
ਕਿਹਾ : ਸੀਐਮ ਭਗਵੰਤ ਮਾਨ ਨੇ ਮਜੀਠੀਆ ਕੇਸ ’ਚ ਉਠਾਇਆ ਵੱਡਾ ਕਦਮ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ’ਚ ਪੈਂਦੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਮਾਮਲੇ ਵਿਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਅੱਜ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਧਾਲੀਵਾਲ ਨੇ ਦੱਸਿਆ ਕਿ ਵਿਜੀਲੈਂਸ ਵਲੋਂ ਪੇਸ਼ ਕੀਤੇ ਗਏ ਸਬੂਤ ਕਾਫੀ ਮਜ਼ਬੂਤ ਸਨ ਅਤੇ ਹਾਈਕੋਰਟ ਨੇ ਵੀ ਉਨ੍ਹਾਂ ਸਬੂਤਾਂ ਨੂੰ ਸਹੀ ਠਹਿਰਾਇਆ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਜੋ ਲੋਕ ਮਜੀਠੀਆ ਦੇ ਪੱਖ ਵਿਚ ਮਾਨ ਸਰਕਾਰ ’ਤੇ ਇਲਜ਼ਾਮ ਲਗਾ ਰਹੇ ਸਨ, ਉਨ੍ਹਾਂ ਨੂੰ ਵੀ ਅਦਾਲਤ ਨੇ ਜਵਾਬ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਾਲੀਵਾਲ ਦਾ ਕਹਿਣਾ ਸੀ ਕਿ ਮਜੀਠੀਆ ’ਤੇ 540 ਕਰੋੜ ਰੁਪਏ ਡਰੱਗ ਮਾਮਲੇ ਦਾ ਇਲਜ਼ਾਮ ਸਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਉਦੋਂ ਹੀ ਮਜੀਠੀਆ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੀ। ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਵਿਚ ਕਾਰਵਾਈ ਕਰਕੇ ਵੱਡੀ ਹਿੰਮਤ ਦਿਖਾਈ ਹੈ।

