4.3 C
Toronto
Friday, January 9, 2026
spot_img
Homeਪੰਜਾਬਭਾਜਪਾ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਦੀ ਚੰਡੀਗੜ੍ਹ ਰਿਹਾਇਸ਼ ਅੱਗੇ ਧਰਨਾ

ਭਾਜਪਾ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਦੀ ਚੰਡੀਗੜ੍ਹ ਰਿਹਾਇਸ਼ ਅੱਗੇ ਧਰਨਾ

ਕੈਪਟਨ ਨੇ ਭਾਜਪਾ ਆਗੂਆਂ ਨੂੰ ਸੁਰੱਖਿਆ ਦਾ ਦਿੱਤਾ ਭਰੋਸਾ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਪਾਰਟੀ ਦੇ ਸੀਨੀਅਰ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਅੱਗੇ ਸੰਕੇਤਕ ਧਰਨਾ ਦੇ ਕੇ ਭਾਜਪਾ ਆਗੂਆਂ ‘ਤੇ ਹਮਲੇ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਭਾਜਪਾ ਦੇ ਵਫਦ ਨੇ ਕੈਪਟਨ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਵੀ ਦਿੱਤਾ। ਮੁੱਖ ਮੰਤਰੀ ਨੇ ਰਾਜਪੁਰਾ ਤੇ ਹੋਰਨਾਂ ਥਾਵਾਂ ‘ਤੇ ਵਾਪਰੀਆਂ ਘਟਨਾਵਾਂ ਸਬੰਧੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਟਿਆਲਾ ਅਤੇ ਰਾਜਪੁਰਾ ਵਿੱਚ ਕਿਸਾਨਾਂ ਦੇ ਭੇਸ ਵਿੱਚ ਆਏ ਸਮਾਜ ਵਿਰੋਧੀ ਅਨਸਰਾਂ ਨੇ ਪੁਲਿਸ ਸਾਹਮਣੇ ਭਾਜਪਾ ਆਗੂਆਂ ‘ਤੇ ਜਾਨਲੇਵਾ ਹਮਲੇ ਕੀਤੇ। ਪਿਛਲੇ ਸਾਲ ਤੋਂ ਭਾਜਪਾ ਆਗੂਆਂ ‘ਤੇ ਹਮਲੇ ਹੋ ਰਹੇ ਹਨ ਪਰ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹਿੰਦੀ ਹੈ। ਇਸ ਸਬੰਧੀ ਪੁਲਿਸ ਨੇ ਕਈ ਥਾਵਾਂ ‘ਤੇ ਕੇਸ ਵੀ ਦਰਜ ਕੀਤੇ ਹਨ ਪਰ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪਟਿਆਲਾ ਅਤੇ ਰਾਜਪੁਰਾ ਵਿੱਚ ਪੁਲਿਸ ਸਾਹਮਣੇ ਭਾਜਪਾ ਆਗੂਆਂ ਨੂੰ 15 ਘੰਟਿਆਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ। ਇਹ ਸਾਰੀ ਘਟਨਾ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਆਖਰਕਾਰ ਰਾਤ ਨੂੰ ਪੁਲਿਸ ਨੇ ਅਦਾਲਤ ਦੇ ਆਦੇਸ਼ਾਂ ‘ਤੇ ਕਾਰਵਾਈ ਕਰਦਿਆਂ ਭਾਜਪਾ ਆਗੂਆਂ ਨੂੰ ਛੁਡਵਾਇਆ। ਸ਼ਰਮਾ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਿਰਫ ਪੁਲਿਸ ਨੂੰ ਹੀ ਹੁੰਦੀ ਹੈ ਤਾਂ ਇਹ ਜਾਣਕਾਰੀ ਕਿਸਾਨਾਂ ਤੱਕ ਕਿਵੇਂ ਪਹੁੰਚ ਜਾਂਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਇਹ ਸਭ ਸਰਕਾਰ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ।
ਇਸ ਦੌਰਾਨ ਭਾਜਪਾ ਦੇ ਬੁਲਾਰੇ ਇਕਬਾਲ ਸਿੰਘ ਲਾਲਪੁਰਾ, ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਸੁਰਜੀਤ ਜਿਆਣੀ, ਪ੍ਰੋ.ਰਾਜਿੰਦਰ ਭੰਡਾਰੀ, ਤੀਕਸ਼ਣ ਸੂਦ, ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਦਿਆਲ ਸਿੰਘ ਸੋਢੀ ਤੇ ਹੋਰ ਹਾਜ਼ਰ ਸਨ।
ਕੈਪਟਨ ਵੱਲੋਂ ਭਾਜਪਾ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
ਮੁੱਖ ਮੰਤਰੀ ਨੇ ਡੀਜੀਪੀ ਪੰਜਾਬ ਨੂੰ ਭਾਜਪਾ ਆਗੂਆਂ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਭਾਜਪਾ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਫ਼ਦ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਨਿੱਜੀ ਤੌਰ ‘ਤੇ ਇਸ ਮਾਮਲੇ ‘ਤੇ ਨਜ਼ਰ ਰੱਖਣਗੇ।

RELATED ARTICLES
POPULAR POSTS