ਸਿਸਵਾਂ ਫਾਰਮ ਹਾਊਸ ‘ਤੇ ਕੈਪਟਨ ਨੇ ਇਕੱਲੇ-ਇਕੱਲੇ ਵਿਧਾਇਕ ਨਾਲ ਕੀਤੀ ਗੱਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਨੂੰ ਨਾ ਮਿਲਣ ਦੇ ਲੱਗ ਰਹੇ ਆਰੋਪਾਂ ਨੂੰ ਹੁਣ ਧੋਣ ਦੀ ਕੋਸ਼ਿਸ਼ ਕਰ ਰਹੇ ਹਨ। ਦਿੱਲੀ ਦਰਬਾਰ ‘ਚ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਵੱਲੋਂ ਉਠਾਈ ਗਈ ਆਵਾਜ਼ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਦੇ ਚੱਲਦਿਆਂ ਮੁੱਖ ਮੰਤਰੀ ਨੇ ਆਪਣੇ ਸਿਸਵਾਂ ਫਾਰਮ ਹਾਊਸ ਵਿਖੇ ਵਿਧਾਇਕਾਂ ਨਾਲ ਇਕੱਲਿਆਂ-ਇਕੱਲਿਆਂ ਮੀਟਿੰਗ ਕੀਤੀ ਹੈ। ਕੈਪਟਨ ਅਮਰਿੰਦਰ ਨੇ ਇਕੱਲੇ ਇਕੱਲੇ ਆਗੂ ਨਾਲ ਦਸ ਤੋਂ ਪੰਦਰਾਂ ਮਿੰਟ ਤੱਕ ਗੱਲ ਕਰਕੇ ਉਨ੍ਹਾਂ ਦੀ ਨਬਜ਼ ਟੋਹਣ ਦੀ ਕੋਸ਼ਿਸ਼ ਕੀਤੀ। ਭਾਵੇਂ ਕਈ ਆਗੂਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਆਪਣੇ ਹਲਕੇ ਨਾਲ ਸਬੰਧਿਤ ਜ਼ਰੂਰੀ ਕੰਮਾਂ ਲਈ ਮਿਲਣ ਦੀ ਗੱਲ ਕਹੀ ਹੈ ਪਰ ਜਾਣਕਾਰੀ ਮਿਲ ਰਹੀ ਹੈ ਕਿ ਕਾਂਗਰਸ ਅੰਦਰ ਉਠੀਆਂ ਬਗ਼ਾਵਤੀ ਲਹਿਰਾਂ ਨੂੰ ਸ਼ਾਂਤ ਕਰਨ ਅਤੇ ਪੰਜਾਬ ਵਿਚ ਬਦਲ ਰਹੇ ਸਿਆਸੀ ਸਮੀਕਰਨਾਂ ਦੇ ਮੱਦੇਨਜ਼ਰ ਹੀ ਮੁੱਖ ਮੰਤਰੀ ਵਲੋਂ ਵਿਧਾਇਕਾਂ ਨਾਲ ਮਿਲਣੀ ਸ਼ੁਰੂ ਕੀਤੀ ਗਈ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਸੰਸਦ ਮੈਂਬਰ ਮੁਹੰਮਦ ਸਦੀਕ ਅਤੇ ਜਸਬੀਰ ਸਿੰਘ ਡਿੰਪਾ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਐੱਮਪੀ ਮੁਹੰਮਦ ਸਦੀਕ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਹਲਕਾ ਫਰੀਦਕੋਟ ਨਾਲ ਸਬੰਧਤ ਮਸਲੇ ਧਿਆਨ ‘ਚ ਲਿਆਂਦੇ ਹਨ। ਉਨ੍ਹਾਂ ਹਲਕੇ ਲਈ ਫੰਡਾਂ ਦੀ ਮੰਗ ਵੀ ਰੱਖੀ ਹੈ, ਕਿਉਂਕਿ ਸੰਸਦੀ ਕੋਟੇ ਦੇ ਫੰਡਾਂ ਵਿਚ ਕਟੌਤੀ ਹੋ ਗਈ ਹੈ। ਮੁੱਖ ਮੰਤਰੀ ਹਰ ਹਲਕੇ ਦੀਆਂ ਮੰਗਾਂ ਅਤੇ ਸਮੱਸਿਆਵਾਂ ਬਾਰੇ ਵੀ ਜਾਣ ਰਹੇ ਹਨ ਤਾਂ ਜੋ 2022 ਚੋਣਾਂ ਦੀ ਤਿਆਰੀ ਕੀਤੀ ਜਾ ਸਕੇ। ਬਹੁਤੇ ਵਿਧਾਇਕਾਂ ਨੇ ਆਪੋ-ਆਪਣੇ ਮਸਲੇ ਹੀ ਰੱਖੇ ਹਨ। ਇਸ ਦੌਰਾਨ ਲਖਬੀਰ ਸਿੰਘ ਲੱਖਾ, ਹਰਦੇਵ ਸਿੰਘ ਲਾਡੀ, ਸੁਖਵਿੰਦਰ ਡੈਨੀ, ਵਿਧਾਇਕ ਰਮਿੰਦਰ ਸਿੰਘ ਆਵਲਾ ਤੋਂ ਇਲਾਵਾ ਹੋਰ ਵਿਧਾਇਕ ਵੀ ਮੁੱਖ ਮੰਤਰੀ ਨੂੰ ਮਿਲੇ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਓਪੀ ਸੋਨੀ, ਸੰਸਦ ਮੈਂਬਰ ਰਵਨੀਤ ਬਿੱਟੂ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਵਿਧਾਇਕ ਰਮਨਜੀਤ ਸਿੰਘ ਸਿੱਕੀ, ਨਵਤੇਜ ਸਿੰਘ ਚੀਮਾ, ਅਮਿਤ ਵਿਜ, ਸੁਸ਼ੀਲ ਕੁਮਾਰ ਰਿੰਕੂ, ਰਣਦੀਪ ਸਿੰਘ ਨਾਭਾ ਤੇ ਸੁਰਿੰਦਰ ਡਾਵਰ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਨੇ ਅਫ਼ਸਰਸ਼ਾਹੀ ਨੂੰ ਹਦਾਇਤ ਕੀਤੀ ਹੈ ਕਿ ਚੁਣੇ ਪ੍ਰਤੀਨਿਧਾਂ ਨੂੰ ਮਾਣ ਸਤਿਕਾਰ ਦਿੱਤਾ ਜਾਵੇ। ਮੁੱਖ ਮੰਤਰੀ ਵਿਧਾਇਕਾਂ ਤੋਂ ਹਲਕਿਆਂ ਦੀ ਸਿਆਸੀ ਫੀਡ ਬੈਕ ਵੀ ਲੈ ਰਹੇ ਹਨ।
ਹੁਣ ਕੈਪਟਨ ਤੇ ਸਿੱਧੂ ਨੂੰ ਆਹਮੋ-ਸਾਹਮਣੇ ਬਿਠਾ ਕੇ ਸੋਨੀਆ ਕਰੇਗੀ ਪੁੱਛਗਿੱਛ
20 ਜੂਨ ਨੂੰ ਸੋਨੀਆ ਗਾਂਧੀ ਨੇ ਦਿੱਲੀ ਵਿਖੇ ਸੱਦੀ ਮੀਟਿੰਗ
ਚੰਡੀਗੜ੍ਹ : ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਅੰਦਰ ਪੈਦਾ ਹੋਈ ਖਿੱਚੋਤਾਣ ਨੂੰ ਖਤਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਕਈ ਹੋਰ ਆਗੂਆਂ ਦਰਮਿਆਨ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਲਈ ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 20 ਜੂਨ ਨੂੰ ਦਿੱਲੀ ਵਿਖੇ ਮੀਟਿੰਗ ਸੱਦ ਲਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਇਸ ਵਾਰ ਪਾਰਟੀ ਆਗੂਆਂ ਨਾਲ ਸਿੱਧੀ ਗੱਲਬਾਤ ਰਾਹੀਂ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ।
ਜ਼ਿਕਰਯੋਗ ਹੈ ਕਿ ਲੰਘੇ ਕਈ ਮਹੀਨਿਆਂ ਤੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹਿਆ ਹੈ। ਹੁਣ ਦੇਖਣਾ ਇਹ ਹੈ ਕਿ 20 ਜੂਨ ਨੂੰ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਅੰਦਰ ਪੈਦਾ ਹੋਇਆ ਕਲੇਸ਼ ਖਤਮ ਹੁੰਦਾ ਹੈ ਜਾਂ ਨਹੀਂ। ਕਿਉਂਕਿ ਨਵਜੋਤ ਸਿੰਘ ਸਿੱਧੂ ਇਹ ਵੀ ਕਹਿ ਚੁੱਕੇ ਹਨ ਕਿ ਜੇ ਉਹ ਆਪਣੇ ਅਹੁਦੇ ‘ਤੇ ਵਾਪਸ ਪਰਤ ਵੀ ਆਉਂਦੇ ਨੇ ਤਾਂ ਉਨ੍ਹਾਂ ਕੈਪਟਨ ਨਾਲ ਕੰਮ ਕਰਨਾ ਠੀਕ ਨਹੀਂ ਲੱਗੇਗਾ।