ਕਈ ਘੰਟੇ ਪਾਰਟੀ ਦਫ਼ਤਰ ‘ਚ ਹੀ ਫਸੇ ਰਹੇ ਕੇਂਦਰੀ ਮੰਤਰੀ ਤੇ ਹੋਰ ਆਗੂ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਕੇਂਦਰੀ ਰਾਜ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼ ਦਾ ਹੁਸ਼ਿਆਰਪੁਰ ਪੁੱਜਣ ‘ਤੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੇ ਭਾਰੀ ਵਿਰੋਧ ਕੀਤਾ। ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਸ਼ਾਸਤਰੀ ਮਾਰਕਿਟ ਸਥਿਤ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੇੜੇ ਪਹੁੰਚ ਗਏ ਜਿੱਥੇ ਸੋਮ ਪ੍ਰਕਾਸ਼, ਜ਼ਿਲ੍ਹਾ ਇੰਚਾਰਜ ਵਿਨੋਦ ਸ਼ਰਮਾ ਅਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਕਰ ਰਹੇ ਸਨ।
ਕਿਸਾਨਾਂ ਦੇ ਰੋਸ ਕਾਰਨ ਸੋਮ ਪ੍ਰਕਾਸ਼ ਲੰਮਾ ਸਮਾਂ ਦਫ਼ਤਰ ਵਿੱਚ ਹੀ ਰੁਕਣ ਲਈ ਮਜਬੂਰ ਹੋਏ ਰਹੇ। ਅਖੀਰ ਜਦੋਂ ਉਨ੍ਹਾਂ ਨੂੰ ਬਾਹਰ ਲਿਆ ਕੇ ਗੱਡੀ ‘ਚ ਬਿਠਾਇਆ ਗਿਆ ਤਾਂ ਮੁਜ਼ਾਹਰਾਕਾਰੀ ਹੋਰ ਵੀ ਰੋਹ ‘ਚ ਆ ਗਏ ਅਤੇ ਭਾਰੀ ਪੁਲਿਸ ਫ਼ੋਰਸ ਹੋਣ ਦੇ ਬਾਵਜੂਦ ਉਨ੍ਹਾਂ ਦੀ ਗੱਡੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਇਕ-ਦੋ ਪ੍ਰਦਰਸ਼ਨਕਾਰੀ ਪੁਲਿਸ ਦੀਆਂ ਰੋਕਾਂ ਤੋੜ ਕੇ ਸੋਮ ਪ੍ਰਕਾਸ਼ ਦੀ ਗੱਡੀ ਦੇ ਪਿੱਛੇ ਵੀ ਦੌੜੇ ਪਰ ਕਾਫ਼ਲੇ ਦੀ ਕਿਸੇ ਗੱਡੀ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਮ ਪ੍ਰਕਾਸ਼ ਸਵੇਰੇ ਕਰੀਬ 11 ਵਜੇ ਪਾਰਟੀ ਦਫ਼ਤਰ ਪੁੱਜੇ ਸਨ। ਉਨ੍ਹਾਂ ਅਜੇ ਮੀਟਿੰਗ ਸ਼ੁਰੂ ਹੀ ਕੀਤੀ ਸੀ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਆਉਣ ਦੀ ਭਿਣਕ ਪੈ ਗਈ ਅਤੇ ਉਹ ਦਫ਼ਤਰ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲਿਸ ਨੇ ਪਾਰਟੀ ਦਫ਼ਤਰ ਨੂੰ ਜਾਂਦੀਆਂ ਦੋਹਾਂ ਸੜਕਾਂ ‘ਤੇ ਬੈਰੀਕੇਡ ਲਗਾਏ ਹੋਏ ਸਨ ਪਰ ਕੁਝ ਪ੍ਰਦਰਸ਼ਨਕਾਰੀ ਘੰਟਾ ਘਰ ਵਾਲੇ ਪਾਸਿਓਂ ਵੀ ਆ ਗਏ ਜਿਨ੍ਹਾਂ ਨੂੰ ਪੁਲਿਸ ਨੇ ਬੜੀ ਮੁਸ਼ੱਕਤ ਨਾਲ ਰੋਕਿਆ। ਸੋਮ ਪ੍ਰਕਾਸ਼ ਦੇ ਜਾਣ ਤੋਂ ਬਾਅਦ ਵੀ ਕਿਸਾਨ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਸਭ ਕੁਝ ਕਾਂਗਰਸ ਦੀ ਸ਼ਹਿ ‘ਤੇ ਹੋਇਆ ਹੈ। ਉਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਉਂਗਲ ਉਠਾਉਂਦਿਆਂ ਕਿਹਾ ਕਿ ਸੈਂਕੜੇ ਪੁਲਿਸ ਕਰਮੀ ਮੁੱਠੀ ਭਰ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਨਹੀਂ ਕਰ ਸਕੇ।
ਕਿਸਾਨ ਅੰਦੋਲਨ ਨੇ ਭਾਜਪਾ ਸਰਕਾਰ ਦੀ ਵਧਾਈ ਚਿੰਤਾ
ਕਿਸਾਨ ਕਹਿੰਦੇ – ਭਾਜਪਾ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ
ਜੀਂਦ/ਬਿਊਰੋ ਨਿਊਜ਼ : ਭਾਜਪਾ ਆਗੂ ਸੋਨਾਲੀ ਫੋਗਾਟ ਦੁਆਰਾ ਕਿਸਾਨਾਂ ਨੂੰ ਲੈ ਕੇ ਦਿੱਤੇ ਬਿਆਨਾਂ ਉੱਤੇ ਕਿਸਾਨ ਆਗੂ ਆਜ਼ਾਦ ਸਿੰਘ ਪਾਲਵਾਂ ਨੇ ਕਿਹਾ ਕਿ ਇਹ ਸੁਰਖੀਆਂ ਵਿੱਚ ਆਉਣ ਲਈ ਕਿਸਾਨਾਂ ਸਬੰਧੀ ਅਜਿਹੇ ਬਿਆਨ ਦੇ ਰਹੀ ਹਨ। ਉਨ੍ਹਾਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਸੋਨਾਲੀ ਸੁਰਖੀਆਂ ਵਿੱਚ ਨਹੀਂ ਸੀ ਤੇ ਹੁਣ ਉਹ ਕਿਸਾਨਾਂ ਨੂੰ ਲੈ ਕੇ ਬਿਆਨਬਾਜ਼ੀ ਕਰਕੇ ਸੁਰਖੀਆਂ ਵਿੱਚ ਆਉਣਾ ਚਾਹੁੰਦੀ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਉਨ੍ਹਾਂ ਦੀ ਸੋਚ ਜੱਗ ਜ਼ਾਹਿਰ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਾਲੇ ਕਿਸਾਨਾਂ ਨੂੰ ਹਾਸੇ ਦਾ ਪਾਤਰ ਮੰਨਦੇ ਹਨ, ਉਹ ਕਿਸਾਨਾਂ ਦੇ ਸਭ ਤੋਂ ਵੱਡੇ ਦੁਸ਼ਮਨ ਹਨ। ਖਟਕੜ ਟੌਲ ‘ਤੇ ਧਰਨਾ ਦੇਣ ਵਾਲੇ ਕਿਸਾਨਾਂ ਨੇ ਨਰਵਾਣਾ ਦੇ ਬੱਦੋਵਾਲ ਟੌਲ ਪਲਾਜ਼ਾ ‘ਤੇ ਸਾਂਝੇ ਤੌਰ ਉੱਤੇ ਧਰਨਾ ਦਿੱਤਾ। ਆਗੂਆਂ ਨੇ ਕਿਹਾ ਕਿ ਰੋਹਤਕ ਵਿੱਚ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ, ਜਿਸ ਤੋਂ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ। ਸਰਕਾਰ ਦੀ ਮਨਸ਼ਾ ਜਵਾਨ ਅਤੇ ਕਿਸਾਨਾਂ ਨੂੰ ਆਪਸ ਵਿੱਚ ਲੜਵਾਉਣ ਦੀ ਹੈ, ਉਹ ਵੀ ਸਾਹਮਣੇ ਆ ਰਹੀ ਹੈ। ਕਿਸਾਨਾਂ ਦਾ ਅੰਦੋਲਨ ਜਿਵੇਂ-ਜਿਵੇਂ ਵੱਧ ਰਿਹਾ ਹੈ, ਉਵੇਂ-ਉਵੇਂ ਸਰਕਾਰ ਦੀ ਬੇਚੈਨੀ ਵੀ ਵੱਧ ਰਹੀ ਹੈ। ਪਾਲਵਾ ਨੇ ਦਾਅਵਾ ਕੀਤਾ ਕਿ ਕੋਈ ਵੀ ਤਾਕਤ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਨਹੀਂ ਕਰ ਸਕਦੀ। ਬੱਦੋਵਾਲ ਟੌਲ ਪਲਾਜ਼ਾ ਉੱਤੇ ਦਿੱਤੇ ਗਏ ਧਰਨੇ ਦੀ ਪ੍ਰਧਾਨਗੀ ਮਹਿਲਾ ਕਿਸਾਨ ਰਾਜਪਤੀ ਨੇ ਕੀਤੀ ਅਤੇ ਖਟਕੜ ਟੌਲ ਪਲਾਜ਼ਾ ਵੱਲੋਂ ਸਤਿਵੀਰ ਸਿੰਘ ਪਹਿਲਵਾਨ ਨੇ ਕੀਤੀ।