ਹੁਣ ਰਾਸ਼ਟਰਪਤੀ ਦੇ ਨਾਮ ਜਾਰੀ ਹੋਵੇਗਾ ਰੋਸ ਪੱਤਰ
26 ਜੂਨ ਨੂੰ ਗੁਰਦੁਆਰਾ ਅੰਬ ਸਾਹਿਬ ਤੋਂ ਗਵਰਨਰ ਹਾਊਸ ਤੱਕ ਕਿਸਾਨ ਜਥੇਬੰਦੀਆਂ ਕਰਨਗੀਆਂ ਮਾਰਚ
ਚੰਡੀਗੜ੍ਹ : ਪੌਣੇ 7 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਬਾਤ ਨਾ ਪੁੱਛਣ ਵਾਲੀ ਸਰਕਾਰ ਨਾਲ ਗੱਲਬਾਤ ਟੁੱਟਿਆਂ ਵੀ 22 ਜੂਨ ਨੂੰ 5 ਮਹੀਨੇ ਹੋ ਜਾਣਗੇ। ਆਖਰੀ ਗੱਲਬਾਤ 22 ਜਨਵਰੀ ਨੂੰ ਹੋਈ ਸੀ। ਕੇਂਦਰ ਸਰਕਾਰ ਖਿਲਾਫ਼ ਦੇਸ਼ ਭਰ ਵਿਚ ਵਧ ਰਹੇ ਰੋਸੇ ਅਤੇ ਅੰਦੋਲਨ ਨੂੰ ਮਿਲ ਰਹੀ ਤਾਕਤ ਦੇ ਬਾਵਜੂਦ ਨਾ ਤਾਂ ਸਰਕਾਰ ਕਾਨੂੰਨ ਵਾਪਸ ਲੈਣ ਲਈ ਅਜੇ ਤੱਕ ਤਿਆਰ ਹੋਈ ਹੈ ਅਤੇ ਨਾ ਹੀ ਇਸ ਮਾਮਲੇ ‘ਤੇ ਭਾਰਤ ਦੇ ਰਾਸ਼ਟਰਪਤੀ ਨੇ ਕੋਈ ਪ੍ਰਤੀਕ੍ਰਿਆ ਪ੍ਰਗਟਾਈ। ਇਸ ਦੇ ਮੱਦੇਨਜ਼ਰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਆਉਂਦੀ 26 ਜੂਨ ਨੂੰ ਉਹ ਮੋਹਾਲੀ ਸਥਿਤ ਗੁਰਦੁਆਰਾ ਅੰਬ ਸਾਹਿਬ ਤੋਂ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਤੱਕ ਮਾਰਚ ਕੱਢਣਗੀਆਂ ਅਤੇ ਗਵਰਨਰ ਨੂੰ ਰਾਸ਼ਟਰਪਤੀ ਦੇ ਨਾਂ ਇਕ ਰੋਸ ਪੱਤਰ ਦੇਣਗੀਆਂ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦਿਨ ਹਜ਼ਾਰਾਂ ਦੀ ਤਾਦਾਦ ਵਿਚ ਕਿਸਾਨਾਂ ਦੀ ਇਕੱਤਰਤਾ ਹੋਵੇਗੀ। ਜਥੇਬੰਦੀਆਂ ਨੇ ਝੋਨੇ ਦੀ ਲਵਾਈ ਤੋਂ ਵਿਹਲੇ ਹੋ ਰਹੇ ਕਿਸਾਨਾਂ ਨੂੰ ਵੀ ਮੁੜ ਦਿੱਲੀ ਮੋਰਚਿਆਂ ਵਿਚ ਪਹੁੰਚਣ ਦੀ ਅਪੀਲ ਕਰ ਦਿੱਤੀ ਹੈ ਤੇ ਆਉਂਦੇ ਦਿਨਾਂ ‘ਚ ਦਿੱਲੀ ਬਾਰਡਰਾਂ ‘ਤੇ ਕਿਸਾਨਾਂ ਦੀ ਗਿਣਤੀ ਹੋਰ ਜ਼ਿਆਦਾ ਵਧਣ ਦੇ ਆਸਾਰ ਬਣ ਗਏ ਹਨ।