Breaking News
Home / ਹਫ਼ਤਾਵਾਰੀ ਫੇਰੀ / ਪਹਿਲੀ ਵਾਰ ਇਨਸਾਨ ਦੇ ਦਿਮਾਗ ‘ਚ ਲਗਾਈ ਚਿੱਪ

ਪਹਿਲੀ ਵਾਰ ਇਨਸਾਨ ਦੇ ਦਿਮਾਗ ‘ਚ ਲਗਾਈ ਚਿੱਪ

ਮਸਕ ਦੇ ਸਟਾਰਟਅਪ ਦੀ ਵੱਡੀ ਉਪਲਬਧੀ ਮਰੀਜ਼ ਦੀ ਸਿਹਤ ‘ਚ ਹੋ ਰਿਹੈ ਸੁਧਾਰ : ਐਲਨ ਮਸਕ
ਨਵੀਂ ਦਿੱਲੀ/ਬਿਊਰੋ ਨਿਊਜ਼ : ਐਲਨ ਮਸਕ ਦੀ ਕੰਪਨੀ ਨਿਊਰਾਲਿੰਕ ਨੇ ਦੁਨੀਆ ਵਿਚ ਪਹਿਲੀ ਵਾਰ ਇਨਸਾਨ ਦੇ ਦਿਮਾਗ ਵਿਚ ਚਿੱਪ ਲਗਾਉਣ ਦਾ ਦਾਅਵਾ ਕੀਤਾ ਹੈ। ਐਲਨ ਮਸਕ ਨੇ ‘ਐਕਸ’ ਪੋਸਟ ਕਰਕੇ ਕਿਹਾ ਕਿ ਬ੍ਰੇਨ-ਚਿੱਪ ਟਰਾਂਸਪਲਾਂਟ ਕਾਮਯਾਬ ਰਿਹਾ ਹੈ। ਜਿਸ ਮਰੀਜ਼ ਦੇ ਦਿਮਾਗ ਵਿਚ ਚਿੱਪ ਲਗਾਈ ਗਈ ਹੈ, ਉਸਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਨਤੀਜੇ ਉਤਸ਼ਾਹ ਵਧਾਉਣ ਵਾਲੇ ਹਨ। ਇਸਦਾ ਮਕਸਦ ਅਧਰੰਗ ਤੇ ਨਾੜੀ ਪ੍ਰਣਾਲੀ (ਨਿਊਰਾਨ) ਸਬੰਧੀ ਬਿਮਾਰੀ ਤੋਂ ਪੀੜਤ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣਾ ਹੈ।
ਨਿਊਰਾਲਿੰਕ ਨੂੰ ਪਿਛਲੇ ਸਾਲ ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਮਨੁੱਖਾਂ ‘ਤੇ ਚਿੱਪ ਦੇ ਟਰਾਂਸਪਲਾਂਟ ਦਾ ਪਹਿਲਾ ਪ੍ਰੀਖਣ ਕਰਨ ਦੀ ਮਨਜੂਰੀ ਦਿੱਤੀ ਸੀ। ਨਿਊਰਾਲਿੰਕ ਦੀ ਇਸ ਚਿੱਪ ਦਾ ਨਾਂ ਟੈਲੀਪੈਥੀ ਹੈ। ਮਸਕ ਨੇ ਸਾਲ 2016 ਵਿਚ ਬਣਾਈ ਸੀ ਨਿਊਰਾਲਿੰਕ ਕੰਪਨੀ : ਮਸਕ ਨੇ ਸਾਲ 2016 ਵਿਚ ਨਿਊਰਾਲਿੰਕ ਕੰਪਨੀ ਬਣਾਈ ਸੀ। ਨਿਊਰਾਲਿੰਕ ਬ੍ਰੇਨ ਚਿੱਪ ਇੰਟਰਫੇਸ ਬਣਾਉਣ ਦਾ ਕੰਮ ਕਰਦੀ ਹੈ ਜਿਨ੍ਹਾਂ ਨੂੰ ਇਨਸਾਨੀ ਖੋਪੜੀ ਵਿਚ ਇੰਪਲਾਂਟ ਕੀਤਾ ਜਾ ਸਕੇਗਾ। ਇਨ੍ਹਾਂ ਚਿੱਪਾਂ ਦੀ ਮੱਦਦ ਨਾਲ ਅੰਗਹੀਣ ਵਿਅਕਤੀ ਜਿਹੜੇ ਤੁਰ-ਫਿਰ ਨਹੀਂ ਸਕਦੇ ਜਾਂ ਗੱਲ ਨਹੀਂ ਕਰ ਸਕਦੇ ਜਾਂ ਦੇਖ ਨਹੀਂ ਸਕਦੇ, ਉਹ ਮੁੜ ਕੁਝ ਹੱਦ ਤੱਕ ਬਿਹਤਰ ਜ਼ਿੰਦਗੀ ਜੀਅ ਸਕਣਗੇ। ਕੰਪਨੀ ਨੇ ਉਪਕਰਨ ਵਿਕਸਤ ਕੀਤਾ ਹੈ, ਜਿਹੜਾ ਦਿਮਾਗ ਅੰਦਰ ਬੇਹੱਦ ਪਤਲੇ ਥਰੈੱਡ ਨੂੰ ਟਰਾਂਸਪਲਾਂਟ ਕਰਨ ਵਿਚ ਸਮਰੱਥ ਹੈ। ਇਹ ਥਰੈੱਡ ਇਲੈਕਟ੍ਰਾਡ ਨਾਲ ਡਿਜ਼ਾਈਨ ਕੀਤੀ ਗਈ ਚਿੱਪ ਨਾਲ ਜੁੜਦੇ ਹਨ, ਜਿਹੜੇ ਨਿਊਰਾਨ ਸਮੂਹਾਂ ਤੋਂ ਪੜ੍ਹ ਸਕਦੇ ਹਨ। ਇਨਸਾਨਾਂ ਤੋਂ ਪਹਿਲਾਂ ਇਨ੍ਹਾਂ ਚਿੱਪਾਂ ਦਾ ਪ੍ਰੀਖਣ ਬੰਦਰਾਂ ‘ਚ ਕੀਤਾ ਗਿਆ। ਇਨ੍ਹਾਂ ਚਿੱਪਾਂ ਨੂੰ ਦਿਮਾਗ ਵਿਚ ਪੈਦਾ ਹੋਏ ਸੰਕੇਤਾਂ ਦੀ ਵਿਆਖਿਆ ਕਰਨ ਤੇ ਬਲੂਟੁੱਥ ਜ਼ਰੀਏ ਉਪਕਰਨਾਂ ਤੱਕ ਜਾਣਕਾਰੀ ਰਿਲੇਅ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਮੈਡੀਕਲ ਡਿਵਾਈਸ ਪ੍ਰਾਈਮ (ਪ੍ਰੇਸਾਈਜ਼ ਰੋਬੋਟਿਕਲੀ ਇੰਪਲਾਂਟਿਡ ਬ੍ਰੇਨ ਕੰਪਿਊਟਰ ਇੰਟਰਫੇਸ) ਦਾ ਮਕਸਦ ਇਨਸਾਨੀ ਦਿਮਾਗ ਵਿਚ ਚਿੱਪ ਲਗਾਉਣ ਦੀ ਸੇਫਟੀ ਦਾ ਮੁਲਾਂਕਣ ਕਰਨਾ ਹੈ।
ਸੋਚਣ ਨਾਲ ਕੰਪਿਊਟਰ ਤੇ ਮੋਬਾਇਲ ਕਰਨਗੇ ਕੰਮ
ਮਸਕ ਨੇ ਕਿਹਾ ਕਿ ਟੈਲੀਪੈਥੀ ਦੀ ਮੱਦਦ ਨਾਲ ਸਿਰਫ਼ ਸੋਚਣ ਨਾਲ ਮੋਬਾਇਲ ਜਾਂ ਕੰਪਿਊਟਰ ਚਲਾਇਆ ਜਾ ਸਕੇਗਾ। ਕਲਪਨਾ ਕਰੋ ਕਿ ਜਦੋਂ ਸਟੀਫਨ ਹਾਕਿੰਗ ਇਕ ਸਪੀਡ ਟਾਈਪਿਸਟ ਤੋਂ ਵੀ ਤੇਜ਼ੀ ਨਾਲ ਗੱਲਬਾਤ ਕਰ ਸਕਦੇ। ਇਹ ਟੀਚਾ ਹੈ। ਮਸਕ ਨੇ ਇਹ ‘ਐਕਸ’ ‘ਤੇ ਪੋਸਟ ਕੀਤਾ ਹੈ। ਪਹਿਲੀ ਵਾਰ ਇਨਸਾਨ ਦੇ ਦਿਮਾਗ ਵਿਚ ਨਿਊਰਾਲਿੰਕ ਦੀ ਚਿੱਪ ਟਰਾਂਸਪਲਾਂਟ ਕੀਤੀ ਗਈ ਹੈ। ਉਮੀਦ ਮੁਤਾਬਕ ਨਿਊਰਾਨ ਸਪਾਇਕ ਦਾ ਪਤਾ ਲੱਗਾ ਹੈ। ਸਪਾਈਕਸ ਨਿਊਰਾਨ ਦੀ ਗਤੀਵਿਧੀ ਹੁੰਦੀ ਹੈ। ਨਿਊਰਾਨ ਉਨ੍ਹਾਂ ਟਿਸ਼ੂਆਂ ਨੂੰ ਜਾਂਦਾ ਹੈ ਜਿਹੜੇ ਦਿਮਾਗ ਤੇ ਸਰੀਰ ਵਿਚ ਜਾਣਕਾਰੀ ਭੇਜਣ ਲਈ ਇਲੈਕਟ੍ਰੀਕਲ ਤੇ ਕੈਮੀਕਲ ਸੰਕੇਤ ਵਰਤਦੇ ਹਨ।

Check Also

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …