-4.8 C
Toronto
Friday, December 26, 2025
spot_img
Homeਪੰਜਾਬਅੰਮ੍ਰਿਤਸਰ ਹਵਾਈ ਅੱਡੇ ਤੋਂ ਕਈ ਨਵੀਆਂ ਉਡਾਣਾਂ ਛੇਤੀ

ਅੰਮ੍ਰਿਤਸਰ ਹਵਾਈ ਅੱਡੇ ਤੋਂ ਕਈ ਨਵੀਆਂ ਉਡਾਣਾਂ ਛੇਤੀ

ਅੰਮ੍ਰਿਤਸਰ/ਬਿਊਰੋ ਨਿਊਜ਼ : ਹਵਾਈ ਕੰਪਨੀਆਂ ਇੰਡੀਗੋ, ਸਪਾਈਸ ਜੈੱਟ ਤੇ ਜੈੱਟ ਏਅਰਵੇਜ਼ ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀਆਂ ਹਨ। ‘ਫਲਾਈ ਅੰਮ੍ਰਿਤਸਰ’ ਮੁਹਿੰਮ ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਘੱਟ ਕਿਰਾਏ ਵਾਲੀਆਂ ਹਵਾਈ ਕੰਪਨੀਆਂ ‘ਇੰਡੀਗੋ’ 15 ਸਤੰਬਰ ਨੂੰ ਰੋਜ਼ਾਨਾ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਸਿੱਧੀ ਹੈਦਰਾਬਾਦ ਅਤੇ ‘ਸਪਾਈਸ ਜੈੱਟ’ 6 ਨਵੰਬਰ ਤੋਂ ਬੈਂਕਾਕ ਅਤੇ ਗੋਆ ਲਈ ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।
ਇਸੇ ਤਰ੍ਹਾਂ ‘ਜੈੱਟ ਏਅਰਵੇਜ਼’ ਵੀ 6 ਨਵੰਬਰ ਤੋਂ ਹਫ਼ਤੇ ਵਿੱਚ ਚਾਰ ਦਿਨ ਅੰਮ੍ਰਿਤਸਰ ਨੂੰ ਮੁੰਬਈ ਰਾਹੀਂ ਇੰਗਲੈਂਡ ਦੇ ਸ਼ਹਿਰ ਮਾਨਚੈਸਟਰ ਨਾਲ ਜੋੜੇਗਾ। ‘ਜੈੱਟ ਏਅਰਵੇਜ਼’ ਦੀ ਉਡਾਣ ਪਹਿਲਾਂ ਮੁੰਬਈ ਜਾਏਗੀ ਤੇ ਫਿਰ ਯਾਤਰੀ ਇਕ ਘੰਟੇ ਤੇ 40 ਮਿੰਟ ਬਾਅਦ ਮਾਨਚੈਸਟਰ ਲਈ ਉਡਾਣ ਭਰ ਸਕਣਗੇ। ਇਨ੍ਹਾਂ ਉਡਾਣਾਂ ਦੀ ਬੁਕਿੰਗ ਹਵਾਈ ਕੰਪਨੀ ਦੀਆਂ ਵੈੱਬਸਾਈਟ ‘ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਹੈਦਰਾਬਾਦ ਲਈ ਸਿੱਧੀ ਉਡਾਣ ਪੰਜਾਬ ਨੂੰ ਟੈਕਨਾਲੋਜੀ ਹੱਬ ਨਾਲ ਜਾਣੇ ਜਾਂਦੇ ਸ਼ਹਿਰ ਨਾਲ ਜੋੜੇਗੀ ਅਤੇ ਇੱਥੋਂ ਦੇ ਹਜ਼ਾਰਾਂ ਇੰਜਨੀਅਰ, ਜੋ ਉੱਥੇ ਕੰਮ ਕਰਦੇ ਹਨ, ਦਾ ਸਫ਼ਰ ਹੁਣ ਸਿਰਫ਼ ਪੌਣੇ ਤਿੰਨ ਘੰਟੇ ਦਾ ਰਹਿ ਜਾਵੇਗਾ। ਬੈਂਕਾਕ ਦਾ ਸਫ਼ਰ ਹੁਣ ਸਿਰਫ ਸਾਢੇ ਚਾਰ ਘੰਟਿਆਂ ਵਿੱਚ ਤੇ ਗੋਆ ਦਾ ਤਿੰਨ ਘੰਟਿਆਂ ਵਿੱਚ ਪੂਰਾ ਹੋ ਜਾਇਆ ਕਰੇਗਾ। ਵਰਨਣਯੋਗ ਹੈ ਕਿ ‘ਫਲਾਈ ਅੰਮ੍ਰਿਤਸਰ’ ਮੁਹਿੰਮ ਦੇ ਕੋ-ਕਨਵੀਨਰ ਯੋਗੇਸ਼ ਕਮਰਾ ਨੇ ਭਾਰਤ ਵਿੱਚ ਥਾਈਲੈਂਡ ਦੇ ਅੰਬੈਸਡਰ, ਜੋ ਟਵਿੱਟਰ ਤੇ ਅੰਬੈਸਡਰ ਸੈਮ ਨਾਲ ਜਾਣੇ ਜਾਂਦੇ ਹਨ, ਨੂੰ ਵੀ ਟਵਿੱਟਰ ‘ਤੇ ਅਪਰੈਲ ਮਹੀਨੇ ਬੈਂਕਾਕ ਦੀ ਸਿੱਧੀ ਉਡਾਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਫਿਰ ਮਹੀਨੇ ਬਾਅਦ ਟਵੀਟ ਕਰਕੇ ਦੱਸਿਆ ਸੀ ਕਿ ਉਨ੍ਹਾਂ ਨੇ ਥਾਈਲੈਂਡ ਦੀਆਂ ਕੁਝ ਹਵਾਈ ਕੰਪਨੀਆਂ ਨਾਲ ਗੱਲ ਕੀਤੀ ਹੈ ਤੇ ਨੌਕ ਏਅਰ ਨੇ ਅਕਤੂਬਰ-ਨਵੰਬਰ ਵਿੱਚ ਉਡਾਣਾਂ ਸ਼ੁਰੂ ਕਰਨ ਲਈ ਭਾਰਤ ਸਰਕਾਰ ਤੋਂ ਇਜਾਜ਼ਤ ਮੰਗੀ ਹੈ, ਜਿਸ ਵਿੱਚ ਅੰਮ੍ਰਿਤਸਰ ਵੀ ਸ਼ਾਮਲ ਹੈ।

RELATED ARTICLES
POPULAR POSTS