Breaking News
Home / ਪੰਜਾਬ / ਪੰਜਾਬ ਦੀਆਂ ਕੌਮੀ ਪੁਰਸਕਾਰ ਜੇਤੂ ਪੰਚਾਇਤੀ ਸੰਸਥਾਵਾਂ ਦਾ ਸਨਮਾਨ

ਪੰਜਾਬ ਦੀਆਂ ਕੌਮੀ ਪੁਰਸਕਾਰ ਜੇਤੂ ਪੰਚਾਇਤੀ ਸੰਸਥਾਵਾਂ ਦਾ ਸਨਮਾਨ

ਐਵਾਰਡ ਜੇਤੂ ਪਿੰਡਾਂ ਵਿੱਚ ਪਹਿਲੀ ਜੂਨ ਤੋਂ ਹੋਣਗੀਆਂ ਗ੍ਰਾਮ ਸਭਾ ਦੀਆਂ ਬੈਠਕਾਂ
ਮੁਹਾਲੀ/ਬਿਊਰੋ ਨਿਊਜ਼ : ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿਕਾਸ ਭਵਨ ਵਿੱਚ ਕਰਵਾਏ ਗਏ ਸਮਾਰੋਹ ਦੌਰਾਨ ਕੌਮੀ ਪੁਰਸਕਾਰ ਜੇਤੂ ਪੰਚਾਇਤੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਸਨਮਾਨ ਕੀਤਾ। ਧਾਲੀਵਾਲ ਨੇ ਕਿਹਾ ਕਿ ਸੂਬੇ ਦੀਆਂ 13 ਪੰਚਾਇਤੀ ਸੰਸਥਾਵਾਂ ਨੇ ਕੌਮੀ ਪੁਰਸਕਾਰ ਜਿੱਤ ਕੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਇਨਾਮ ਜੇਤੂ ਜ਼ਿਲ੍ਹਾ ਪਰਿਸ਼ਦ ਨੂੰ ਪੰਜਾਹ ਲੱਖ, ਬਲਾਕ ਸਮਿਤੀ ਨੂੰ ਪੱਚੀ ਲੱਖ, ਗ੍ਰਾਮ ਸਭਾ ਨੂੰ ਦਸ ਲੱਖ ਤੇ ਗ੍ਰਾਮ ਪੰਚਾਇਤਾਂ ਨੂੰ ਪੰਜ ਲੱਖ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ ਹੈ। ਧਾਲੀਵਾਲ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੰਦਿਆਂ ਇਨਾਮੀ ਰਾਸ਼ੀ ਨੂੰ ਬਿਨਾਂ ਭੇਦ-ਭਾਵ ਤੋਂ ਪਾਰਦਰਸ਼ੀ ਢੰਗ ਨਾਲ ਵਰਤਣ ਲਈ ਕਿਹਾ। ਪੰਚਾਇਤ ਮੰਤਰੀ ਨੇ ਇਸ ਮੌਕੇ ਐਲਾਨ ਕੀਤਾ ਕਿ ਇਨਾਮ ਜੇਤੂ ਪਿੰਡਾਂ ਵਿੱਚ ਪਹਿਲੀ ਜੂਨ ਤੋਂ ਗ੍ਰਾਮ ਸਭਾ ਦੇ ਇਜਲਾਸ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਹਿਲੀ ਵਾਰ ਗ੍ਰਾਮ ਸਭਾ ਦੇ ਇਕੱਠ ਬੁਲਾ ਕੇ ਵਿਕਾਸ ਲਈ ਯੋਜਨਾਵਾਂ ਉਲੀਕੀਆਂ ਜਾਣਗੀਆਂ।
ਧਾਲੀਵਾਲ ਨੇ ਇਸ ਮੌਕੇ ਕਿਹਾ ਕਿ ਪੇਂਡੂ ਵਿਕਾਸ ‘ਚ ਨਵੇਂ ਕਦਮ ਰੱਖਣ ਵਾਲੀਆਂ ਗਰਾਮ ਪੰਚਾਇਤਾਂ ਬਾਕੀ ਪੰਜਾਬ ਲਈ ਰੋਲ ਮਾਡਲ ਬਣਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਨੇ ਵਿਕਾਸ ‘ਚ ਮੱਲ ਮਾਰੀ ਹੈ, ਉਨ੍ਹਾਂ ਪਿੰਡਾਂ ਨੂੰ ‘ਆਦਰਸ਼ ਪਿੰਡ’ ਐਲਾਨਿਆ ਜਾਵੇਗਾ। ਕੈਬਨਿਟ ਮੰਤਰੀ ਨੇ ਐਵਾਰਡ ਜੇਤੂ ਪਿੰਡ ਮਾਣਕਖਾਨਾ ਦੀ ਸਰਪੰਚ ਸੈਸ਼ਨਦੀਪ ਕੌਰ ਅਤੇ ਪਿੰਡ ਰਾਏਖਾਨਾ ਦੇ ਸਰਪੰਚ ਮਲਕੀਤ ਖ਼ਾਨ ਨਾਲ ਉਚੇਚੇ ਤੌਰ ‘ਤੇ ਗੱਲਬਾਤ ਕੀਤੀ। ਪੰਚਾਇਤ ਮੰਤਰੀ ਵੱਲੋਂ ਸਨਮਾਨੀਆਂ ਗਈਆਂ ਸੰਸਥਾਵਾਂ ‘ਚ ਜ਼ਿਲ੍ਹਾ ਪਰਿਸ਼ਦ ਪਟਿਆਲਾ, ਪੰਚਾਇਤ ਸਮਿਤੀ ਮਾਛੀਵਾੜਾ ਤੇ ਕਪੂਰਥਲਾ ਤੇ ਰਾਏਖਾਨਾ (ਬਠਿੰਡਾ), ਨੱਗਲ ਗੜ੍ਹੀਆਂ (ਮੁਹਾਲੀ), ਰੋਹਲੇ (ਲੁਧਿਆਣਾ), ਭੁਟਾਲ ਕਲਾਂ (ਸੰਗਰੂਰ), ਨੂਰਪੁਰ ਜੱਟਾਂ (ਕਪੂਰਥਲਾ), ਤਲਵੰਡੀ ਸੰਘੇੜਾ (ਜਲੰਧਰ), ਦਬੁਰਜੀ (ਹੁਸ਼ਿਆਰਪੁਰ) ਦੀਆਂ ਪੰਚਾਇਤਾਂ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੀ ਚਹਿਲ ਕਲਾਂ ਦੀ ਗੌਰਵ ਸਭਾ ਇਨਾਮ ਜੇਤੂ ਗ੍ਰਾਮ ਸਭਾ ਤੇ ਬਾਲ ਮਿੱਤਰ ਪੁਰਸਕਾਰ ਜੇਤੂ ਪੰਚਾਇਤਾਂ ਮਾਣਕਖਾਨਾ (ਬਠਿੰਡਾ) ਤੇ ਮਨਸੂਰਵਾਲ ਬੇਟ (ਕਪੂਰਥਲਾ) ਸ਼ਾਮਲ ਹਨ।

 

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …