ ਅੱਸੂ ਮਹੀਨੇ ਕਹਿਣ ਲੱਗਾ ਕਿ ਆਪਾਂ ਤੂਤ ਨੂੰ ਛਾਂਗਣਾ ਅਤੇ ਇਹਨਾਂ ਦੀਆਂ ਛਿੱਟੀਆਂ ਦੇ ਟੋਕਰੇ ਬਣਾਉਣੇ ਆ। ਬਹੁਤ ਕਾਰੀਗਰੀ ਦਾ ਕੰਮ ਹੁੰਦਾ ਏ ਤੂਤ ਨੂੰ ਛਾਂਗਣਾ, ਸਿੱਧੀਆਂ ਤੇ ਲੈਰੀਆਂ ਛਿੱਟੀਆਂ ਨੂੰ ਵੱਖਰਾ ਰੱਖਣਾ ਅਤੇ ਫਿਰ ਇਹਨਾਂ ਦੇ ਵੱਖੋ-ਵੱਖ ਅਕਾਰਾਂ ਦੇ ਲੋੜ ਅਨੁਸਾਰ ਟੋਕਰੇ ਜਾਂ ਲੋੜੀਂਦੀਆਂ ਵਸਤਾਂ ਬਣਾਉਣਾ। ਕਦੇ ਕਦਾਈ ਜਦ ਉਹਨਾਂ ਨੇ ਖੇਤੀ ਦੇ ਕੰਮਾਂ ਵਿਚ ਜ਼ਿਆਦਾ ਰੁੱਝੇ ਹੋਣਾ ਤਾਂ ਟਾਹਲੀਆਂ ਨੂੰ ਛਾਂਗਣ ਦਾ ਜਿੰਮਾ ਵੀ ਮੇਰਾ ਹੀ ਹੁੰਦਾ। ਬੜੀ ਤਕੜਾਈ ਅਤੇ ਤਕਨੀਕ ਦਾ ਕੰਮ ਹੁੰਦਾ ਏ ਟਾਹਲੀ ਦੇ ਸਿਰੇ ‘ਤੇ ਚੜ, ਛੰਗਾਈ ਸ਼ੁਰੂ ਕਰਨਾ, ਹੌਲੀ ਹੌਲੀ ਹੇਠਾਂ ਆਈ ਜਾਣਾ ਅਤੇ ਫਿਰ ਛਾਂਪਿਆਂ ਦੀ ਢੇਰੀ ਲਾ ਕੇ ਸੁਕਾਉਣ ਲਈ ਛੱਡ ਆਉਣਾ। ਬੇੜ, ਰੱਸੇ ਜਾਂ ਰੱਸੀ ਵੱਟਣਾ ਆਦਿ ਇਹ ਸਾਰੇ ਕੰਮ ਬਾਪ ਦੀ ਦਿਤੀ ਹੋਈ ਸੁਮੱਤ ਸਦਕਾ ਬਹੁਤ ਆਸਾਨ ਲੱਗਦੇ ਸੀ। ਬਾਪ ਨਾਲ ਬਹੁਤ ਸਾਰੀਆਂ ਯਾਦਾਂ ਅਜੇਹੀਆਂ ਨੇ ਜਿਹਨਾਂ ਨੇ ਮਨੁੱਖੀ ਗੁਣਾਂ ਸਰਬਗੁਣੀ ਦੀ ਪ੍ਰਫੂਲਤਾ ਹੋਣ ਅਤੇ ਇਹਨਾਂ ਨੂੰ ਸਮਝਾਉਣ ਵਿਚ ਅਹਿਮ ਭੂਮਿਕਾ ਨਿਭਾਈ। ਮਨੁੱਖ ਲਈ ਸਿਰ ਦੀ ਛੱਤ ਹੀ ਸਭ ਤੋਂ ਪਹਿਲੀ ਲੋੜ ਅਤੇ ਖੇਤ ਵਿਚ ਛੰਨ ਬਹੁਤ ਜਰੂਰੀ ਹੁੰਦੀ ਸੀ। ਛੰਨ ਪਾਉਣ ਲਈ ਪਹਿਲਾਂ ਮੰਡ ਵਿਚ ਕਾਹ ਵੱਢਣਾ। ਗੱਡੇ ਤੇ ਲੱਦ ਕੇ ਲਿਆਣਾ। ‘ਕੇਰਾਂ ਮੈਂ ਆਪਣੇ ਬਾਪ ਨਾਲ ਕਾਹ ਵੱਢ ਰਿਹਾ ਸਾਂ ਤਾਂ ਭਲੋਜਲੇ ਦੇ ਕੁਝ ਵਿਅਕਤੀ ਆ ਗਏ ਕਿ ਕਾਹ ਫਿਰ ਵੱਢਣਾ, ਪਹਿਲਾਂ ਇਕ ਗੱਡੇ ਦੇ 20 ਰੁਪਏ ਦਿਓ। ਬਾਪ ਗੁੱਸੇਖੋਰ ਬਹੁਤ ਸੀ। ਉਸਨੇ ਗੱਡੇ ‘ਚ ਲਕੋਇਆ ਦਾਤਰ ਕੱਢਿਆ ਅਤੇ ਕਿਹਾ ਕਿ ਇਹ ਮੰਡ ਤੁਹਾਡਾ ਨਹੀਂ। ਚੰਗਾ ਹੈ ਤਾਂ ਚੱਲੇ ਜਾਓ। ਵਰਨਾ ਹੁਣੇ ਹੀ ਕੁਝ ਹੋ ਜਾਵੇਗਾ। ਅਤੇ ਉਹ ਕੰਨ ਵਲੇਟ ਕੇ ਤੁੱਰਦੇ ਬਣੇ। ਇਹ ਮੇਰੇ ਲਈ ਇਕ ਅਚੇਤ ਸੁਨੇਹਾ ਸੀ ਕਿ ਆਪਣੇ ਹੱਕ ਲਈ ਡੱਟਣਾ ਅਤੇ ਸੱਚ ਤੇ ਪਹਿਰਾ ਦੇਣਾ ਸਹੀ ਹੁੰਦਾ। ਬੇਇਨਸਾਫ਼ੀ ਵਿਰੁੱਧ ਡੱਟ ਜਾਵੋ ਕਿਉਂਕਿ ਡਰਦੇ ਹੋਏ ਨੂੰ ਲੋਕ ਜ਼ਿਆਦਾ ਡਰਾਉਂਦੇ ਆ। ਵੈਸੇ ਬਾਪ ਦਾ ਸਿਧਾਂਤ ਸੀ ਕਿ ਕਿਸੇ ਦੀ ਚੋਰੀ ਪੱਠੇ ਨਾ ਵੱਢੋ, ਇਹ ਹੀ ਸਭ ਤੋਂ ਵੱਡਾ ਧਰਮ ਏ। ਇਸ ਨਾਲ ਹਵੇਲੀ, ਖੁਰਲੀ ਅਤੇ ਡੰਗਰਾਂ ਦੀਆਂ ਬਰਕਤਾਂ ਕਾਇਮ ਰਹਿਣਗੀਆਂ। ਬਾਪ ਆਪ ਸਕੂਲੇ ਨਹੀਂ ਸੀ ਗਿਆ ਅਤੇ ਉਸਨੂੰ ਬੜਾ ਚਾਅ ਸੀ ਕਿ ਉਸਦੇ ਬੱਚੇ ਪੜਨ ਅਤੇ ਉਹਨਾਂ ਅੱਖਰਾਂ ਦੀ ਜੋਤ ਆਪਣੇ ਦੀਦਿਆਂ ਵਿਚ ਜਗਾਉਣ ਜਿਸ ਤੋਂ ਉਹ ਮਹਿਰੂਮ ਰਿਹਾ ਸੀ। ਉਸਨੇ ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਸਕੂਲ ਭੇਜਿਆ। ਯਾਦ ਏ ਉਸਦਾ ਆਪਣੇ ਬੱਚਿਆਂ ਨੂੰ ਪੜ੍ਹਦਿਆਂ ਨਿਹਾਰਨਾ ਅਤੇ ਇਕ ਮਾਣਮੱਤਾ ਅਹਿਸਾਸ ਆਪਣੇ ਮਨ ਵਿਚ ਪੈਦਾ ਕਰਨਾ। ਕਾਲਜ ਵਿਚ ਪੜਦਿਆਂ ਬਾਪ ਗੱਡਾ ਵਾਹੁਣ ਕਾਰਨ ਬਹੁਤ ਸੁਵੱਖਤੇ ਹੀ ਸ਼ਹਿਰ ਨੂੰ ਤੁੱਰ ਪੈਦਾ ਸੀ। ਮੈਂ ਕਾਲਜ ਜਾਣ ਵੇਲੇ ਉਹਨਾਂ ਲਈ ਰੋਟੀ ਲੈ ਕੇ ਜਾਣਾ ਅਤੇ ਮੰਡੀ ਵਿਚ ਰੋਟੀ ਦੇ ਕੇ ਵਾਪਸ ਕਾਲਜ ਆਉਣਾ। ਉਹਨਾਂ ਦੀ ਤਾਕੀਦ ਹੁੰਦੀ ਸੀ ਕਿ ਜਲਦੀ ਵਾਪਸ ਜਾ ਤਾਂ ਕਿ ਕਾਲਜ ਤੋਂ ਲੇਟ ਨਾ ਹੋ ਜਾਵੀਂ। ਫਿਰ ਸਮਝਾਉਣਾ ਕਿ ਕਾਲਜ ਤੋਂ ਬਾਅਦ ਘਰ ਜਾ ਕੇ ਪੱਠੇ ਵੱਢ ਲੈਣਾ ਕਿਉਂਕਿ ਮੈਂ ਲੇਟ ਹੋ ਜਾਵਾਂਗਾ। ਸਮੇਂ ਦੀ ਸਹੀ ਅਤੇ ਸੁਲੱਗ ਵਰਤੋਂ ਅਤੇ ਇਸਨੂੰ ਸੁੱਚੀ ਕਿਰਤ ਦੇ ਲੇਖੇ ਲਾਉਣ ਦਾ ਗੁਰ, ਅਚੇਤ ਰੂਪ ਵਿਚ ਪਿਤਾ ਵਲੋਂ ਹੀ ਮਿਲਿਆ ਏ।
ਅੱਜ ਕੱਲ ਕਾਰ ਤੇ ਸਫ਼ਰ ਕਰਦਿਆਂ ਬਹੁਤ ਯਾਦ ਆਉਂਦਾ ਏ ਉਹ ਵਕਤ ਜਦ ਮੈਂ ਨੌਵੀਂ ਕਲਾਸ ਵਿਚ ਧਾਲੀਵਾਲ ਬੇਟ ਸਕੂਲ ਵਿਚ ਦਾਖਲਾ ਹੋਇਆ ਜੋ ਮੇਰੇ ਪਿੰਡ ਤੋਂ 3 ਮੀਲ ਦੂਰ ਸੀ। ਕੁਝ ਦਿਨ ਤਾਂ ਤੁੱਰ ਕੇ ਗਿਆ। ਫਿਰ ਪਤਾ ਨਹੀਂ ਬਾਪ ਦੇ ਮਨ ਵਿਚ ਕੀ ਆਇਆ ਕਿ ਉਸਨੇ ਮੇਰੇ ਲਈ ਪੁਰਾਣੇ ਸਾਈਕਲ ਦਾ ਜੁਗਾੜ ਬਣਾਇਆ। ਅਸਲ ‘ਚ ਬਾਪ ਨੂੰ ਮੱਝਾਂ ਦੇ ਸੌਦੇ ਕਰਨ ਦਾ ਸ਼ੌਕ ਸੀ। ਇਕ ਸੌਦੇ ਵਿਚ ਉਹਨਾਂ ਨੇ ਮੱਝ ਸਮੇਤ ਇਕ ਪੁਰਾਣਾ ਰੇਡੀਓ ਵੀ ਲੈ ਲਿਆ ਸੀ। ਇਸ ਮੌਕੇ ਤੇ ਬਾਪ ਨੇ ਉਹ ਪੁਰਾਣਾ ਰੇਡੀਓ ਵੇਚ ਕੇ ਮੇਰੇ ਲਈ ਇਕ ਪੁਰਾਣਾ ਸਾਈਕਲ ਲੈ ਲਿਆ ਜਿਸ ਨਾਲ ਮੈਂਨੂੰ ਸਕੂਲ ਜਾਣਾ ਸੌਖਾ ਹੋ ਗਿਆ। ਬਾਪ ਦੀ ਸੋਚ ਨੂੰ ਸਿੱਜਦਾ ਕਿ ਉਸ ਲਈ ਬਾਕੀ ਗੱਲੋਂ ਨਾਲੋਂ ਬੱਚੇ ਦੀ ਪੜਾਈ ਜ਼ਿਆਦਾ ਪ੍ਰਮੁੱਖ ਸੀ। ਜਦ ਮੈਂ ਕਪੂਰਥਲੇ ਕਾਲਜ ਵਿਚ ਦਾਖਲ ਹੋਇਆ ਤਾਂ ਉਹਨਾਂ ਵਲੋਂ ਦਿਤੇ ਨਵੇਂ ਐਟਲਸ ਸਾਈਕਲ ਦੇ ਸਾਥ ਨੇ ਜਿਥੇ ਮੈਂਨੂੰ ਆਪਣੀ ਔਕਾਤ ਨਾਲ ਜੋੜੀ ਰੱਖਿਆ, ਉਥੇ ਮੈਂ ਅਜੇਹੇ ਸਾਥੀਆਂ ਦੇ ਸਾਥ ਤੋਂ ਵੀ ਬੱਚਿਆ ਰਿਹਾ ਜਿਹਨਾਂ ਲਈ ਕਾਲਜ ਪੜਨਾ, ਇਕ ਸ਼ੁਗਲ ਦੀ ਜਗਾ ਸੀ। ਬਿਨਾਂ ਕੈਰੀਅਰ ਤੋਂ ਟੋਕਰੀ ਵਾਲੇ ਸਾਈਕਲ ਨੇ ਮੇਰੇ ਸੁਪਨਿਆਂ ਦੀ ਪੂਰਤੀ ਵਿਚ ਅਹਿਮ ਰੋਲ ਨਿਭਾਇਆ ਜਿਸ ਲਈ ਪਹਿਲਕਦਮੀ ਮੇਰੇ ਬਾਪ ਦੀ ਹੀ ਸੀ। ਸਿਰਫ਼ ਇਕ ਹੀ ਲਿੱਲਕ ਸੀ ਪੜਨਾ ਅਤੇ ਘਰ ਦੇ ਕੰਮਾਂ ਵਿਚ ਬਾਪ ਦਾ ਹੱਥ ਵਟਾਉਣਾ। ਕਈ ਵਾਰ ਜਿੰਦਗੀ ਇਕ ਅਜੇਹੇ ਚੌਰਾਹੇ ਤੇ ਲਿਆ ਪਟਕਾਉਂਦੀ ਜਿਥੇ ਭਟਕਣ ਦੇ ਬਹੁਤ ਜ਼ਿਆਦਾ ਮੌਕੇ ਹੁੰਦੇ। ਇਹਨਾਂ ਮੌਕਿਆਂ ਤੇ ਸੰਭਲਣਾ ਅਤੇ ਆਪਣੇ ਟੀਚੇ ਦੀ ਪ੍ਰਮੁੱਖਤਾ ਨੂੰ ਬਣਾਈ ਰੱਖਣ ਲਈ ਬਾਪ ਦੀ ਸੇਧ ਅਤੇ ਉਸਦਾ ਸਹਿਯੋਗ ਬਹੁਤ ਜਰੂਰੀ ਹੁੰਦਾ। ਬਾਪ ਹੀ ਹੁੰਦਾ ਜੋ ਤੁਹਾਡੀ ਅਛਿਆਈ, ਚੰਗਿਆਈ, ਭਲਾ ਚਾਹੁੰਦਾ। ਅਜੇਹੇ ਮੋੜ ‘ਤੇ ਉਸਦੀ ਸੋਚ ਨੂੰ ਸਲਾਮ ਕਰਨਾ ਬਣਦਾ। ਉਹ ਪਲ ਅੱਜ ਵੀ ਮੇਰੇ ਚੇਤਿਆਂ ਵਿਚ ਆਕੇ ਅੱਖਾਂ ਨਮ ਕਰ ਜਾਂਦਾ ਜਦ ਜੇਠ ਦੀ ਤਿੱਖੜ ਦੁਪਹਿਰੇ ਮੈਂ ਆਪਣੇ ਬਾਪ ਨਾਲ ਰੂੜੀ ਦਾ ਗੱਡਾ ਲੱਦਵਾ ਰਿਹਾ ਸੀ। ਮੇਰੇ ਦੋਸਤ ਨੇ ਦੱਸਿਆ ਕਿ ਤੂੰ ਗਿਆਰਵੀਂ ਵਿਚੋਂ ਫੇਲ੍ਹ ਹੋ ਗਿਆ ਏਂ। ਨਮੋਸ਼ੀ ਅਤੇ ਉਦਾਸੀ ਵਿਚ ਡੁੱਬਿਆ, ਮੈਂ ਬਾਪ ਸਾਹਵੇਂ ਅੱਖਾਂ ਉਤਾਂਹ ਕਰਕੇ ਵੀ ਨਹੀਂ ਸਾਂ ਦੇਖ ਸਕਦਾ। ਪਰ ਬਾਪ ਨੇ ਮੋਢਾ ਪਲੋਸੋਦਿਆਂ, ਹੱਲਾਸ਼ੇਰੀ ਦਿੰਦਿਆਂ ਤੇ ਹਮਦਰਦੀ ਨਾਲ ਮੈਂਨੂੰ ਕਿਹਾ ਕਿ ਤੂੰ ਕਿਹੜਾ ਬੁੱਢਾ ਹੋ ਗਿਆਂ? ਕੋਈ ਨਾ ਫਿਰ ਦਾਖਲ ਹੋ ਅਤੇ ਹੋਰ ਜੋਰ ਨਾਲ ਪੜਾਈ ਕਰੀਂ। ਅਗਲੇ ਸਾਲ ਪਾਸ ਹੋ ਜਾਵੇਂਗਾ। ਉਸ ਵਕਤ ਬਾਪ ਦੀਆਂ ਅੱਖਾਂ ਵਿਚ ਉਤਰੀ ਨਮੀ ਨੂੰ ਯਾਦ ਕਰਕੇ ਹੁਣ ਵੀ ਮਨ ਰੁਆਂਸਿਆ ਜਾਂਦਾ। ਇਸ ਨਮੀ ਦੀ ਹੀ ਕਸਮ ਸੀ ਕਿ ਮੇਰੇ ਸਿੱਲੇ ਹੋਏ ਸੁਪਨੇ ਅਤੇ ਤਿੱੜਕੀਆਂ ਤਮਮੰਨਾਵਾਂ ਨੇ ਫਿਰ ਤੋਂ ਪ੍ਰਵਾਜ਼ ਭਰਨ ਦਾ ਹੁੱਨਰ ਅਤੇ ਹਾਸਲ ਪ੍ਰਾਪਤ ਹੋਇਆ। ਉਸ ਮੋੜ ਤੇ ਮਿਲੀ ਹੋਈ ਰਹਿਨੁਮਾਈ ਨੇ ਮੇਰੇ ਲਈ ਜ਼ਿੰਦਗੀ ਦੇ ਅਰਥ ਹੀ ਬਦਲ ਦਿਤੇ। ਇਹਨਾਂ ਬਦਲੇ ਹੋਏ ਅਰਥਾਂ ਵਿਚਲੇ ਮੱਗਦੇ ਸੂਰਜਾਂ ਵਿਚ ਸਭ ਤੋਂ ਪ੍ਰਕਾਸ਼ਮਈ ਹੈ ਬਾਪ-ਰੂਪੀ ਸੂਰਜ ਜਿਸਦੇ ਚਾਨਣ ਵਿਚ ਰਾਹਾਂ ਨੂੰ ਰੌਸ਼ਨੀ ਅਤੇ ਥੰਮੇ ਹੋਏ ਪੈਰਾਂ ਨੂੰ ਪੈੜ ਅਤੇ ਸਫ਼ਰ ਨਸੀਬ ਹੋਇਆ। ਬਾਪ ਅਣਪੜ ਹੋਣ ਦੇ ਬਾਵਜੂਦ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਅਤੇ ਉਤਮ ਵਿਚਾਰ, ਵਿਵਹਾਰ ਅਤੇ ਅਚਾਰ ਦੀ ਤਵੱਕੌਂ ਰੱਖਦਾ ਸੀ। ਹੁਣ ਵੀ ਚੇਤਿਆਂ ਵਿਚ ਸੁਖਨ ਅਤੇ ਖਲੱਲ ਪਾ ਜਾਂਦੀ ਏ ਉਸਦੀ ਸਾਫ਼ਗੋਈ ਤੇ ਸਿਆਣਪ ਦਾ ਜੀਵਨ-ਕਰਮਸ਼ੈਲੀ ਵਿਚ ਉਗਮਣਾ। ‘ਕੇਰਾਂ ਮੇਰੇ ਕੋਲ ਰਾਤ ਠਹਿਰਿਆ ਅਤੇ ਸਵੇਰੇ ਉਠ ਕੇ ਕਹਿਣ ਲੱਗਾ ਕਿ ਤਿਆਰ ਹੋ, ਤਹਿਸੀਲੇ ਜਾਣਾ ਹੈ। ਕੰਮ ਬਾਰੇ ਕੁਝ ਨਾ ਦੱਸੇ। ਜਦ ਮੈਂ ਜੋਰ ਪਾਇਆ ਤਾਂ ਕਹਿਣ ਲੱਗਾ ਕਿ ਇਹਨਾਂ ਸਾਹਾਂ ਦਾ ਕੀ ਭਰੋਸਾ ਹੈ। ਮੈਂ ਆਪਣੇ ਵਲੋਂ ਤੁਹਾਡੇ ਲਈ ਵਸੀਹਤ ਕਰਨਾ ਚਾਹੁੰਦਾ ਹਾਂ ਤਾਂ ਕਿ ਭਵਿੱਖ ਵਿਚ ਕੋਈ ਬਖੇੜਾ ਨਾ ਖੜਾ ਹੋਵੇ। ਉਸਦੀ ਸੋਚ ਨੂੰ ਸਲਾਮ ਕੀਤਾ। ਮੈਂ ਸਮਝਾਇਆ ਕਿ ਤੁਸੀਂ ਬਹੁਤ ਤੰਦਰੁਸਤ ਹੋ। ਕੁਝ ਨਹੀਂ ਹੁੰਦਾ। ਆਪਾਂ ਫਿਰ ਬਣਵਾ ਲਵਾਂਗੇ ਵਸੀਅਤ। ਐਂਵੇਂ ਫਿਕਰ ਨਾ ਕਰੋ। ਵਸੀਅਤ ਦੀ ਲੋੜ ਨਹੀਂ, ਸਾਨੂੰ ਤਾਂ ਤੁਹਾਡੀ ਅਸ਼ੀਰਵਾਦ ਅਤੇ ਸੰਗਤ ਚਾਹੀਦੀ ਹੈ। ਹੁਣ ਸੋਚਦਾ ਹਾਂ ਕਿ ਬਾਪ ਕਿੰਨਾ ਸਿਆਣਾ ਸੀ ਕਿ ਭਰਾਵਾਂ ਵਿਚ ਕੋਈ ਬਦਮਗਜੀ ਨਾ ਪੈਦਾ ਹੋਵੇ। ਤਾਂ ਹੀ ਉਸਨੇ ਆਪਣੇ ਜਿਉਂਦੇ ਜੀਅ ਵਸੀਅਤ ਕਰਵਾਉਣ ਦੀ ਗੱਲ ਆਖੀ ਸੀ। ਬਾਪ ਤਾਂ ਤੁੱਰ ਗਿਆ, ਜਿੰਦਗੀ ਦਾ ਸੁੱਚਮ, ਸਾਦਗੀ, ਸੰਤੋਖ, ਸਾਧਨਾ ਤੇ ਸੁੱਖਨਤਾ ਕਮਾ ਅਤੇ ਬੱਚਿਆਂ ਨੂੰ ਜੀਵਨ ਦੀਆ ਸਾਰੀਆਂ ਨਿਆਨਤਾਂ ਬਕਸ਼। ਪਰ ਉਸਦੀ ਆਤਮਾ ਜਰੂਰ ਕੁਰਲਾਉਂਦੀ ਹੋਵੇਗੀ ਜਦ ਆਪਣਿਆਂ ਦੇ ਮਨਾਂ ਵਿਚ ਪੈਦਾ ਹੋਈ ਖੁਦਰਗਜੀ ਨੇ ਭਰਾਵਾਂ ਜੇਹੇ ਰਿਸ਼ਤੇ ਵੀ ਹਜ਼ਮ ਕਰ ਲਏ। ਬਾਪ ਦੀ ਬੇਖੁਦੀ, ਬੰਦਿਆਈ ਅਤੇ ਬੰਦਗੀ ਤੇ ਸਦਾ ਨਾਜ਼ ਰਹੇਗਾ ਅਤੇ ਯਾਦ ਰਹੇਗਾ ਉਹ ਪਲ ਜਦ ਉਸਨੇ ਆਪਣੇ ਆਖਰੀ ਫਰਜ਼ ਨੂੰ ਸਚਾਈ ਅਤੇ ਸੰਤੁਲਤਾ ਨਾਲ ਨਿਭਾਉਣ ਲਈ ਖੁਦ ਹੀ ਹਾਮੀ ਭਰੀ ਸੀ।
ਬਾਪ ਦੇ ਉਹਨਾਂ ਬੋਲਾਂ ਨੂੰ ਕਿਵੇਂ ਭੁਲਾਇਆ ਜਾ ਸਕਦਾ ਜਦ ਸ਼੍ਰੋਮਣੀ ਸਾਹਿਤਕਾਰ ਮਿਲਣ ਤੇ ਬਾਪ ਨੂੰ ਦੱਸਿਆ। ਬਾਪ ਬਹੁਤ ਖੁਸ਼ ਹੋਇਆ ਕਿ ਉਸਦੇ ਜਾਏ ਨੂੰ ਸਰਕਾਰ ਵਲੋਂ ਕੋਈ ਇਨਾਮ ਮਿਲੇਗਾ। ਪਰ ਉਸਦਾ ਮੋੜਵਾਂ ਪ੍ਰਸ਼ਨ ਸੀ ਕਿ ਹੁਣ ਤੂੰ ਇਹ ਇਨਾਮ ਲੈਣ ਲਈ ਕਦੋਂ ਪੰਜਾਬ ਆ ਰਿਹਾਂ? ਉਸਨੂੰ ਇਨਾਮ ਮਿਲਣ ਨਾਲੋਂ ਉਹ ਪਲ ਜ਼ਿਆਦਾ ਕੀਮਤੀ ਲੱਗਦੇ ਸਨ ਜਦ ਉਸਦਾ ਪੁੱਤ, ਸੱਤ ਸਮੁੰਦਰੋਂ ਪਾਰ ਇਸ ਇਨਮਾਨ ਲੈਣ ਦੇ ਬਹਾਨੇ ਘਰ ਪਰਤੇਗਾ ਅਤੇ ਬਾਪ ਦੇ ਸੀਨੇ ਵਿਚ ਠੰਢ ਪਾਵੇਗਾ। ਇਹੋ ਜਿਹੀ ਪਾਕੀਜ਼ਗੀ, ਨਿਰਛੱਲਤਾ, ਅਤੇ ਆਪਣੇਪਣ ਨੂੰ ਸੀਮਤ ਜਹੇ ਸ਼ਬਦਾਂ ਅਤੇ ਬੋਲਾਂ ਵਿਚ ਤੁਸੀਂ ਕਿਵੇਂ ਉਲਥਾ ਸਕਦੇ ਹੋ? ਇਸਦੀ ਅਮੁੱਲਤਾ ਨੂੰ ਸਿਰਫ਼ ਉਹੀ ਕਿਆਸਦਾ ਜਿਸਨੇ ਇਹਨਾਂ ਪਲਾਂ ਨੂੰ ਜੀਵਿਆ ਹੋਵੇ ਅਤੇ ਇਸਦੀ ਜੀਵੰਤਤਾ ਨੂੰ ਜੀਵਨ ਦਾ ਹਿੱਸਾ ਬਣਾਇਆ ਹੋਵੇ।
ਬਾਪ ਦੇ ਆਖਰੀ ਬੋਲ, ਹੁਣ ਵੀ ਮੇਰੀ ਰੂਹ ਵਿਚ ਝਰਨਾਹਟ ਛੇੜਦੇ, ਕੰਬਣੀ ਲਿਆ ਦਿੰਦੇ ਨੇ। ਉਹਨਾਂ ਦੇ ਦਿਮਾਗ ਦੀ ਨਾੜੀ ਫੱਟਣ ਤੋਂ ਇਕ ਦਿਨ ਪਹਿਲਾਂ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਹ ਮੇਰੇ ਛੋਟੇ ਭਰਾ ਦੇ ਵਿਦੇਸ਼ ਜਾਣ ਅਤੇ ਵਾਅਦੇ ਮੁਤਾਬਕ ਜਲਦੀ ਵਾਪਸ ਨਾ ਪਰਤਣ ਤੋਂ ਬਹੁਤ ਖ਼ਫ਼ਾ ਤੇ ਉਦਾਸ ਸਨ ਅਤੇ ਉਸਨੂੰ ਅਵਾ-ਤਵਾ ਵੀ ਬੋਲ ਰਹੇ ਸਨ। ਜਦ ਮੈਂ ਕਿਹਾ ਕਿ ਮੈਂ ਆ ਜਾਂਦਾ ਹਾਂ ਤਾਂ ਉਸਨੇ ਕਿਹਾ ਤੂੰ ਉਸਨੂੰ ਕਿਵੇਂ ਨਾ ਕਿਵੇਂ ਜਲਦੀ ਭੇਜ। ਤੇਰੇ ਆਉਣ ਦੀ ਲੋੜ ਨਹੀਂ। ਮੈਂ ਦੱਸਿਆ ਕਿ ਮੈਂ ਗਰਮੀਆਂ ਦੀਆਂ ਛੁੱਟੀਆਂ ਵਿਚ ਡੇਢ ਕੁ ਮਹੀਨੇ ਤੀਕ ਅਵਾਂਗਾ ਅਤੇ ਦੋ-ਢਾਈ ਮਹੀਨੇ ਰਹਾਂਗਾ। ਉਹ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਾ ਕਿ ਫਿਰ ਤਾਂ ਸਿਰਫ਼ ਡੇਢ ਕੁ ਮਹੀਨਾ ਹੀ ਰਹਿ ਗਿਆ ਤੇਰੇ ਆਉਣ ਵਿਚ। ਉਸਨੇ ਖੁਸ਼ੀ ਖੁਸ਼ੀ ਆਪਣੀਆਂ ਪੋਤਰੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਅਸੀਸਾਂ ਦਿੰਦਿਆਂ ਫੋਨ ਬੰਦ ਕੀਤਾ।
ਬੜੀ ਚੰਗੀ ਤਰਾ੍ਹਂ ਚੇਤੇ ਆ, ਬੇਸੁੱਧ ਬਾਪ ਵਲੋਂ ਆਖਰੀ ਹਰਕੋਰਾ ਭਰਨ ਤੋਂ ਪਹਿਲਾਂ ਅੱਖਾਂ ਖੋਲ ਕੇ ਮੰਜੇ ਦੀ ਬਾਹੀ ਬੈਠੇ ਆਪਣੇ ਪੁੱਤ ਨੂੰ ਨਿਹਾਰਨਾ, ਅਤੇ ਫਿਰ ਹੌਲੀ ਜਹੇ ਆਖਰੀ ਸਫ਼ਰ ਨੂੰ ਤੁੱਰ ਜਾਣਾ। ਖਾਮੋਸ਼ੀ ਵਿਚ ਡੁੱਬ ਗਈ ਬਾਪ ਦੇ ਸਾਹਾਂ ਦੀ ਬਰਕਤ, ਉਸਦੀ ਹੋਂਦ ਦਾ ਹਾਸਲ ਅਤੇ ਉਸਦੀਆਂ ਦੁਆਵਾਂ ਤੇ ਰਹਿਮਤਾਂ ਦੀ ਰੂਹ-ਰੰਗਤਾ। ਉਸਦੀਆਂ ਬੋਲਾਂ ਵਿਚਲਾ ਠਰੰਮਾ ਅਤੇ ਔਲਾਦ ਨੂੰ ਉਚਤਮ ਤਰਜ਼ੀਹਾਂ ਦੇਣ ਦੀ ਤਮੰਨਾ। ਬਾਪ ਤਾਂ ਚਲੇ ਗਿਆ ਦੂਰ ਦੇ ਸਫ਼ਰ ‘ਤੇ ਜਿਥੋਂ ਕੋਈ ਨਹੀਂ ਪਰਤਦਾ। ਪਰ ਉਸਦੀਆਂ ਯਾਦਾਂ ਦਾ ਕਾਫ਼ਲਾ ਹਰ ਦਮ ਨਾਲ ਰਹਿੰਦਾ। ਉਹਨਾਂ ਪਲਾਂ ਦੀ ਅਸੀਮਤਾ ਮੇਰੀ ਝੋਲੀ ਪਾਉਦਾ ਅਤੇ ਜ਼ਿੰਦਗੀ ਦੇ ਸੁੱਚਮ ਅਤੇ ਉਤਮਤਾ ਨੂੰ ਹਰ ਸਾਕ ਦੇ ਨਾਮ ਲਾਉਣ ਦਾ ਸੰਦੇਸ਼ ਦਿੰਦਾ, ਮੇਰੇ ਸਦਾ ਹੀ ਅੰਗ ਸੰਗ ਰਹਿੰਦਾ ਹੈ। ਬਾਪ ਜਾ ਕੇ ਵੀ ਕਿਧਰੇ ਨਹੀਂ ਗਿਆ। ਸਗੋਂ ਸਦਾ ਹੀ ਮੇਰੀ ਸੋਚ, ਸਾਧਨਾ ਤੇ ਸਿਰੜ ਵਿਚ ਸਮਾਇਆ, ਮੇਰੇ ਸੁਪਨਿਆਂ ਦੀ ਤਕਦੀਰ ਤੇ ਤਸਵੀਰ ਹੈ।
ਬਾਪ ਨੂੰ ਯਾਦ ਕਰਦਿਆਂ ਕਲਮ ਨਾਦ ਵਿਚ ਗਾਉਣ ਲੱਗੀ :
ਸੁਪਨਿਆਂ ਦੇ ਲੰਗਾਰ ਸਿਉਂਦਾ
ਬਾਪੂ ਉਮਰ ਗੁਜਾਰ ਗਿਆ
ਬੱਚਿਆਂ ਮੱਥੇ ਜਿੱਤਾਂ ਲਿਖਦਾ
ਖੁਦ ਦੀ ਬਾਜੀ ਹਾਰ ਗਿਆ।
ਬਾਪੂ ਖੇਤੀਂ ਰਿਹਾ ਬੀਜਦਾ
ਧਰਮ ਤੇ ਧਰਵਾਸ ਜੇਹਾ
ਪਰ ਖੇਤਾਂ ਦੇ ਵਿਚ ਉਗਿਆ
ਕੁਰਕੀ, ਸਲਫ਼ਾਸ ਜੇਹਾ
ਫਸਲਾਂ ਦਾ ਦੁੱਖ ਜਰ ਨਾ ਸਕਿਆ
ਭਾਵੇਂ ਸਾਰੇ ਦੁੱਖ ਸਹਾਰ ਗਿਆ।
ਡਿਗਦੀ ਛੱਤ ਲਈ ਥੰਮੀ ਵਾਂਗੂੰ
ਸ਼ਾਂਤ, ਸਹਿਜ, ਅਡੋਲ ਰਿਹਾ
ਥੁੱੜਾਂ-ਲੋੜਾਂ ਦਾ ਭੰਨਿਆ ਹੋਇਆ
ਮੂੰਹੋਂ ਸਦਾ ਅਬੋਲ ਰਿਹਾ
ਗੁਰਬਤ ਭੰਨੇ ਪਰਿਵਾਰ ਦੀ ਬੇੜੀ
ਕਰ ਮੰਝਧਾਰੋਂ ਪਾਰ ਗਿਆ।
ਮੋਢੇ ਪੱਲੀ ਤੇ ਹੱਥ ‘ਚ ਰੰਬਾ
ਲੱਗਦਾ ਸੀ ਮਸਤ ਫ਼ਕੀਰ ਜੇਹਾ
ਸੁੱਚੀ ਕਿਰਤ ਦੀ ਅੱਧੀ ਖਾਕੇ
ਸੀ ਉਹ ਅਜ਼ਲ ਅਮੀਰ ਜੇਹਾ
ਪੈੜਾਂ ਪਾਈਆਂ ਫੁੱਲਾਂ ਜੇਹੀਆਂ
ਨਾ ਧਰਤੀ ਤੇ ਭਾਰ ਰਿਹਾ।
ਕੋਰਾ ਅਣਪੜ ਬਾਪੂ ਮੇਰਾ
ਅੱਖਰਾਂ ਦਾ ਮੋਹ ਕਰਦਾ ਸੀ
ਸਿੱਧੀਆਂ-ਸਾਦੀਆਂ ਗੱਲਾਂ ਵਿਚੋਂ
ਗੂੜ-ਗਿਆਨ ਝਰਦਾ ਸੀ
ਮੇਰੇ ਹੱਥ ‘ਚ ਕਲਮ ਫੜਾ ਕੇ
ਹੱਲ ਦਾ ਕਰਜ਼ ਉਤਾਰ ਗਿਆ।
ਬਾਪ ਮਰ ਕੇ ਕਦੇ ਵੀ ਨਹੀਂ ਮਰਦਾ। ਉਹ ਤਾਂ ਆਪਣੀ ਔਲਾਦ ਵਿਚ ਸਦਾ ਜਿਉਂਦਾ ਰਹਿੰਦਾ।