![](https://parvasinewspaper.com/wp-content/uploads/2024/06/APP-Kaj.jpg)
ਲੋਕ ਸਭਾ ਚੋਣਾਂ ’ਚ 13-0 ਦਾ ਮਿਸ਼ਨ ਹੋ ਚੁੱਕਾ ਹੈ ਫੇਲ੍ਹ
ਜਲੰਧਰ/ਬਿਊਰੋ ਨਿਊਜ਼
ਪੰਜਾਬ ’ਚ ਲੋਕ ਸਭਾ ਚੋਣਾਂ ਦੌਰਾਨ ਮਿਸ਼ਨ 13-0 ਫੇਲ੍ਹ ਹੋਣ ਤੋਂ ਬਾਅਦ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸ਼ਾਖ ਦਾਅ ’ਤੇ ਲੱਗ ਚੁੱਕੀ ਹੈ। ਸੂਬੇ ਵਿਚ ਲੋਕ ਸਭਾ ਦੀਆਂ 13 ਸੀਟਾਂ ਵਿਚੋਂ ਸਿਰਫ 3 ਸੀਟਾਂ ਜਿੱਤਣ ਤੋਂ ਬਾਅਦ ‘ਆਪ’ ਦੀ ਦਿਖ ਹੁਣ ਇਕ ਵਿਧਾਨ ਸਭਾ ਸੀਟ ਹੀ ਉਭਾਰ ਸਕਦੀ ਹੈ। ਇਹ ਸੀਟ ਜਲੰਧਰ (ਪੱਛਮੀ) ਹੈ, ਜਿੱਥੇ 10 ਜੁਲਾਈ ਨੂੰ ਜ਼ਿਮਨੀ ਹੋਣੀ ਹੈ। ਇਸ ਸੀਟ ਤੋਂ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਇਹ ਸੀਟ ਖਾਲੀ ਹੋ ਗਈ ਸੀ। ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਲੀਡਰਸ਼ਿਪ ’ਤੇ ਵੀ ਉਂਗਲੀਆਂ ਉਠਣ ਲੱਗ ਪਈਆਂ ਹਨ। ਧਿਆਨ ਰਹੇ ਕਿ ਲੋਕ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਜਲੰਧਰ (ਪੱਛਮੀ) ਵਿਚ ‘ਆਪ’ ਤੀਜੇ ਸਥਾਨ ’ਤੇ ਰਹੀ ਸੀ। ਹੁਣ ਇਹ ਜ਼ਿਮਨੀ ਚੋਣ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਪ੍ਰੀਖਿਆ ਦੀ ਘੜੀ ਹੈ।