ਹਰਪਾਲ ਚੀਮਾ ਬੋਲੇ – ਸਿੱਧੂ ਦਾ ਕਰਾਂਗੇ ਪੂਰਾ ਮਾਣ ਸਤਿਕਾਰ
ਪਟਿਆਲਾ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਨੇ ਇੱਕ ਵਾਰ ਮੁੜ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਹੈ ਕਿ ਜੇ ਸਿੱਧੂ ‘ਆਪ’ ਵਿਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਨਵਜੋਤ ਸਿੱਧੂ ਨੇ ਫ਼ੈਸਲਾ ਕਰਨਾ ਹੈ ਕਿ ਉਸ ਨੇ ਪੰਜਾਬ ਵਿਰੋਧੀ, ਕਿਸਾਨ ਵਿਰੋਧੀ, ਅਵਾਮ ਵਿਰੋਧੀ ਪਾਰਟੀਆਂ ਦਾ ਸਾਥ ਦੇਣਾ ਹੈ ਜਾਂ ਫਿਰ ਪੰਜਾਬ ਪੱਖੀ ਪਾਰਟੀ ‘ਆਪ’ ਦਾ ਸਾਥ ਦੇਣਾ ਹੈ। ਚੀਮਾ ਨੇ ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਧਾਰੋਕੀ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਜੋ ਆਪਣੇ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋਏ। ਚੀਮਾ ਨੇ ਕਿਹਾ ਹੈ ਕਿ ਸਿਆਸੀ ਵਿਅਕਤੀ ਜੇ ਸਿਆਸੀ ਚਰਚਾ ਵਿਚੋਂ ਹੀ ਬਾਹਰ ਹੋ ਜਾਵੇ ਤਾਂ ਉਸ ਦੀ ਸਿਆਸੀ ਮੌਤ ਹੋਣੀ ਸੰਭਵ ਹੁੰਦੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਦੇ ਵੀ ਆਪਣੇ ਕੱਦ ਦਾ ਸਿਆਸੀ ਲੀਡਰ ਪੰਜਾਬ ਵਿਚ ਕਾਮਯਾਬ ਹੀ ਨਹੀਂ ਹੋਣ ਦਿੱਤਾ, ਉਸ ਨੇ ਨਵਜੋਤ ਸਿੱਧੂ ਨੂੰ ਵੀ ਉਸੇ ਰਸਤੇ ਪਾ ਰੱਖਿਆ ਹੈ, ਪਰ ਆਮ ਆਦਮੀ ਪਾਰਟੀ ਨਵਜੋਤ ਸਿੱਧੂ ਦੀ ਕਾਬਲੀਅਤ ਸਮਝਦੀ ਹੈ, ਇਸ ਕਰਕੇ ਉਹ ਸਿੱਧੂ ਨੂੰ ਮੁੜ ਸੁਨੇਹਾ ਦਿੰਦੇ ਹਨ ਕਿ ਉਹ ਪਾਰਟੀ ਵਿਚ ਆਵੇ ਉਸ ਨੂੰ ਪਾਰਟੀ ਉਸ ਦੀ ਯੋਗਤਾ ਅਨੁਸਾਰ ਫ਼ੈਸਲਾ ਕਰਕੇ ਵੱਡਾ ਅਹੁਦਾ ਦੇਣ ਲਈ ਤਿਆਰ ਹੈ ਜਿਸ ਸਬੰਧੀ ਪਾਰਟੀ ਹਾਈਕਮਾਂਡ ਨੇ ਫ਼ੈਸਲਾ ਕਰਨਾ ਹੈ।