ਆਮ ਆਦਮੀ ਪਾਰਟੀ ’ਤੇ ਉਠਣ ਲੱਗੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਨੂੰ 10 ਮਹੀਨੇ ਬਾਅਦ ਨਵਾਂ ਵਾਈਸ ਚਾਂਸਲਰ ਮਿਲ ਗਿਆ ਹੈ। ਪੰਜਾਬ ਦੇ ਰਾਜਪਾਲ ਬੀ.ਐਲ. ਪੁਰੋਹਿਤ ਨੇ ਡਾ. ਰਾਜੀਵ ਸੂਦ ਨੂੰ ਬਾਬਾ ਫਰੀਦ ਯੂਨੀਵਰਸਿਟੀ ਦਾ ਉਪ ਕੁਲਪਤੀ ਨਿਯੁਕਤ ਕੀਤਾ ਹੈ। ਇਸੇ ਦੌਰਾਨ ਡਾ. ਰਾਜੀਵ ਸੂਦ ਦੀ ਨਿਯੁਕਤੀ ’ਤੇ ਸਵਾਲ ਵੀ ਉਠਣੇ ਸ਼ੁਰੂ ਹੋ ਗਏ ਹਨ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡਾ. ਸੂਦ ਦੀ ਨਿਯੁਕਤੀ ’ਤੇ ਸਵਾਲ ਉਠਾਉਂਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਨੂੰ ਵੀ ਹੁਣ ਦਿੱਲੀ ਦੇ ਆਗੂਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਧਿਆਨ ਰਹੇ ਕਿ ਡਾ ਰਾਜੀਵ ਸੂਦ ਦਿੱਲੀ ਨਾਲ ਸਬੰਧਤ ਹਨ। ਇਸੇ ਦੌਰਾਨ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਦਿੱਲੀ ਦੇ ਰਹਿਣ ਵਾਲੇ ਡਾ. ਰਾਜੀਵ ਸੂਦ ਨੂੰ ਬਾਬਾ ਫਰੀਦ ਯੂਨੀਵਰਸਿਟੀ ਦਾ ਵੀਸੀ ਲਗਾਇਆ ਹੈ। ਦੱਸਣਯੋਗ ਹੈ ਕਿ ਡਾ. ਸੂਦ ਦੀ ਨਿਯੁਕਤੀ ਅਹੁਦਾ ਸੰਭਾਲਣ ਦੀ ਤਰੀਕ ਤੋਂ ਤਿੰਨ ਸਾਲਾਂ ਲਈ ਹੋਵੇਗੀ। ਜ਼ਿਕਰਯੋਗ ਹੈ ਕਿ ਕਰੀਬ ਦਸ ਮਹੀਨੇ ਪਹਿਲਾਂ ਡਾ. ਰਾਜ ਬਹਾਦੁਰ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਰਾਜਪਾਲ ਕੋਲ ਪੰਜ ਡਾਕਟਰਾਂ ਦੇ ਨਾਵਾਂ ਦਾ ਪੈਨਲ ਭੇਜਿਆ ਸੀ। ਇਸ ਪੈਨਲ ’ਚ ਡਾ. ਰਾਕੇਸ਼ ਸਹਿਗਲ, ਪ੍ਰੋ. ਬਲਜਿੰਦਰ ਸਿੰਘ, ਡਾ. ਕੇਕੇ ਅਗਰਵਾਲ, ਪ੍ਰੋ. ਜਗਦੀਸ਼ ਚੰਦਰ ਤੇ ਡਾ. ਰਾਜੀਵ ਸੂਦ ਦਾ ਨਾਮ ਸ਼ਾਮਲ ਸੀ। ਪੰਜਾਬ ਦੇ ਰਾਜਪਾਲ ਵਲੋਂ ਇਨ੍ਹਾਂ ਪੰਜਾਂ ਵਿੱਚੋਂ ਡਾ. ਰਾਜੀਵ ਸੂਦ ਨੂੰ ਚੁਣਿਆ ਗਿਆ ਹੈ।
Check Also
ਪੰਜਾਬ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ
ਨਵੀਂ ਦਿੱਲੀ, 27 ਸਤੰਬਰ- ਪੇਂਡੂ ਸੈਰ-ਸਪਾਟਾ ਖੇਤਰ ਵਿਚ ਕੌਮੀ ਪੱਧਰ ਤੇ ਆਪਣੀ ਸਫਲਤਾ ਦਰਜ ਕਰਵਾਉਂਦਿਆਂ …