ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਾਦਲ ਪਰਿਵਾਰ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹਦਿਆਂ ਆਪਣੀ ਨਿੱਜੀ ਆਮਦਨ ਵਧਾਉਣ ਲਈ ਸੂਬੇ ਨੂੰ ਵਿਕਾਸ ਦੀ ਥਾਂ ਵਿਨਾਸ਼ ਦੇ ਰਾਹ ਤੋਰਨ ਦੇ ਦੋਸ਼ ਲਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬਹਿਸ ਦੀ ਚੁਣੌਤੀ ਵੀ ਦਿੱਤੀ। ਉਨ੍ਹਾਂ ਬਾਦਲ ਪਰਿਵਾਰ ਨੂੰ ਖੁੱਲ੍ਹਾ ਚੈਲੰਜ ਦਿੰਦਿਆਂ ਕਿਹਾ ਕਿ ਜੇ ਹਿੰਮਤ ਹੈ ਤਾਂ ਮੇਰੇ ਨਾਲ ਬਹਿਸ ਕਰਨ।ઠ ਸਿੱਧੂ ਨੇ ਕਿਹਾ ਕਿ ਬਾਦਲ ਪਿਓ-ਪੁੱਤ ਨੇ ਪੰਜਾਬ ਦਾ ਵਿਕਾਸ ਨਹੀਂ, ਵਿਨਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਕੰਪਨੀਆਂ ਬਣਾ ਕੇ ਧਨ ਇਕੱਠਾ ਕਰਨ ਦੇ ਦੋਸ਼ਾਂ ਦਾ ਕਦੇ ਕੋਈ ਜਵਾਬ ਨਹੀਂ ਦਿੱਤਾ ਅਤੇ ਹੁਣ ਜਦੋਂ ਖ਼ੁਦ ਵਿਭਾਗ ਦਾ ਹਾਲ ਦੇਖਿਆ ਹੈ ਤਾਂ ਵਿਕਾਸ ਦੀ ਥਾਂ ਵਿਨਾਸ਼ ਹੀ ਦਿਖਾਈ ਦੇ ਰਿਹਾ ਹੈ। ਉਨ੍ਹਾਂ ਸਾਬਕਾ ਸਰਕਾਰ ‘ਤੇ ਟੈਂਡਰ ਅਲਾਟ ਕਰਨ ਮੌਕੇ ਵੱਡੇ ਪੱਧਰ ‘ਤੇ ਘਪਲੇ ਕਰਨ ਦੇ ਦੋਸ਼ ਲਾਏ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਸ਼ਹਿਰੀ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਅਤੇ ‘ਅੰਮ੍ਰਿਤ’ ਵਰਗੀਆਂ ਯੋਜਨਾਵਾਂ ਲਈ ਭੇਜੇ ਗਏ 466 ਕਰੋੜ ਰੁਪਏ ਹੋਰਨਾਂ ਕੰਮਾਂ ਲਈ ਖ਼ਰਚ ਕੀਤੇ ਜਾਣ ਕਾਰਨ ਕੇਂਦਰ ਸਰਕਾਰ ਨੇ ਭਵਿੱਖ ਵਿੱਚ ਇਨ੍ਹਾਂ ਯੋਜਨਾਵਾਂ ਤਹਿਤ ਸੂਬੇ ਨੂੰ ਪੈਸਾ ਦੇਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਬੀਜੇ ਕੰਡੇ ਕਾਂਗਰਸ ਸਰਕਾਰ ਨੂੰ ਚੁਗਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟ ਲਈ ਕੇਂਦਰ ਸਰਕਾਰ ਨੇ ਰਾਜ ਸਰਕਾਰ ਨੂੰ 200 ਕਰੋੜ ਰੁਪਏ ਭੇਜੇ ਸਨ ਤੇ ਏਨੇ ਹੀ ਪੈਸੇ (200 ਕਰੋੜ ਰੁਪਏ) ਰਾਜ ਸਰਕਾਰ ਦੇ ਹਿੱਸੇ ਵਜੋਂ ਬਾਦਲ ਸਰਕਾਰ ਨੇ ਪਾਉਣੇ ਸਨ, ਪਰ ਸਰਕਾਰ ਵੱਲੋਂ ਮਹਿਜ਼ 32 ਕਰੋੜ ਰੁਪਏ ਹੀ ਜਾਰੀ ਕੀਤੇ ਗਏ।ਸਿੱਧੂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਪੈਸਾ ਜਾਰੀ ਨਾ ਕੀਤੇ ਜਾਣ ਕਾਰਨ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੇ ਯੋਜਨਾਵਾਂ ਲਈ ਪੈਸਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਨਵਜੋਤ ਸਿੱਧੂ ਪਹਿਲਾਂ ਸਰਕਾਰੀ ਕੰਮ ਕਾਜ ਸਿੱਖੇ : ਅਕਾਲੀ ਦਲ : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਸਰਕਾਰੀ ਕੰਮਕਾਰ ਨੂੰ ਕਾਮੇਡੀ ਸ਼ੋਅ ਵਜੋਂ ਵੇਖਿਆ ਜਾ ਰਿਹਾ ਹੈ। ਪਾਰਟੀ ਦੇ ਬੁਲਾਰੇ ਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਜੇਕਰ ਪੈਸਾ ਉਨ੍ਹਾਂ (ਸਿੱਧੂ) ਦੇ ਵਿਭਾਗ ਨੂੰ ਨਹੀਂ ਮਿਲਿਆ ਤਾਂ ਵਿੱਤ ਵਿਭਾਗ ਕੋਲ ਪਿਆ ਹੋਵੇਗਾ। ਇਸ ਲਈ ਰੌਲਾ ਪਾਉਣ ਦੀ ਥਾਂ ਵਿੱਤ ਵਿਭਾਗ ਤੋਂ ਪੈਸਾ ਜਾਰੀ ਕਰਵਾਉਣ।
Check Also
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ
ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …