Breaking News
Home / ਪੰਜਾਬ / ਵਿਸ਼ਵ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਨਹੀਂ ਮਿਲੀ ਇਨਾਮੀ ਰਾਸ਼ੀ

ਵਿਸ਼ਵ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਨਹੀਂ ਮਿਲੀ ਇਨਾਮੀ ਰਾਸ਼ੀ

ਜੇਤੂਆਂ ਨੂੰ ਡਰ ਕਿ ਕਿਤੇ ਇਨਾਮੀ ਰਾਸ਼ੀ ‘ਤੇ ਸਿਆਸੀ ਪੋਚਾ ਨਾ ਫਿਰ ਜਾਵੇ
ਬਠਿੰਡਾ : ਚੋਣ ਜ਼ਾਬਤੇ ਤੋਂ ਪਹਿਲਾਂ ਕਰਾਏ ਛੇਵੇਂ ਵਿਸ਼ਵ ਕਬੱਡੀ ਕੱਪ ਦੀ ਪੰਜ ਕਰੋੜ ਦੀ ਇਨਾਮੀ ਰਾਸ਼ੀ ਸੱਤ ਮਹੀਨੇ ਮਗਰੋਂ ਵੀ ਜੇਤੂ ਟੀਮਾਂ ਨੂੰ ਪ੍ਰਾਪਤ ਨਹੀਂ ਹੋਈ ਹੈ। ਜੇਤੂਆਂ ਨੂੰ ਡਰ ਹੈ ਕਿ ਕਿਤੇ ਇਨਾਮੀ ਰਾਸ਼ੀ ‘ਤੇ ਸਿਆਸੀ ਪੋਚਾ ਹੀ ਨਾ ਫਿਰ ਜਾਵੇ। ਛੇਵਾਂ ਵਿਸ਼ਵ ਕਬੱਡੀ ਕੱਪ 3 ਨਵੰਬਰ 2016 ਨੂੰ ਰੋਪੜ ਤੋਂ ਸ਼ੁਰੂ ਹੋਇਆ ਸੀ ਅਤੇ ਸਮਾਪਤੀ ਸਮਾਰੋਹ 17 ਨਵੰਬਰ ਨੂੰ ਫਾਜ਼ਿਲਕਾ ਜ਼ਿਲ੍ਹੇ ਵਿਚ ਹੋਏ ਸਨ। ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੂੰ ਕਰੀਬ ਪੰਜ ਕਰੋੜ ਦੇ ਇਨਾਮ ਦਿੱਤੇ ਗਏ। ਛੇਵੇਂ ਕਬੱਡੀ ਕੱਪ ਵਿਚ ਲੜਕਿਆਂ ਦੇ ਮੁਕਾਬਲੇ ਵਿਚ ਭਾਰਤ ਨੇ ਇੰਗਲੈਂਡ ਨੂੰ ਹਰਾਇਆ ਸੀ ਅਤੇ ਤੀਸਰੇ ਨੰਬਰ ਤੇ ਅਮਰੀਕਾ ਦੀ ਟੀਮ ਰਹੀ ਸੀ। ਇਵੇਂ ਲੜਕੀਆਂ ਦੇ ਮੁਕਾਬਲੇ ਵਿਚ ਵੀ ਭਾਰਤ ਨੇ ਅਮਰੀਕਾ ਦੀਆਂ ਲੜਕੀਆਂ ਨੂੰ ਹਰਾਇਆ ਸੀ ਅਤੇ ਨਿਊਜ਼ੀਲੈਂਡ ਦੀ ਟੀਮ ਤੀਸਰੇ ਸਥਾਨ ‘ਤੇ ਆਈ ਸੀ। ਵਿਸ਼ਵ ਕੱਪ ਜਿੱਤਣ ਵਾਲੀ ਲੜਕਿਆਂ ਦੀ ਟੀਮ ਨੂੰ ਦੋ ਕਰੋੜ ਅਤੇ ਲੜਕੀਆਂ ਦੀ ਟੀਮ ਨੂੰ ਇੱਕ ਕਰੋੜ ਦੀ ਇਨਾਮੀ ਰਾਸ਼ੀ ਰੱਖੀ ਗਈ ਸੀ। ਲੜਕਿਆਂ ਦੇ ਮੁਕਾਬਲੇ ਵਿਚ ਦੂਸਰੇ ਸਥਾਨ ਵਾਲੀ ਟੀਮ ਨੂੰ ਇੱਕ ਕਰੋੜ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਦੂਸਰੇ ਨੰਬਰ ਵਾਲੀ ਟੀਮ ਨੂੰ 51 ਲੱਖ ਦੀ ਰਾਸ਼ੀ ਦਿੱਤੀ ਜਾਣੀ ਸੀ। ਸਮਾਪਤੀ ਸਮਾਰੋਹਾਂ ਤੇ ਰਸਮਾਂ ਤਾਂ ਕਰ ਦਿੱਤੀਆਂ ਪਰ ਇਨਾਮੀ ਰਾਸ਼ੀ ਨਹੀਂ ਦਿੱਤੀ। ਭਾਰਤੀ ਟੀਮ ਦੇ ਖਿਡਾਰੀ ਯਾਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਸੱਤ ਮਹੀਨੇ ਲੰਘ ਗਏ ਹਨ ਅਤੇ ਹਾਲੇ ਤੱਕ ਇਨਾਮੀ ਰਾਸ਼ੀ ਪ੍ਰਾਪਤ ਨਹੀਂ ਹੋਈ। ਇੰਗਲੈਂਡ ਅਤੇ ਅਮਰੀਕਾ ਦੀਆਂ ਟੀਮਾਂ ਦੇ ਖਿਡਾਰੀ ਵੀ ਖੇਡ ਵਿਭਾਗ ਦੇ ਅਫਸਰਾਂ ਨੂੰ ਫੋਨ ਖੜਕਾ ਰਹੇ ਹਨ। ਬਹੁਤੇ ਖਿਡਾਰੀਆਂ ਦਾ ਕਹਿਣਾ ਸੀ ਕਿ ਹੁਣ ਕਾਂਗਰਸ ਹਕੂਮਤ ਹੈ ਜਿਸ ਕਰਕੇ ਪੁਰਾਣੀ ਇਨਾਮੀ ਰਾਸ਼ੀ ਵੱਟੇ ਖਾਤੇ ਪੈ ਸਕਦੀ ਹੈ। ਖਿਡਾਰੀਆਂ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਸਰਕਾਰ ਨੇ ਜੇਤੂ ਖਿਡਾਰੀਆਂ ਨੂੰ ਨੌਕਰੀਆਂ ਦੇਣ ਦਾ ਵੀ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਸਰਕਾਰ ਇਨਾਮੀ ਰਾਸ਼ੀ ਤੋਂ ਵੀ ਭੱਜਦੀ ਨਜ਼ਰ ਆ ਰਹੀ ਹੈ।
ਖ਼ਜ਼ਾਨੇ ਵਿੱਚੋਂ ਫੰਡ ਪ੍ਰਾਪਤ ਹੋਏ: ਲੱਧੜ
ਖੇਡ ਵਿਭਾਗ ਪੰਜਾਬ ਦੇ ਸਕੱਤਰ ਐਸ.ਆਰ.ਲੱਧੜ ਦਾ ਕਹਿਣਾ ਸੀ ਕਿ ਛੇਵੇਂ ਵਿਸ਼ਵ ਕਬੱਡੀ ਕੱਪ ਦੇ ਜੇਤੂਆਂ ਲਈ ਇਨਾਮੀ ਰਾਸ਼ੀ ਵਾਸਤੇ ਪੰਜ ਕਰੋੜ ਰੁਪਏ ਦੇ ਫੰਡ ਖਜ਼ਾਨੇ ‘ਚੋਂ ਪ੍ਰਵਾਨ ਹੋ ਚੁੱਕੇ ਹਨ। ਹੁਣ ਮੁੱਖ ਮੰਤਰੀ ਤੋਂ ਪ੍ਰਵਾਨਗੀ ਮੰਗੀ ਗਈ ਹੈ। ਮੁੱਖ ਮੰਤਰੀ ਤਰਫ਼ੋਂ ਪ੍ਰਵਾਨਗੀ ਮਿਲਣ ਮਗਰੋਂ ਇਨਾਮੀ ਰਾਸ਼ੀ ਰਿਲੀਜ਼ ਕਰ ਦਿੱਤੀ ਜਾਵੇਗੀ। ਇਨਾਮੀ ਰਾਸ਼ੀ ਜਰੂਰ ਮਿਲੇਗੀ ਅਤੇ ਸਿਰਫ਼ ਫੈਸਲਾ ਹੋਣਾ ਬਾਕੀ ਹੈ ਕਿ ਇਹ ਰਾਸ਼ੀ ਸਮਾਗਮ ਕਰਕੇ ਦਿੱਤੀ ਜਾਵੇ ਜਾਂ ਸਿੱਧੀ ਖਿਡਾਰੀਆਂ ਦੇ ਖਾਤੇ ਵਿਚ ਪਾ ਦਿੱਤੀ ਜਾਵੇ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …