Breaking News
Home / ਹਫ਼ਤਾਵਾਰੀ ਫੇਰੀ / ਲਿੰਡਾ ਜੈਫਰੀ ਨੂੰ ਹਰਾ ਕੇ ਪੈਟਰਿਕ ਬਰਾਊਨ ਬਣੇ ਬਰੈਂਪਟਨ ਦੇ ਨਵੇਂ ਮੇਅਰ

ਲਿੰਡਾ ਜੈਫਰੀ ਨੂੰ ਹਰਾ ਕੇ ਪੈਟਰਿਕ ਬਰਾਊਨ ਬਣੇ ਬਰੈਂਪਟਨ ਦੇ ਨਵੇਂ ਮੇਅਰ

ਬਰੈਂਪਟਨ/ਡਾ. ਝੰਡ
ਬਰੈਂਪਟਨ ਸਿਟੀ ਕਾਊਂਸਲ ਲਈ 22 ਅਕਤੂਬਰ ਨੂੰ ਹੋਈਆਂ ਚੋਣਾਂ ਵਿਚ ਪੈਟਰਿਕ ਬਰਾਊਨ ਨੇ ਆਪਣੀ ਸੱਭ ਤੋਂ ਨੇੜਲੀ ਉਮੀਦਵਾਰ ਲਿੰਡਾ ਜੈੱਫ਼ਰੀ ਨੂੰ ਚਾਰ ਹਜ਼ਾਰ ਤੋਂ ਵਧੇਰੇ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਬਰੈਂਪਟਨ ਦੇ ਮੇਅਰ ਦੀ ਕੁਰਸੀ ‘ਤੇ ਆਪਣਾ ਹੱਕ ਜਮਾ ਲਿਆ ਹੈ। ਉਨ੍ਹਾਂ ਨੂੰ 44.40% (ਕੁਲ 46,894) ਵੋਟਾਂ ਮਿਲੀਆਂ ਅਤੇ ਲਿੰਡਾ ਜੈੱਫ਼ਰੀ ਨੂੰ 40.70% (ਕੁਲ 42,993) ਵੋਟਾਂ ਪ੍ਰਾਪਤ ਹੋਈਆਂ ਹਨ ਜਦ ਕਿ ਇਸ ਦੌੜ ਵਿਚ ਸ਼ਾਮਲ ਦੋ ਨਾਮਵਰ ਉਮੀਦਵਾਰਾਂ ਵਿਚ ਸ਼ਾਮਲ ਜੌਹਨ ਸਪਰੋਵਰੀ ਨੂੰ ਪੋਲ ਹੋਈਆਂ ਕੁਲ ਵੋਟਾਂ ਦਾ 4.81% ਅਤੇ ਬਲ ਗੌਸਲ ਨੂੰ 5.12% ਹਿੱਸਾ ਹੀ ਮਿਲ ਸਕਿਆ ਹੈ। ਬਾਕੀ ਦੀਆਂ ਥੋੜ੍ਹੀਆਂ ਬਹੁਤ ਵੋਟਾਂ ਹੋਰ ਵਿਨੋਦ ਮਹੇਸਨ, ਵੈਸਲੇ ਜੈਕਸਨ ਅਤੇ ਮਨਸੂਰ ਅਮੀਰਸੁਤਾਨ ਨੂੰ ਵੰਡਵੀਆਂ ਪਈਆਂ। ਇਸ ਤਰ੍ਹਾਂ ਇਹ ਮੁੱਖ-ਮੁਕਾਬਲਾ ਪੈਟਰਿਕ ਬਰਾਊਨ ਅਤੇ ਲਿੰਡਾ ਜੈੱਫ਼ਰੀ ਵਿਚਕਾਰ ਹੀ ਰਿਹਾ।
ਇੱਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਪੈਟਰਿਕ ਬਰਾਊਨ ਨੂੰ ਕੁਝ ਸਾਲ ਪਹਿਲਾਂ ਦੋ ਔਰਤਾਂ ਵੱਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਜਨਵਰੀ ਮਹੀਨੇ ਵਿਚ ਪੀ.ਸੀ.ਪਾਰਟੀ ਦੇ ਮੁਖੀ ਵਜੋਂ ਅਸਤੀਫ਼ਾ ਦੇਣਾ ਪਿਆ ਸੀ। ਪਾਰਟੀ ਦੇ ਇਸ ਅਹੁਦੇ ਲਈ ਫ਼ਰਵਰੀ ਵਿਚ ਹੋਈ ਚੋਣ ਵਿਚ ਉਹ ਮੁੜ ਉਮੀਦਵਾਰ ਬਣੇ ਸਨ ਪਰ ਫਿਰ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਇਰਾਦਾ ਬਦਲ ਲਿਆ ਅਤੇ ਆਪਣਾ ਨਾਂ ਵਾਪਸ ਲੈ ਲਿਆ। ਫਿਰ ਜੁਲਾਈ ਵਿਚ ਪੀਲ ਰੀਜਨਲ ਚੇਅਰ ਲਈ ਕੋਸ਼ਿਸ਼ ਕੀਤੀ ਪਰ ਜੂਨ ਦੇ ਅਖ਼ੀਰ ਵਿਚ ਓਨਟਾਰੀਓ ਵਿਚ ਡੱਗ਼ ਫ਼ੋਰਡ ਦੀ ਸਰਕਾਰ ਬਣ ਜਾਣ ‘ਤੇ ਉਨ੍ਹਾਂ ਵੱਲੋਂ ਇਹ ਅਹੁਦਾ ਹੀ ਖ਼ਤਮ ਕਰ ਦਿੱਤਾ ਗਿਆ ਅਤੇ ਬਰਾਊਨ ਦੀ ਇਹ ਇੱਛਾ ਪੂਰੀ ਨਾ ਹੋ ਸਕੀ। ਆਪਣੇ ਵੱਲੋਂ ਕੀਤੀ ਗਈ ਤੀਸਰੀ ਕੋਸ਼ਿਸ਼ ਵਿਚ ਉਹ ਅਖ਼ੀਰ ਬਰੈਂਪਟਨ ਦੇ ਮੇਅਰ ਬਣਨ ਵਿਚ ਕਾਮਯਾਬ ਹੋ ਗਏ ਹਨ ਪਰ ਇਸ ਦੇ ਲਈ ਉਨ੍ਹਾਂ ਨੂੰ ਕਾਫ਼ੀ ਸਖ਼ਤ ਮਿਹਨਤ ਕਰਨੀ ਪਈ ਹੈ। ਵੱਖ-ਵੱਖ ਚੋਣ-ਵਿਸ਼ਲੇਸ਼ਕਾਂ ਵੱਲੋਂ ਪਿਛਲੇ ਹਫ਼ਤੇ ਦੇ ਅਖ਼ੀਰ ਤੱਕ ਲਿੰਡਾ ਜੈੱਫ਼ਰੀ ਦਾ ਪੱਲੜਾ ਭਾਰੀ ਦੱਸਿਆ ਜਾ ਰਿਹਾ ਸੀ ਕਿਉਂਕਿ ਉਨ੍ਹਾਂ ਨੂੰ ਬਰੈਂਪਟਨ ਦੇ ਲਿਬਰਲ ਪਾਰਟੀ ਦੇ ਪੰਜੇ ਪਾਰਲੀਮੈਂਟ ਮੈਂਬਰਾਂ ਅਤੇ ਚਾਰ ਐੱਮ.ਪੀ.ਪੀਜ਼ ਦੀ ਹਮਾਇਤ ਹਾਸਲ ਸੀ ਜੋ ਵੱਖ-ਵੱਖ ਪਾਰਟੀਆਂ ਐੱਨ.ਡੀ.ਪੀ. ਅਤੇ ਪੀ.ਸੀ. ਨਾਲ ਸਬੰਧਿਤ ਹਨ, ਪਰ ਚੋਣਾਂ ਤੋਂ ਦੋ-ਤਿੰਨ ਦਿਨਾਂ ਪਹਿਲਾਂ ਹੀ ਇਸ ਚੋਣ ਸੀਨ ਦਾ ਪਾਸਾ ਪਲਟ ਗਿਆ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …