ਪ੍ਰਤਿਭਾ ਸਿੰਘ ਨੇ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕੀਤੇ ਜਾਣ ’ਤੇ ਚੁੱਕੇ ਸਵਾਲ
ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਪਠਾਨੀਆ ਨੇ ਰਾਜ ਸਭਾ ਚੋਣਾਂ ਦੌਰਾਨ ਕਰਾਸ ਵੋਟਿੰਗ ਕਰਨ ਵਾਲੇ 6 ਕਾਂਗਰਸੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਮੈਂਬਰਸ਼ਿਪ ਰੱਦ ਹੋਣ ਵਾਲਿਆਂ ਵਿਚ ਰਜਿੰਦਰ ਰਾਣਾ, ਸੁਧੀਰ ਸ਼ਰਮਾ, ਰਵੀ ਠਾਕੁਰ, ਚੇਤੰਨਿਆ ਸ਼ਰਮਾ, ਦੇਵੇਂਦਰ ਭੁੱਟੋ ਅਤੇ ਆਈਡੀ ਲਖਨਪਾਲ ਦਾ ਨਾਮ ਸ਼ਾਮਲ ਹੈ। ਹਿਮਾਚਲ ਵਿਧਾਨ ਸਭਾ ਦੇ ਇਤਿਹਾਸ ਅਨੁਸਾਰ ਵਿਧਾਇਕਾਂ ਖਿਲਾਫ਼ ਪਹਿਲੀ ਵਾਰ ਅਜਿਹੀ ਕਾਰਵਾਈ ਕੀਤੀ ਗਈ ਹੈ। ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਇਹ ਵਿਧਾਇਕ ਆਇਆ ਰਾਮ, ਗਿਆ ਰਾਮ ਦੀ ਰਾਜਨੀਤੀ ਕਰ ਰਹੇ ਹਨ। ਜਦਕਿ ਅਜਿਹਾ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਜਨਤਾ ਨੇ ਇਨ੍ਹਾਂ ਨੂੰ ਪੰਜ ਸਾਲਾਂ ਲਈ ਚੁਣ ਕੇ ਭੇਜਿਆ ਹੈ। ਸਪੀਕਰ ਦੇ ਇਸ ਫੈਸਲੇ ਤੋਂ ਬਾਅਦ ਹਿਮਾਚਲ ਸਰਕਾਰ ਡਿੱਗਣ ਦਾ ਖਤਰਾ ਫਿਲਹਾਲ ਟਲ ਗਿਆ ਹੈ। ਕਿਉਂਕਿ ਇਸ ਫੈਸਲੇ ਤੋਂ ਬਾਅਦ ਕਾਂਗਰਸ ਕੋਲ 34 ਐਮ ਐਲ ਏ ਬਚੇ ਹਨ ਅਤੇ ਭਾਜਪਾ ਕੋਲ 25 ਜਦਕਿ 3 ਅਜ਼ਾਦ ਵਿਧਾਇਕ ਹਨ। ਉਧਰ ਹਿਮਾਚਲ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਨੇ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕੀਤੇ ਜਾਣ ਉਤੇ ਸਵਾਲ ਚੁੱਕੇ ਹਨ। ਜਦਕਿ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਅਯੋਗ ਕਰਾਰ ਦਿੱਤੇ ਗਏ ਵਿਧਾਇਕ ਸਾਡੇ ਹੀ ਹੋਣਗੇ।