Breaking News
Home / ਪੰਜਾਬ / ਕਾਨੂੰਨ ਤੋੜ ਕੇ ਧੂੜਾਂ ਪੱਟ ਰਹੀ ਹੈ ਕੈਪਟਨ ਦੀ ਬੱਸ

ਕਾਨੂੰਨ ਤੋੜ ਕੇ ਧੂੜਾਂ ਪੱਟ ਰਹੀ ਹੈ ਕੈਪਟਨ ਦੀ ਬੱਸ

amarinder-singh-roadshow-busਬਠਿੰਡਾ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਿਸਾਨ ਯਾਤਰਾ ਲਈ ਜਿਹੜੀ ਬੱਸ ਵਰਤ ਰਹੇ ਹਨ, ਉਹ ਬਿਨਾਂ ਨੰਬਰ ਤੋਂ ਹੀ ਚੱਲ ਰਹੀ ਹੈ। ਮੋਟਰ ਵਾਹਨ ਐਕਟ ਮੁਤਾਬਕ ਹਰ ਵਾਹਨ ਦੇ ਅੱਗੇ ਤੇ ਪਿੱਛੇ ਰਜਿਸਟਰੇਸ਼ਨ ਨੰਬਰ ਹੋਣਾ ਲਾਜ਼ਮੀ ਹੈ। ਇਸ ਬੱਸ ‘ਤੇ ਰਜਿਸਟਰੇਸ਼ਨ ਨੰਬਰ ਦੀ ਥਾਂ ਕੈਪਟਨ ਦੀ ‘ਉਸਤਤ’ ਵਾਲੇ ਨਾਅਰੇ ਅਤੇ ਤਸਵੀਰਾਂ ਛਾਪੀਆਂ ਗਈਆਂ ਹਨ।
ਪਤਾ ਲੱਗਿਆ ਹੈ ਕਿ ਇਹ ਬੱਸ ਜ਼ਿਲ੍ਹਾ ਮੁਕਤਸਰ ਦੇ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸ਼ਖ਼ਸ ਦੇ ਰਿਸ਼ਤੇਦਾਰਾਂ ਦੇ ਨਾਮ ‘ਤੇ ਹੀ ਰਜਿਸਟਰਡ ਹੈ। ਇਹ ਬੱਸ ‘ਕੈਂਪਰ ਵੈਨ’ ਦੀ ਸ਼੍ਰੇਣੀ ਵਿੱਚ ਹੈ ਜਿਸ ਦਾ ਉੱਕਾ ਪੁੱਕਾ 75 ਹਜ਼ਾਰ ਟੈਕਸ ਭਰਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਬੱਸ ‘ਤੇ ਹੁਣ ਕਿਸਾਨ ਯਾਤਰਾ ਕੀਤੀ ਜਾ ਰਹੀ ਹੈ, ਸਾਲ 2007 ਵਿੱਚ ਇਹੋ ਬੱਸ ਵਿਕਾਸ ਯਾਤਰਾ ਲਈ ਵਰਤੀ ਗਈ ਸੀ। ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦੇ ਆਗੂ ਨਵਕਰਨ ਨੇ ਦੱਸਿਆ ਕਿ ਸਾਲ 2007 ਵਾਲੀ ਪੁਰਾਣੀ ਬੱਸ ਵਿੱਚ ਤਬਦੀਲੀਆਂ ਕਰਕੇ ਹੁਣ ਵਰਤਿਆ ਜਾ ਰਿਹਾ ਹੈ। ਨਵਕਰਨ ਨੇ ਆਖਿਆ ਕਿ ਹੋਰਨਾਂ ਗੱਲਾਂ ਬਾਰੇ ਕਾਂਗਰਸੀ ਟੀਮ ਹੀ ਦੱਸ ਸਕਦੀ ਹੈ ਜਦਕਿ ਕਾਂਗਰਸੀ ਟੀਮ ਦਾ ਕਹਿਣਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੂੰ ਇਸ ਬਾਰੇ ਪਤਾ ਹੈ। ઠਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਹਰਮੇਲ ਸਿੰਘ ਦਾ ਕਹਿਣਾ ਸੀ ਕਿ ਜੇ ਵਾਹਨ ‘ਤੇ ਰਜਿਸਟਰੇਸ਼ਨ ਨੰਬਰ ਪਲੇਟ ਨਹੀਂ ਹੈ ਤਾਂ ਇਹ ਮੋਟਰ ਵਾਹਨ ਐਕਟ ਦੀ ਉਲੰਘਣਾ ਹੈ, ਜਿਸ ਤਹਿਤ ਵਾਹਨ ਦਾ ਫੌਰੀ ਚਾਲਾਨ ਕੱਟਿਆ ਜਾਂਦਾ ਹੈ।  ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਕਿਹਾ ਕਿ ਸਿਆਸੀ ਤੌਰ ‘ਤੇ ਅਕਾਲੀ ਦਲ ਲਈ ਕੈਪਟਨ ਅਮਰਿੰਦਰ ਸਿੰਘ ਦੀ ਬੱਸ ਯਾਤਰਾ ਕਾਫੀ ਲਾਹੇ ਵਾਲੀ ਹੈ। ਕੈਪਟਨ ਨੂੰ ਤਾਂ ਉਹ ਖ਼ੁਦ ਹੀ ਅਜਿਹੀ ਇੱਕ ਹੋਰ ਬੱਸ ਦੇਣ ਨੂੰ ਤਿਆਰ ਹਨ ਕਿਉਂਕਿ ਇਹ ਬੱਸ ਜਿੱਥੇ ਜਾ ਰਹੀ ਹੈ, ਉਥੇ ਕਾਂਗਰਸ ਦਾ ਨੁਕਸਾਨ ਹੀ ਕਰ ਰਹੀ ਹੈ।
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਯਾਤਰਾ ਪ੍ਰੋਗਰਾਮ ਤਹਿਤ ਫ਼ਰੀਦਕੋਟ ਵਿੱਚ ਭਰਵਾਂ ਰੋਡ ਸ਼ੋਅ ਕੀਤਾ, ਜਿਸ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਰੋਡ ਸ਼ੋਅ ਦੌਰਾਨ ਵੱਖ-ਵੱਖ ਥਾਵਾਂ ‘ਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ‘ਤੇ ਕਾਨੂੰਨ ਦਾ ਰਾਜ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦਾ ਵਪਾਰ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ ਅਤੇ ਪਿਛਲੇ ਦਸਾਂ ਸਾਲਾਂ ਦੌਰਾਨ ਪੰਜਾਬ ਵਿਚ ਹੋਏ ਘਪਲਿਆਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇਗੀ।

Check Also

ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ

ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …