10.3 C
Toronto
Tuesday, October 28, 2025
spot_img
Homeਪੰਜਾਬਸ਼੍ਰੋਮਣੀ ਅਕਾਲੀ ਦਲ ਵਿਚ ਪੈਦਾ ਹੋਇਆ ਅੰਦਰੂਨੀ ਸੰਕਟ ਹੋਰ ਡੂੰਘਾ ਹੋਇਆ

ਸ਼੍ਰੋਮਣੀ ਅਕਾਲੀ ਦਲ ਵਿਚ ਪੈਦਾ ਹੋਇਆ ਅੰਦਰੂਨੀ ਸੰਕਟ ਹੋਰ ਡੂੰਘਾ ਹੋਇਆ

ਰਣਜੀਤ ਸਿੰਘ ਬ੍ਰਹਮਪੁਰਾ ਨੇ ਦਿੱਤਾ ਅਸਤੀਫਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਵਿਚ ਪੈਦਾ ਹੋਇਆ ਅੰਦਰੂਨੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਹੁਣ ਮਾਝੇ ਦੇ ਨਿਰਾਸ਼ ਤੇ ਨਾਰਾਜ਼ ਸੀਨੀਅਰ ਅਕਾਲੀ ਆਗੂ ਅਤੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ (81) ਨੇ ਵੀ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਬ੍ਰਹਮਪੁਰਾ ਇਸ ਵੇਲੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਹਨ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰ ਵੀ ਹਨ। ਪਿਛਲੇ 60 ਸਾਲਾਂ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ। ਉਹ ਕਈ ਵਾਰ ਪਾਰਟੀ ਵਲੋਂ ਵਿਧਾਇਕ ਅਤੇ ਮੰਤਰੀ ਬਣ ਚੁੱਕੇ ਹਨ। ਉਹ ਟਕਸਾਲੀ ਅਕਾਲੀ ਹਨ। ਅੰਮ੍ਰਿਤਸਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਵਡੇਰੀ ਉਮਰ ਕਾਰਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਅਤੇ ਕੋਰ ਕਮੇਟੀ ਦੇ ਮੈਂਬਰ ਵਜੋਂ ਅਸਤੀਫਾ ਦੇ ਰਹੇ ਹਨ। ਉਹ ਪਾਰਟੀ ਨਾਲ ਆਖਰੀ ਸਾਹਾਂ ਤੱਕ ਜੁੜੇ ਰਹਿਣਗੇ। ਉਹ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਪਾਰਟੀ ਨੂੰ ਅਥਾਹ ਪਿਆਰ ਕਰਦੇ ਹਨ। ਅਕਾਲੀ ਦਲ ਉਨ੍ਹਾਂ ਦੀ ਮਾਂ ਪਾਰਟੀ ਹੈ। ਉਨ੍ਹਾਂ ਚੋਣ ਨਾ ਲੜਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਮਦਦ ਕਰਦੇ ਰਹਿਣਗੇ। ਪਾਰਟੀ ਨਾਲ ਨਾਰਾਜ਼ਗੀ ਬਾਰੇ ਪੁੱਛੇ ਗਏ ਸਵਾਲਾਂ ਨੂੰ ਉਹ ਭਾਵੇਂ ਟਾਲ ਗਏ ਪਰ ਨਾਰਾਜ਼ਗੀ ਅਤੇ ਨਿਰਾਸ਼ਾ ਉਨ੍ਹਾਂ ਦੀਆਂ ਅੱਖਾਂ ਤੇ ਚਿਹਰੇ ਤੋਂ ਸਾਫ ਝਲਕ ਰਹੀ ਸੀ। ਉਨ੍ਹਾਂ ਮੰਨਿਆ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿਵਾਉਣ ਦਾ ਫੈਸਲਾ ਗਲਤ ਸੀ, ਜਿਸ ਨੂੰ ਵਾਪਸ ਲੈਣਾ ਪਿਆ। ਇਸੇ ਤਰ੍ਹਾਂ ਬੇਅਦਬੀ ਘਟਨਾਵਾਂ ਅਤੇ ਬਰਗਾੜੀ ਕਾਂਡ ਵਿਚ ਨਿਆਂ ਨਾ ਮਿਲਣ ਕਾਰਨ ਪਾਰਟੀ ਨੂੰ ਢਾਹ ਲੱਗੀ ਹੈ। ਇਸ ਨਾਲ ਪਾਰਟੀ ਵਿਚ ਨਿਘਾਰ ਆਇਆ ਅਤੇ ਇਸ ਦਾ ਖਮਿਆਜ਼ਾ 2017 ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਹਾਰ ਦੇ ਰੂਪ ਵਿੱਚ ਭੁਗਤਣਾ ਪਿਆ। ਉਨ੍ਹਾਂ ਮੰਨਿਆ ਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਪਾਰਟੀ ਕੋਲੋਂ ਇਨ੍ਹਾਂ ਮਾਮਲਿਆਂ ਵਿਚ ਢਿਲਮੱਠ ਵਰਤੀ ਗਈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਜੋ ਗਲਤੀਆਂ ਹੋਈਆਂ ਉਸ ਵਿਚ ਉਹ ਖੁਦ ਵੀ ਭਾਈਵਾਲ ਸਨ। ਇਸੇ ਲਈ ਉਨ੍ਹਾਂ ਪਿਛਲੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਖਿਮਾ ਯਾਚਨਾ ਕੀਤੀ। ਉਨ੍ਹਾਂ ਕਿਹਾ ਕਿ 7 ਅਕਤੂਬਰ ਤੋਂ ਬਾਅਦ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਸੰਪਰਕ ਨਹੀਂ ਹੋਇਆ। ਇਸ ਮੌਕੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ, ਰਵਿੰਦਰ ਸਿੰਘ ਬ੍ਰਹਮਪੁਰਾ, ਮਨਮੋਹਨ ਸਿੰਘ ਸਠਿਆਲਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਐਮਏ ਆਦਿ ਹਾਜ਼ਰ ਸਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਪਰੋਕਤ ਆਗੂ ਆਪਸੀ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਪਾਰਟੀ ਨੀਤੀਆਂ ‘ਤੇ ਕਿੰਤੂ ਪ੍ਰੰਤੂ ਕਰ ਚੁੱਕੇ ਹਨ। ਇਹ ਸਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿੱਚ ਕੀਤੀ ਰੈਲੀ ਵਿਚ ਵੀ ਸ਼ਾਮਲ ਨਹੀਂ ਹੋਏ ਸਨ। ਇਹ ਸਾਰੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਸਨ, ਜਿਥੇ ਉਨ੍ਹਾਂ ਖਿਮਾ ਯਾਚਨਾ ਦੀ ਅਰਦਾਸ ਕੀਤੀ ਸੀ।
ਨਵੇਂ ਚਿਹਰਿਆਂ ਨੂੰ ਮੌਕਾ ਦੇਣ ਲਈ ਅਹੁਦੇ ਛੱਡੇ: ਸੁਖਬੀਰ
ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਨਹੀਂ ਛੱਡੀ, ਸਗੋਂ ਨਵੇਂ ਚਿਹਰਿਆਂ ਅਤੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦੇਣ ਲਈ ਉਨ੍ਹਾਂ ਪਾਰਟੀ ਦੇ ਸਾਰੇ ਅਹੁਦੇ ਛੱਡੇ ਹਨ। ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਬਾਦਲ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਿਰਫ਼ ਪਾਰਟੀ ਅਹੁਦਿਆਂ ਤੋਂ ਹੀ ਅਸਤੀਫਾ ਦਿੱਤਾ ਹੈ ਤੇ ਉਹ ਪਾਰਟੀ ਦੇ ਮੈਂਬਰ ਵਜੋਂ ਪਹਿਲਾਂ ਵਾਂਗ ਹੀ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਕੋਈ ਫ਼ੁੱਟ ਨਹੀਂ ਤੇ ਨਾ ਹੀ ਕੋਈ ਪਾਰਟੀ ਛੱਡ ਕੇ ਜਾ ਰਿਹਾ ਹੈ।
{ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਵੀ ਅਕਾਲੀ ਦਲ ਵਿਚੋਂ ਦੇਣਗੇ ਅਸਤੀਫੇ
ਚੰਡੀਗੜ੍ਹ : ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਸ਼੍ਰੋਮਣੀ ਅਕਾਲੀ ਵਿਚੋਂ ਅਸਤੀਫੇ ਦੇਣ ਤੋਂ ਬਾਅਦ ਹੁਣ ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਵੀ ਅਸਤੀਫਾ ਦੇ ਦੇਣਗੇ। ਸ਼੍ਰੋਮਣੀ ਅਕਾਲੀ ਦਲ ਵਿਚੋਂ ਅਸਤੀਫੇ ਦੇਣ ਵਾਲਿਆਂ ਦਾ ਕਾਫਲਾ ਹੁਣ ਵਧਦਾ ਹੀ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਆਗੂਆਂ ਦਾ ਤਾਲਮੇਲ ਬਰਗਾੜੀ ਮੋਰਚੇ ਦੇ ਆਗੂਆਂ ਨਾਲ ਬਣਿਆ ਹੋਇਆ ਹੈ। ਇਸ ਲਈ ਆਉਂਦੇ ਦਿਨਾਂ ਵਿੱਚ ਸਿੱਖ ਸਿਆਸਤ ਕੋਈ ਨਵਾਂ ਮੋੜ ਲੈ ਸਕਦੀ ਹੈ। ਰਤਨ ਸਿੰਘ ਅਜਨਾਲਾ ਦਾ ਕਹਿਣਾ ਸੀ ਕਿ ਸਾਡਾ ਕਾਫ਼ਲਾ ਵੱਡਾ ਹੋ ਰਿਹਾ ਹੈ।
ਬ੍ਰਹਮਪੁਰਾ ਦਾ ਅਸਤੀਫ਼ਾ ਪਾਰਟੀ ਲਈ ਵੱਡਾ ਘਾਟਾ: ਸੇਖਵਾਂ
ਬਟਾਲਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਨੂੰ ਪਾਰਟੀ ਲਈ ਵੱਡਾ ਘਾਟਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਤੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਅਸਤੀਫ਼ਾ ਪਾਰਟੀ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ। ਸੇਖਵਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲੀ ਵਾਰੀ 2014 ਵਿਚ ਹਾਈਕਮਾਨ ਨੂੰ ਪਾਰਟੀ ਦੇ ਏਜੰਡੇ ਤੋਂ ਪਿੱਛੇ ਹਟਣ ਬਾਰੇ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ 2015 ਵਿੱਚ ਵਾਪਰੇ ਬਰਗਾੜੀ ਕਾਂਡ, ਬਹਿਬਲ ਕਲਾਂ ਤੇ ਕੋਟਕਪੂਰਾ ਘਟਨਾਵਾਂ ਪਾਰਟੀ ਲਈ ਨੁਕਸਾਨਦੇਹ ਹੋਣ ਬਾਰੇ ਹਾਈ ਕਮਾਨ ਨੂੰ ਦੱਸਿਆ ਗਿਆ ਸੀ, ਪਰ ਉਸ ਸਮੇਂ ਹਾਈ ਕਮਾਨ ਇਨ੍ਹਾਂ ਗੱਲਾਂ ਨੂੰ ਅਣਗੌਲਿਆ ਕਰਦੀ ਰਹੀ, ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।
ਬਾਦਲ ਪਰਿਵਾਰ ਹੁਣ ਜਨਤਕ ਪ੍ਰੋਗਰਾਮਾਂ ਤੋਂ ਵੱਟਣ ਲੱਗਾ ਪਾਸਾ
ਵਿਆਹ ਦੇ ਸਮਾਰੋਹਾਂ ‘ਤੇ ਭਰਨ ਲੱਗਾ ਜ਼ਿਆਦਾ ਹਾਜ਼ਰੀ
ਬਠਿੰਡਾ : ਬਾਦਲ ਪਰਿਵਾਰ ਹੁਣ ਜਨਤਕ ਪ੍ਰੋਗਰਾਮਾਂ ਤੋਂ ਪਾਸਾ ਵੱਟਣ ਲੱਗਾ ਹੈ ਜਦੋਂ ਕਿ ਵਿਆਹਾਂ ਦੇ ਸਮਾਰੋਹਾਂ ‘ਤੇ ਜ਼ਿਆਦਾ ਹਾਜ਼ਰੀ ਭਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਰੈਲੀ ਮਗਰੋਂ ਬਠਿੰਡਾ ਮਾਨਸਾ ਵਿਚ ਕੋਈ ਜਨਤਕ ਸਮਾਰੋਹ ਨਹੀਂ ਰੱਖਿਆ ਹੈ। ਏਨਾ ਜ਼ਰੂਰ ਹੈ ਕਿ ਹੁਣ ਬਾਦਲ ਪਰਿਵਾਰ ਸਮਾਜਿਕ ਸਮਾਗਮਾਂ ‘ਚੋਂ ਖੁੰਝਦਾ ਨਹੀਂ ਹੈ। ਖ਼ਾਸ ਕਰਕੇ ਪੁਰਾਣੇ ਅਕਾਲੀ ਆਗੂਆਂ ਤੇ ਵਰਕਰਾਂ ਦੇ ਸਮਾਰੋਹਾਂ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ ਦੇ ਸਰਕਾਰੀ ਦੌਰੇ ‘ਤੇ ਗਏ ਹਨ, ਜਿਨ੍ਹਾਂ ਦੀ ਵਾਪਸੀ 26 ਅਕਤੂਬਰ ਦੱਸੀ ਜਾ ਰਹੀ ਹੈ। ਹਾਲਾਂਕਿ ਪਹਿਲਾਂ ਉਹ ਦੀਵਾਲੀ ਤੋਂ ਪਹਿਲਾਂ ਉਨ੍ਹਾਂ ਦੇ ਜਨਤਿਕ ਸਮਾਗਮ ਵੀ ਹੁੰਦੇ ਰਹੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਜ਼ਿਲ੍ਹੇ ਵਿਚ ਆਖ਼ਰੀ ਵਾਰ 10 ਅਕਤੂਬਰ ਨੂੰ ਗੋਨਿਆਣਾ ਮੰਡੀ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਸੀ। ਉਸ ਮਗਰੋਂ 11 ਅਕਤੂਬਰ ਨੂੰ ਮਾਨਸਾ ਦਾ ਦੌਰਾ ਸੀ। ਲੋਕਾਂ ਦੀ ਸ਼ਮੂਲੀਅਤ ਵਾਲਾ ਕੋਈ ਸਮਾਗਮ ਪਿਛਲੇ ਸਮੇਂ ਤੋਂ ਰੱਖਿਆ ਨਹੀਂ ਗਿਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹਲਕਾ ਲੰਬੀ ਦਾ ਰੋਜ਼ਾਨਾ ਵਾਲਾ ਟੂਰ ਪ੍ਰੋਗਰਾਮ ਪਹਿਲੀ ਅਕਤੂਬਰ ਤੋਂ ਬੰਦ ਕੀਤਾ ਹੋਇਆ ਹੈ। ਸਾਬਕਾ ਮੁੱਖ ਮੰਤਰੀ ਬਾਦਲ 7 ਅਕਤੂਬਰ ਤੱਕ ਪਟਿਆਲਾ ਰੈਲੀ ਵਿਚ ਰੁੱਝੇ ਰਹੇ ਹਨ। ਉਸ ਤੋਂ ਪਹਿਲਾਂ ਉਨ੍ਹਾਂ ਨੇ ਬਠਿੰਡਾ ਮਾਨਸਾ ਵਿਚ ਵਰਕਰ ਮੀਟਿੰਗਾਂ ਕੀਤੀਆਂ ਸਨ। ਪਿਛਲੇ ਦਿਨਾਂ ਵਿਚ ਬਾਦਲ ਜਦੋਂ ਬੁਢਲਾਡਾ ਹਲਕੇ ਵਿਚ ਦੌਰੇ ‘ਤੇ ਗਏ ਤਾਂ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਰਾਂ ਨੇ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ ਕੀਤਾ ਸੀ। ਬਾਦਲ ਹੁਣ ਪੁਰਾਣੇ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਸਮਾਜਿਕ ਪ੍ਰੋਗਰਾਮਾਂ ‘ਤੇ ਹਾਜ਼ਰੀ ਭਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਫ਼ੀ ਸਮੇਂ ਤੋਂ ਬਠਿੰਡਾ ਮਾਨਸਾ ਵਿਚ ਕੋਈ ਵੀ ਜਨਤਕ ਸਮਾਗਮ ਨਹੀਂ ਕੀਤਾ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਪਿੰਡ ਬਾਦਲ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਸਨ। ਸੂਤਰ ਆਖਦੇ ਹਨ ਕਿ ਫ਼ਿਲਹਾਲ ਅਕਾਲੀ ਦਲ ਦੇ ਹਲਕਾ ਇੰਚਾਰਜ ਵੀ ਕੋਈ ਜਨਤਕ ਸਮਾਗਮ ਨਹੀਂ ਰੱਖ ਰਹੇ ਹਨ। ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਪੁਰਾਣੇ ਰੁੱਸੇ ਹੋਏ ਆਗੂ ਸਨ, ਉਨ੍ਹਾਂ ਤੱਕ ਅਕਾਲੀ ਦਲ ਨੇ ਪਹੁੰਚ ਕਰਨੀ ਸ਼ੁਰੂ ਕੀਤੀ ਹੈ।
ਅਕਾਲੀ ਦਲ ਨੂੰ ਮੁੜ ਯਾਦ ਆਇਆ ’84
ਤਿੰਨ ਨਵੰਬਰ ਨੂੰ 1984 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਦਿੱਲੀ ਦੇ ਜੰਤਰ ਮੰਤਰ ‘ਤੇ ਅਕਾਲੀ ਦਲ ਦੇਵੇਗਾ ਧਰਨਾ
ਚੰਡੀਗੜ੍ਹ : ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਲੰਘੀ ਦੇਰ ਰਾਤ ਤੱਕ ਚੱਲੀ। ਮੀਟਿੰਗ ਦੌਰਾਨ 1984 ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖਾਂ ਦੇ ਹੋਏ ਵਹਿਸ਼ੀਆਨਾ ਕਤਲੇਆਮ ਉਪਰ ਗੰਭੀਰ ਚਰਚਾ ਕੀਤੀ ਅਤੇ ਪੀੜਤ ਪਰਿਵਾਰਾਂ ਨੂੰ ਹਾਲੇ ਤੱਕ ਇਨਸਾਫ ਨਾ ਮਿਲਣ ਕਰਕੇ ਚਿੰਤਾ ਜ਼ਾਹਰ ਕੀਤੀ ਗਈ। ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 1 ਨਵੰਬਰ ਨੂੰ ਤਖਤ ਸਹਿਬਾਨਾਂ ਉਪਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਅਰਦਾਸ ਦਿਵਸ ਕਰਵਾਏ ਜਾਣਗੇ। ਇਸ ਸਬੰਧੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ 3 ਨਵੰਬਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਸਵੇਰੇ 11 ਵਜੇ ਤੋਂ ਲੈ ਕੇ ਦੁਪਿਹਰ 2 ਵਜੇ ਤੱਕ ਰੋਸ ਧਰਨਾ ਵੀ ਦਿੱਤਾ ਜਾਵੇਗਾ, ઠਜਿਸ ਦੀ ਅਗਵਾਈ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਨਗੇ।
ਚੇਅਰਮੈਨ ਬਣਨ ਦੀ ਕੋਸ਼ਿਸ਼
ਪੰਜਾਬ ‘ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕਾਫ਼ੀ ਸਮੇਂ ਤੱਕ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਨਹੀਂ ਬਣਾਏ ਗਏ। ਕੁਝ ਦਿਨਾਂ ਤੋਂ ਨਵੇਂ ਚੇਅਰਮੈਨ ਬਣਾਉਣੇ ਸ਼ੁਰੂ ਕੀਤੇ ਗਏ ਹਨ। ਕੁਝ ਆਈਏਐਸ ਅਤੇ ਆਈਪੀਐਸ ਵੀ ਚੇਅਰਮੈਨ ਬਣ ਗਏ ਹਨ, ਜਦਕਿ ਕਈ ਹੋਰ ਅਫ਼ਸਰ ਚੇਅਰਮੈਨ ਬਣਨ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ। ਚੇਅਰਮੈਨੀ ਪਾਉਣ ਦੇ ਲਈ ਉਹ ਰਿਟਾਇਰਮੈਂਟ ਤੋਂ ਕੁਝ ਸਮਾਂ ਪਹਿਲਾਂ ਹੀ ਪ੍ਰੀਮਿਚਿਉਅਰ ਰਿਟਾਇਰਮੈਂਟ ਲੈ ਰਹ ਹਨ।
ਮੰਤਰੀ ਤਾਂ ਬਣ ਗਏ
ਪੰਜਾਬ ‘ਚ ਇਕ ਕੈਬਨਿਟ ਮੰਤਰੀ ਅਜਿਹੇ ਵੀ ਹਨ, ਜੋ ਪਹਿਲੀ ਵਾਰ ਮੰਤਰੀ ਬਣੇ ਹਨ। ਮੰਤਰੀ ਬਣਨ ਦੇ ਬਾਵਜੂਦ ਅਜੇ ਤੱਕ ਉਹ ਪੂਰਾ ਰਾਜ ਤਾਂ ਕੀ ਆਪਣੇ ਖੁਦ ਦੇ ਇਲਾਕੇ ਦੇ ਲਈ ਵੀ ਡਿਵੈਲਪਮੈਂਟ ਦੀ ਕੋਈ ਨਵੀਂ ਯੋਜਨਾ ਸਰਕਾਰ ਤੋਂ ਨਹੀਂ ਲਿਆ ਸਕੇ। ਅਜਿਹੇ ‘ਚ ਉਹ ਦਿਖਾਵੇ ਦੇ ਲਈ ਐਮ ਸੀਜ਼ ਵੱਲੋਂ ਸ਼ੁਰੂ ਕੀਤੇ ਗਏ ਡਿਵੈਲਪਮੈਂਟ ਦੇ ਕੰਮਾਂ ਦਾ ਉਦਘਾਟਨ ਕਰਕੇ ਸ਼ੋਹਰਤ ਹਾਸਲ ਕਰਨ ‘ਚ ਲੱਗੇ ਹੋਏ ਹਨ। ਐਮਸੀਜ਼ ‘ਤੇ ਕਾਬਜ ਅਕਾਲੀ-ਭਾਜਪਾ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਮੰਤਰੀ ਬਣਨ ਦੇ ਬਾਵਜੂਦ ਅਜੇ ਤੱਕ ਐਮ ਸੀ ਲੈਵਲ ਤੋਂ ਉਪਰ ਨਹੀਂ ਉਠ ਸਕੇ।
ਮੰਤਰੀ ਤੋਂ ਦੁਖੀ ਹੋ ਪਰਤੇ ਵਿਧਾਇਕ
ਟੁੱਟੀ ਸੜਕ ਬਣਾਉਣ ਦੇ ਲਈ ਵਿਧਾਇਕ ਇਕੱਠੇ ਹੋ ਕੇ ਲੋਕ ਨਿਰਮਾਣ ਮੰਤਰੀ ਦੇ ਕੋਲ ਚੱਕਰ ਤਾਂ ਲਗਾ ਰਹੇ ਹ ਪ੍ਰੰਤੂ ਉਨ੍ਹਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋ ਰਿਹਾ। ਲੰਘੇ ਦਿਨੀਂ ਕੁਝ ਵਿਧਾਇਕ ਇਕੱਠੇ ਹੋ ਕੇ ਉਨ੍ਹਾਂ ਕੋਲ ਗਏ, ਉਥੇ ਬੈਠੇ ਕੁਝ ਅਫ਼ਸਰਾਂ ਨੇ ਮੰਤਰੀ ਨੂੰ ਸਲਾਹ ਦੇ ਦਿੱਤੀ ਕਿ ਇਨ੍ਹਾਂ ਸੜਕਾਂ ਨੂੰ ਨਵਾਂ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਪੈਚਵਰਕ ਕਰਵਾ ਦਿੰਦੇ ਹਾਂ, ਮੰਤਰੀ ਨੇ ਵੀ ਉਹ ਹੁਕਮ ਕਰ ਦਿੱਤੇ। ਇਹ ਸੁਣ ਕੇ ਵਿਧਾਇਕ ਦੁਖੀ ਹੋ ਕੇ ਮੰਤਰੀ ਕੋਲੋਂ ਵਾਪਸ ਆ ਗਏ।
ਸਿੱਧੂ ਜੋੜਾ ਫਿਰ ਵਿਵਾਦਾਂ ‘ਚ
ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਵੀ ਆਪਣੇ ਬੜਬੋਲੇਪਣ ਦੇ ਕਾਰਨ ਵਿਵਾਦਾਂ ‘ਚ ਫਸ ਗਏ ਹਨ। ਰਾਵਣ ਨੂੰ ਸਾੜਨ ਦੇ ਸਮਾਰੋਹ ‘ਚ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਕਿਹਾ ਕਿ ਗਲਤੀ ਲੋਕਾਂ ਦੀ ਵੀ ਹੈ, ਟ੍ਰੈਕ ‘ਤੇ ਖੜ੍ਹੇ ਹੋਣਾ ਲਗਤ ਸੀ। ਇਸ ਦੇ ਬਾਵਜੂਦ ਮੰਤਰੀ ਸਿੱਧੂ ਨੇ ਹਾਦਸੇ ਨੂੰ ਕੁਦਰਤੀ ਆਫ਼ਤ ਦੱਸਿਆ। ਹਾਲਾਂਕਿ ਇਹ ਪ੍ਰਸ਼ਾਸਨ ਦੀ ਗਲਤੀ ਕੇ ਕਾਰਨ ਹਾਦਸਾ ਹੋਇਆ।

RELATED ARTICLES
POPULAR POSTS