Breaking News
Home / ਪੰਜਾਬ / ਹਰਿਆਣਾ ‘ਚ ਭਾਜਪਾ ਜੇਜੇਪੀ ਸਰਕਾਰ ਖਿਲਾਫ਼ ਕਿਸਾਨਾਂ ‘ਚ ਗੁੱਸਾ

ਹਰਿਆਣਾ ‘ਚ ਭਾਜਪਾ ਜੇਜੇਪੀ ਸਰਕਾਰ ਖਿਲਾਫ਼ ਕਿਸਾਨਾਂ ‘ਚ ਗੁੱਸਾ

ਕੁਰੂਕਸ਼ੇਤਰ ਵਿੱਚ ਸੰਸਦ ਮੈਂਬਰ ਨਾਇਬ ਸੈਣੀ ਦਾ ਘਿਰਾਓ
ਚੰਡੀਗੜ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸਾਢੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੇ ਹਰਿਆਣਾ ਦੀ ਗੱਠਜੋੜ ਸਰਕਾਰ ਦੇ ਆਗੂਆਂ ਨੂੰ ਸਮਾਗਮ ਰੱਦ ਕਰਨ ਦੀ ਅਪੀਲ ਕੀਤੀ ਹੈ ਪਰ ਇਸ ਦੇ ਬਾਵਜੂਦ ਗੱਠਜੋੜ ਸਰਕਾਰ ਦੇ ਆਗੂਆਂ ਵੱਲੋਂ ਸਮਾਗਮ ਕੀਤੇ ਜਾਣ ‘ਤੇ ਕਿਸਾਨ ਆਗੂਆਂ ਵਿੱਚ ਗੁੱਸਾ ਵਧਦਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਭਾਜਪਾ ਦੇ ਸਥਾਪਨਾ ਦਿਵਸ ‘ਤੇ ਸੂਬੇ ਵਿੱਚ ਹੋਣ ਵਾਲੇ ਅੱਧਾ ਦਰਜਨ ਤੋਂ ਵੱਧ ਸਮਾਗਮਾਂ ਦਾ ਵਿਰੋਧ ਕੀਤਾ। ਕਿਸਾਨਾਂ ਨੇ ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਸੰਸਦ ਮੈਂਬਰ ਨਾਇਬ ਸੈਣੀ ਦੀ ਗੱਡੀ ਦਾ ਸ਼ੀਸ਼ਾ ਤੱਕ ਭੰਨ ਦਿੱਤਾ ਜਦਕਿ ਚੌਧਰੀ ਦੇਵੀ ਲਾਲ ਦੀ ਬਰਸੀ ‘ਤੇ ਜੇਜੇਪੀ ਦੇ ਸਮਾਗਮਾਂ ਦਾ ਵਿਰੋਧ ਹੋਇਆ।
ਭਾਜਪਾ ਦੇ ਸਥਾਪਨਾ ਦਿਵਸ ‘ਤੇ ਪਾਰਟੀ ਨੇ ਸੂਬੇ ਵਿੱਚ ਸਮਾਗਮ ਕੀਤੇ। ਇਸ ਦੌਰਾਨ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸੈਣੀ ਸ਼ਾਹਬਾਦ ਦੇ ਮਾਜਰੀ ਮੁਹੱਲਾ ਵਿੱਚ ਭਾਜਪਾ ਆਗੂ ਇੰਦਰਜੀਤ ਦੇ ਘਰ ਪਹੁੰਚੇ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਜੇਜੇਪੀ ਵਿਧਾਇਕ ਕਾਲਾ ਰਾਮ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਸੰਸਦ ਮੈਂਬਰ ਦਾ ਘਿਰਾਓ ਕਰਦਿਆਂ ‘ਵਾਪਸ ਜਾਓ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਕਿਸਾਨਾਂ ਦੇ ਗੁੱਸੇ ਨੂੰ ਵੇਖਦਿਆਂ ਸੰਸਦ ਮੈਂਬਰ ਨਾਇਬ ਸੈਣੀ ਕਾਰ ਵਿੱਚ ਬੈਠ ਤੁਰੰਤ ਰਵਾਨਾ ਹੋ ਗਏ। ਕਿਸਾਨਾਂ ਨੇ ਗੁੱਸੇ ਵਿੱਚ ਸੈਣੀ ਦੀ ਗੱਡੀ ਦੇ ਪਿਛਲੇ ਸ਼ੀਸ਼ੇ ਨੂੰ ਪੱਥਰ ਮਾਰ ਕੇ ਭੰਨ ਦਿੱਤਾ। ਇਸੇ ਤਰਾਂ ਪਾਣੀਪਤ ਵਿੱਚ ਰੱਖੇ ਭਾਜਪਾ ਦੇ ਸੂਬਾ ਪ੍ਰਧਾਨ ਓ ਪੀ ਧਨਖੜ ਦੇ ਸਮਾਗਮ ਵਿੱਚ ਹਾਲਾਤ ਤਣਾਅ ਵਾਲੇ ਬਣੇ ਰਹੇ। ਧਨਖੜ ਦੇ ਆਉਣ ਦੀ ਜਾਣਕਾਰੀ ਮਿਲਦਿਆਂ ਹੀ ਕਿਸਾਨਾਂ ਨੇ ਸਮਾਗਮ ਵਾਲੇ ਸਥਾਨ ਦਾ ਘਿਰਾਓ ਕਰ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਭਾਜਪਾ ਦੇ ਝੰਡੇ ਉਖਾੜ ਦਿੱਤੇ ਜਿਸ ਤੋਂ ਬਾਅਦ ਭਾਜਪਾ ਆਗੂਆਂ ਅਤੇ ਕਿਸਾਨਾਂ ਵਿਚਾਲੇ ਟਕਰਾਅ ਵਧ ਗਿਆ। ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀਆਂ ਨੇ ਦੋਵਾਂ ਧੜਿਆਂ ਨੂੰ ਵੱਖ-ਵੱਖ ਕੀਤਾ। ਕਿਸਾਨਾਂ ਦੇ ਗੁੱਸੇ ਨੂੰ ਵੇਖਦਿਆਂ ਪੁਲਿਸ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਓ. ਪੀ ਧਨਖੜ ਨੂੰ ਬਦਲਵੇਂ ਰਾਹ ਤੋਂ ਸਮਾਗਮ ਵਾਲੀ ਥਾਂ ‘ਤੇ ਲੈ ਗਈ। ਇਸੇ ਦੌਰਾਨ ਕੁਝ ਪ੍ਰਦਰਸ਼ਨਕਾਰੀ ਸਮਾਗਮ ਵਾਲੇ ਸਥਾਨ ਦੇ ਬਾਹਰ ਪਹੁੰਚ ਗਏ ਅਤੇ ਕਾਲੇ ਝੰਢੇ ਦਿਖਾਏ। ਇਸ ਤੋਂ ਪਹਿਲਾਂ ਰੋਹਤਕ ਵਿੱਚ ਵੀ ਓ ਪੀ ਧਨਖੜ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ। ਚਰਖੀ ਦਾਦਰੀ ਅਤੇ ਕੈਥਲ ਵਿੱਚ ਜੇਜੇਪੀ ਅਤੇ ਕਿਸਾਨ ਆਗੂ ਆਹਮੋ-ਸਾਹਮਣੇ ਦਿਖਾਈ ਦਿੱਤੇ। ਪੁਲਿਸ ਨੇ ਭਾਰੀ ਮੁਸ਼ੱਕਤ ਮਗਰੋਂ ਦੋਵਾਂ ਨੂੰ ਸ਼ਾਂਤ ਕਰਵਾਇਆ। ਇਸ ਮੌਕੇ ਫੌਗਾਟ ਖਾਪ ਦੇ ਪ੍ਰਧਾਨ ਬਲਵੰਤ ਸਿੰਘ ਅਤੇ ਕਿਸਾਨ ਨੇਤਾ ਰਾਜੂ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਮਨਾਹੀ ਦੇ ਬਾਵਜੂਦ ਸੂਬੇ ਵਿੱਚ ਜਨਤਕ ਸਮਾਗਮ ਕਰ ਕੇ ਲੋਕਾਂ ਵਿੱਚ ਆਪਸੀ ਭਾਈਚਾਰੇ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਨਾਂ ਕਿਹਾ ਕਿ ਕਿਸਾਨ ਕਦੇ ਵੀ ਸਰਕਾਰ ਦੀ ਮਨਸ਼ਾ ਪੂਰੀ ਨਹੀਂ ਹੋਣ ਦੇਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਤਿੰਨ ਖੇਤੀ ਕਾਨੂੰਨ ਲੈ ਆਈ ਤੇ ਜਦੋਂ ਦੇਸ਼ ਦਾ ਕਿਸਾਨ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ ਤਾਂ ਉਨਾਂ ਨੂੰ ਲੜਾਉਣ ਲੱਗੀ ਹੋਈ ਹੈ। ਉਨਾਂ ਕਿਹਾ ਕਿ ਦੇਸ਼ ਦਾ ਕਿਸਾਨ ਤਿੰਨੋਂ ਖੇਤੀ ਕਾਨੂੰਨ ਰੱਦ ਹੋਣ ਅਤੇ ਐੱਮਐੱਸਪੀ ‘ਤੇ ਫ਼ਸਲਾਂ ਦੀ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਨ ਤੱਕ ਪਿੱਛੇ ਹਟਣ ਵਾਲਾ ਨਹੀਂ ਹੈ।
ਅੰਦੋਲਨਕਾਰੀਆਂ ਨੂੰ ਸਮਾਗਮ ਰੋਕਣ ਦਾ ਅਧਿਕਾਰ ਨਹੀਂ: ਧਨਖੜ
ਭਾਜਪਾ ਹਰਿਆਣਾ ਦੇ ਪ੍ਰਧਾਨ ਓ ਪੀ ਧਨਖੜ ਨੇ ਰੋਹਤਕ ‘ਚ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਂਤਮਈ ਸੰਘਰਸ਼ ਕਰਨਾ ਹਰ ਕਿਸੇ ਦਾ ਸੰਵਿਧਾਨਕ ਹੱਕ ਹੈ। ਕਿਸਾਨ ਸ਼ਾਂਤਮਈ ਢੰਗ ਨਾਲ ਆਪਣਾ ਅੰਦੋਲਨ ਕਰ ਰਹੇ ਹਨ ਪਰ ਉਨਾਂ ਨੂੰ ਕਿਸੇ ਹੋਰ ਦੇ ਸਮਾਗਮਾਂ ਦਾ ਵਿਰੋਧ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਵੀ ਆਪਣੀ ਗੱਲ ਸਭ ਦੇ ਸਾਹਮਣੇ ਰੱਖਣ ਦਾ ਅਧਿਕਾਰ ਹੈ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …