Breaking News
Home / ਹਫ਼ਤਾਵਾਰੀ ਫੇਰੀ / ਵਾਰਡ ਨੰ: 9 ਅਤੇ 10 ‘ਤੇ ਪੰਜਾਬੀਆਂ ਦਾ ਕਬਜ਼ਾ

ਵਾਰਡ ਨੰ: 9 ਅਤੇ 10 ‘ਤੇ ਪੰਜਾਬੀਆਂ ਦਾ ਕਬਜ਼ਾ

9 ਤੇ 10 ਨੇ ਰੱਖੀ ਲਾਜ, ਹਰਕੀਰਤ ਸਿੰਘ ਸਿਟੀ ਕੌਂਸਲਰ, ਗੁਰਪ੍ਰੀਤ ਢਿੱਲੋਂ ਰੀਜਨਲ ਕੌਂਸਲਰ ਤੇ ਬਲਬੀਰ ਸੋਹੀ ਇਸੇ ਵਾਰਡ ‘ਚੋਂ ਬਣੀ ਸਕੂਲ ਟਰੱਸਟੀ
ਟੋਰਾਂਟੋ ਵਿਚੋਂ ਜੌਹਨ ਟੋਰੀ ਤੇ ਮਿਸੀਸਾਗਾ ਵਿਚ ਬੌਨੀ ਕਰੌਂਬੀ ਮੁੜ ਮੇਅਰ ਚੁਣੇ ਗਏ
ਬਰੈਂਪਟਨ/ਡਾ. ਝੰਡ
ਇਸ ਵਾਰ ਬਰੈਂਪਟਨ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਉਮੀਦਵਾਰ ਵੱਖ-ਵੱਖ ਅਹੁਦਿਆਂ ਲਈ ਖੜ੍ਹੇ ਸਨ ਪਰ ਉਨ੍ਹਾਂ ਵਿੱਚੋਂ ਕੇਵਲ ਦੋ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਹਰਕੀਰਤ ਸਿੰਘ ਹੀ ਸਿਟੀ ਕਾਊਂਸਲ ਹਾਲ ਵਿਚ ਜਾਣ ਲਈ ਸਫ਼ਲ ਹੋਏ ਹਨ ਅਤੇ ਇਹ ਦੋਵੇਂ ਹੀ ਵਾਰਡ 9-10 ਵਿੱਚੋਂ ਹਨ। ਗੁਰਪ੍ਰੀਤ ਢਿੱਲੋਂ ਰੀਜਨਲ ਕਾਊਂਸਲਰ ਵਜੋਂ ਕਾਮਯਾਬ ਹੋਏ ਹਨ ਅਤੇ ਹਰਕੀਰਤ ਸਿੰਘ ਸਿਟੀ ਕਾਊਂਸਲਰ ਵਜੋਂ। ਜ਼ਿਕਰਯੋਗ ਹੈ ਇਹ ਜੋੜੀ ਪਿਛਲੀ ਵਾਰ ਇੱਥੋਂ ਕ੍ਰਮਵਾਰ ਸਿਟੀ ਕਾਊਂਸਲਰ ਅਤੇ ਸਕੂਲ-ਟਰੱਸਟੀ ਵਜੋਂ ਬਾਖ਼ੂਬੀ ਕੰਮ ਕਰ ਚੁੱਕੀ ਹੈ ਜਿਸ ਦਾ ਫਲ ਇਨ੍ਹਾਂ ਨੂੰ ਇਸ ਮੌਜੂਦਾ ਚੋਣ ਵਿਚ ਸਫ਼ਲਤਾ ਦੇ ਰੂਪ ਵਿਚ ਮਿਲਿਆ ਹੈ। ਇਨ੍ਹਾਂ ਦੋਹਾਂ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾਇਆ ਵੀ ਬਹੁਤ ਵੱਡੇ ਫ਼ਰਕ (ਦੁੱਗਣੇ-ਤਿਗਣੇ) ਨਾਲ ਹੈ ਜੋ ਇਨ੍ਹਾਂ ਦੀ ਲੋਕ-ਪ੍ਰੀਅਤਾ ਨੂੰ ਭਲੀ-ਭਾਂਤ ਦਰਸਾਉਂਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਹ ਦੋਵੇਂ ਅੱਗੋਂ ਵੀ ਟੀਮ ਵਾਂਗ ਓਸੇ ਉਤਸ਼ਾਹ, ਹਿੰਮਤ ਅਤੇ ਦਲੇਰੀ ਨਾਲ ਕੰਮ ਕਰਨਗੇ। ਵੈਸੇ, ਕਈ ਲੋਕ ਕੁਝ ਹੋਰ ਉਮੀਦਵਾਰਾਂ, ਜਿਵੇਂ ਵਾਰਡ 2 ਤੇ 6 ਤੋਂ ਰੀਜਨਲ ਕਾਊਂਸਲਰ ਲਈ ਗੁਰਪ੍ਰੀਤ ਬੈਂਸ, ਵਾਰਡ 3-4 ਤੋਂ ਸਿਟੀ ਕਾਊਂਸਲਰ ਲਈ ਹਰਪ੍ਰੀਤ ਹੰਸਰਾ ਅਤੇ ਵਾਰਡ 7-8 ਤੋਂ ਸਿਟੀ ਕਾਊਂਸਲਰ ਮਾਰਟਿਨ ਸਿੰਘ ਦੇ ਜਿੱਤਣ ਦੀ ਵੀ ਆਸ ਕਰ ਰਹੇ ਸਨ ਪਰ ਚੋਣ ਨਤੀਜੇ ਆਉਣ ‘ਤੇ ਉਹ ਕਾਫ਼ੀ ਪਿੱਛੇ ਰਹਿ ਗਏ ਹਨ। ਹਾਰਨ ਵਾਲੇ ਹੋਰ ਪੰਜਾਬੀ ਉਮੀਦਵਾਰਾਂ ਵਿਚ ਵਿੱਕੀ ਢਿੱਲੋਂ, ਹਰਵੀਨ ਧਾਲੀਵਾਲ, ਗੁਰਵਿੰਦਰ ਸਿੰਘ, ਨਿਸ਼ੀ ਸਿੱਧੂ ਅਤੇ ਮੋਕਸ਼ੀ ਵਿਰਕ ਸ਼ਾਮਲ ਹਨ।
ਬਰੈਂਪਟਨ ਰੀਜਨਲ ਕਾਊਂਸਲ ਲਈ ਵਾਰਡ 1 ਤੇ 5 ਤੋਂ ਪਾਲ ਵਿਸੈਂਟ, ਵਾਰਡ 2 ਤੇ 6 ਤੋਂ ਮਾਈਕਲ ਪਾਲ ਪਾਲੈਸ਼ੀ, ਵਾਰਡ 3-4 ਤੋਂ ਮਾਰਟੇਨ ਮਿਡੀਰੇਸ ਅਤੇ ਵਾਰਡ 7-8 ਤੋਂ ਪਾਲ ਫੋਰਟੀਨੀ ਚੁਣੇ ਗਏ ਹਨ। ਇਸੇ ਤਰ੍ਹਾਂ ਬਰੈਂਪਟਨ ਸਿਟੀ ਕਾਊਂਸਲ ਲਈ ਵਾਰਡ 1 ਤੇ 5 ਤੋਂ ਰੋਵੇਨਾ ਸੈਂਟੋਜ਼, ਵਾਰਡ 2 ਤੇ 6 ਤੋਂ ਡੱਗ ਵਿਲਹਾਂਸ, ਵਾਰਡ 3-4 ਤੋਂ ਜੈੱਫ਼ ਬਾਊਮਨ ਅਤੇ ਵਾਰਡ 7-8 ਵਿੱਚੋਂ ਸਾਰਮੇਨ ਵਿਲੀਅਮਜ਼ ਕਾਮਯਾਬ ਹੋਏ ਹਨ।
ਪੀਲ ਡਿਸਟ੍ਰਿਕਟ ਸਿੱਖਿਆ ਬੋਰਡ ਦੇ ਸਕੂਲ-ਟਰੱਸਟੀ ਵਜੋਂ ਵਾਰਡ 9-10 ਵਿੱਚੋਂ ਬਲਬੀਰ ਸੋਹੀ ਸਫ਼ਲ ਹੋਏ ਹਨ। ਉਨ੍ਹਾਂ ਦਾ ਇਸ ਅਹੁਦੇ ਲਈ ਪੱਤਰਕਾਰ ਸਤਪਾਲ ਸਿੰਘ ਜੌਹਲ ਨਾਲ ਸਖ਼ਤ ਮੁਕਾਬਲਾ ਸੀ ਅਤੇ ਉਹ ਇਸ ਵਿਚ 800 ਤੋਂ ਵਧੇਰੇ ਵੋਟਾਂ ਦੇ ਫ਼ਰਕ ਨਾਲ ਕਾਮਯਾਬ ਹੋਏ ਹਨ। ਇਸ ਵਾਰਡ ਵਿੱਚੋਂ ਇਸ ਅਹੁਦੇ ਲਈ ਦਰਜਨ ਉਮੀਦਵਾਰ ਸਨ ਅਤੇ ਬਾਕੀ ਹੋਰ ਉਮੀਦਵਾਰਾਂ ਵਿਚ ਅੱਧੀ ਦਰਜਨ ਪੰਜਾਬੀ ਉਮੀਦਵਾਰ ਹੀ ਹਨ। ਇਸ ਦੌਰਾਨ ਇਨ੍ਹਾਂ ਚੋਣਾਂ ਵਿਚ ਟੋਰਾਂਟੋ ਮਹਾਂਨਗਰ ਵਿੱਚੋਂ ਜੌਹਨ ਟੋਰੀ ਦੂਸਰੀ ਵਾਰ ਮੇਅਰ ਬਣੇ ਹਨ ਅਤੇ ਬਰੈਂਪਟਨ ਦੇ ਗਵਾਂਢੀ ਸ਼ਹਿਰ ਮਿਸੀਸਾਗਾ ਵਿੱਚੋਂ ਬੌਨੀ ਕਰੌਂਬੀ ਵੀ ਇਸ ਅਹੁਦੇ ਲਈ ਮੁੜ ਚੁਣੇ ਗਏ ਹਨ। ਇਨ੍ਹਾਂ ਦੋਹਾਂ ਆਗੂਆਂ ਦੀ ਸਫ਼ਲਤਾ ਇਨ੍ਹਾਂ ਦੀ ਪਿਛਲੀ ਟਰਮ ਦੀ ਕਾਰਗ਼ੁਜ਼ਾਰੀ ਅਤੇ ਕਾਰਜ-ਸ਼ੈਲੀ ਉੱਤੇ ਲੋਕਾਂ ਵੱਲੋਂ ਲਾਈ ਮੋਹਰ ਕਹੀ ਜਾ ਸਕਦੀ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …