ਪੁਲਿਸ ਨੇ ਗਹਿਣੇ ਅਤੇ ਨਕਦੀ ਕੀਤੀ ਬਰਾਮਦ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਵਿਚ ਪਿਛਲੇ ਦਿਨੀਂ ਸਾਬਕਾ ਅਕਾਲੀ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਘਰ ਨੇਪਾਲੀ ਨੌਕਰ ਨੇ ਪਰਿਵਾਰ ਨੂੰ ਬੇਸੁਧ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਦੇ ਚੱਲਦਿਆਂ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੇ ਨਾਲ ਮਿਲ ਕੇ ਸਾਂਝਾ ਅਪਰੇਸ਼ਨ ਚਲਾ ਕੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਆਰੋਪੀਆਂ ਕੋਲੋਂ ਗਹਿਣੇ, ਨਕਦੀ ਅਤੇ ਕਈ ਹੋਰ ਕੀਮਤੀ ਸਮਾਨ ਬਰਾਮਦ ਕਰ ਲਿਆ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨੇਪਾਲੀ ਨੌਕਰ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹ ਸਾਰੇ ਆਰੋਪੀ ਨੇਪਾਲ ਦੇ ਰਹਿਣ ਵਾਲੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਗਦੀਸ਼ ਸਿੰਘ ਗਰਚਾ ਦੇ ਪਰਿਵਾਰ ਨੇ ਇਸ ਨੇਪਾਲੀ ਨੌਕਰ ਨੂੰ ਤਿੰਨ ਮਹੀਨੇ ਪਹਿਲਾਂ ਹੀ ਘਰ ਵਿਚ ਕੰਮ ਲਈ ਰੱਖਿਆ ਸੀ। ਗਰਚਾ ਪਰਿਵਾਰ ਨੇ ਇਸ ਨੇਪਾਲੀ ਨੌਕਰ ਦੀ ਪੁਲਿਸ ਵੈਰੀਫਿਕੇਸ਼ਨ ਵੀ ਨਹੀਂ ਕਰਵਾਈ ਸੀ, ਜਿਸ ਕਾਰਨ ਉਸ ਨੂੰ ਲੱਭਣ ਵਿਚ ਮੁਸ਼ਕਲ ਹੋਈ ਹੈ। ਦੱਸਣਯੋਗ ਹੈ ਕਿ ਲੰਘੀ 17 ਸਤੰਬਰ ਨੂੰ ਇਸ ਨੇਪਾਲੀ ਨੌਕਰ ਨੇ ਜਗਦੀਸ਼ ਸਿੰਘ ਗਰਚਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਖਾਣੇ ਵਿਚ ਕੋਈ ਨਸ਼ੀਲਾ ਪਦਾਰਥ ਖੁਆ ਦਿੱਤਾ ਸੀ, ਜਿਸ ਤੋਂ ਬਾਅਦ ਗਰਚਾ ਦੇ ਪਰਿਵਾਰਕ ਮੈਂਬਰ ਬੇਸੁਧ ਹੋ ਗਏ ਸਨ ਅਤੇ ਨੇਪਾਲੀ ਨੌਕਰ ਚੋਰੀ ਕਰਕੇ ਭੱਜ ਗਿਆ ਸੀ।