ਕਿਹਾ : ਚੋਣਾਂ ’ਚ ਮੁਕਾਬਲਾ ਜ਼ਰੂਰੀ, ਪਰ ਇਹ ਝੂਠ ’ਤੇ ਅਧਾਰਿਤ ਨਾ ਹੋਵੇ
ਨਾਗਪੁਰ/ਬਿਊਰੋ ਨਿਊਜ਼
ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਨੇ ਲੋਕ ਸਭਾ ਚੋਣਾਂ ਸਬੰਧੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਚੋਣਾਂ, ਰਾਜਨੀਤੀ ਅਤੇ ਰਾਜਨੀਤਕ ਦਲਾਂ ਦੇ ਰਵੱਈਏ ਸਬੰਧੀ ਗੱਲ ਕੀਤੀ। ਨਾਗਪੁਰ ’ਚ ਗੱਲਬਾਤ ਕਰਦਿਆਂ ਭਾਗਵਤ ਨੇ ਕਿਹਾ ਕਿ ਜੋ ਮਰਿਆਦਾ ਵਿਚ ਰਹਿ ਕੇ ਕੰਮ ਕਰਦਾ ਹੈ ਅਤੇ ਹੰਕਾਰ ਨਹੀਂ ਕਰਦਾ, ਉਹੀ ਵਿਅਕਤੀ ਸਹੀ ਅਰਥਾਂ ਵਿਚ ਸੇਵਕ ਕਹਾਉਣ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਮੁਕਾਬਲਾ ਜ਼ਰੂਰੀ ਹੁੰਦਾ ਹੈ। ਇਸ ਦੌਰਾਨ ਦੂਜਿਆਂ ਨੂੰ ਪਿੱਛੇ ਛੱਡਣਾ ਵੀ ਹੁੰਦਾ ਹੈ, ਪਰ ਇਸਦੀ ਵੀ ਇਕ ਸੀਮਾ ਹੁੰਦੀ ਹੈ। ਇਹ ਚੋਣ ਮੁਕਾਬਲਾ ਝੂਠ ’ਤੇ ਅਧਾਰਿਤ ਨਹੀਂ ਹੋਣਾ ਚਾਹੀਦਾ। ਮੋਹਨ ਭਾਗਵਤ ਨੇ ਕਿਹਾ ਕਿ ਕੰਮ ਕਰੋ ਪਰ ਹੰਕਾਰ ਨਾ ਕਰੋ। ਸਰਕਾਰ ਸਬੰਧੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੇ 10 ਸਾਲਾਂ ਵਿਚ ਚੰਗੇ ਕੰਮ ਕੀਤੇ ਹਨ, ਪਰ ਕਈ ਚੁਣੌਤੀਆਂ ਅਜੇ ਵੀ ਬਾਕੀ ਹਨ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਜੋ ਵੀ ਹੋਇਆ ਉਹ ਜਨਤਾ ਦਾ ਦਿੱਤਾ ਫੈਸਲਾ ਹੈ, ਸੰਘ ਸਿਰਫ ਜਨਤਾ ਨੂੰ ਜਗਾਉਣ ਦਾ ਕੰਮ ਕਰਦਾ ਹੈ। ਇਸ ਤੋਂ ਵੱਧ ਸੰਘ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।