Breaking News
Home / ਪੰਜਾਬ / ਬਾਦਲਾਂ ਦੇ ਇਲਾਕੇ ਦਾ ਹੈਲੀਪੈਡ ਸੁੰਨਾ ਤੇ ਸੜਕਾਂ ਖਾਮੋਸ਼

ਬਾਦਲਾਂ ਦੇ ਇਲਾਕੇ ਦਾ ਹੈਲੀਪੈਡ ਸੁੰਨਾ ਤੇ ਸੜਕਾਂ ਖਾਮੋਸ਼

ਅਕਾਲੀ-ਭਾਜਪਾ ਸਰਕਾਰ ਸਮੇਂ ਹੈਲੀਪੈਡ ‘ਤੇ ਲੱਗਿਆ ਰਹਿੰਦਾ ਸੀ ਮੇਲਾ
ਬਠਿੰਡਾ/ਬਿਊਰੋ ਨਿਊਜ਼
ਕਾਲਝਰਾਨੀ ਦਾ ਹੈਲੀਪੈਡ ਸੁੰਨਾ ਪਿਆ ਹੈ। ਸੜਕਾਂ ਭਾਂਅ-ਭਾਂਅ ਕਰਦੀਆਂ ਹਨ, ਨਾ ਕਿਧਰੇ ਹੂਟਰ ਵਜਦੇ ਹਨ ਅਤੇ ਨਾ ਹੀ ਬਾਦਲ ਪਿੰਡ ਵਾਲੀ ਜਰਨੈਲੀ ਸੜਕ ‘ਤੇ ਭੀੜਾਂ ਦਿਖਦੀਆਂ ਹਨ। ਹਕੂਮਤ ਬਦਲਣ ਦੇ ਇੱਕ ਵਰ੍ਹੇ ਮਗਰੋਂ ਵੀ ਪਿੰਡ ਬਾਦਲ ਨੂੰ ਜਾਂਦੀ ਸੜਕ ਹੁੰਗਾਰੇ ਨਹੀਂ ਭਰਨ ਲੱਗੀ। ਉਂਜ ਨਵੀਂ ਹਕੂਮਤ ਨੇ ਬਾਦਲਾਂ ਦੀ ਸਹੂਲਤ ਲਈ ਹੈਲੀਪੈਡ ਦੀ ਚਮਕ-ਦਮਕ ਕਾਇਮ ਰੱਖੀ ਹੋਈ ਹੈ। ਬਠਿੰਡਾ ਪੁਲਿਸ ਦੇ ਤਿੰਨ ਮੁਲਾਜ਼ਮ ਸੁੰਨੇ ਪਏ ਹੈਲੀਪੈਡ ਦੀ ਪਹਿਰੇਦਾਰੀ ਕਰ ਰਹੇ ਹਨ ਜਿਨ੍ਹਾਂ ਦਾ ਇੰਚਾਰਜ ਹੌਲਦਾਰ ਪਰਮਿੰਦਰ ਸਿੰਘ ਹੈ। ਅਕਾਲੀ ਵਜ਼ਾਰਤ ਸਮੇਂ ਕਾਲਝਰਾਨੀ ਹੈਲੀਪੈਡ ‘ਤੇ ਪੂਰੀ ਗਾਰਦ ਲੱਗੀ ਹੋਈ ਸੀ। ਕੈਪਟਨ ਹਕੂਮਤ ਨੇ ਕੁਝ ਮੁਲਾਜ਼ਮ ਤਾਂ ਵਾਪਸ ਬੁਲਾ ਲਏ ਸਨ ਪ੍ਰੰਤੂ ਬਾਦਲ ਪਰਿਵਾਰ ਦੀ ਸਹੂਲਤ ਲਈ ਹਾਲੇ ਵੀ ਕੁਝ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੋਇਆ ਹੈ। ਪਿੰਡ ਕਾਲਝਰਾਨੀ ਦੇ ਲੋਕਾਂ ਮੁਤਾਬਕ ਹੁਣ ਇਥੇ ਕਦੇ ਹੈਲੀਕਾਪਟਰ ਨਹੀਂ ਉਤਰਿਆ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਬਣਨ ਮਗਰੋਂ ਇੱਕ-ਦੋ ਵਾਰ ਔਰਬਿਟ ਕੰਪਨੀ ਦਾ ਹੈਲੀਕਾਪਟਰ ਜ਼ਰੂਰ ਉਤਰਿਆ ਸੀ ਪ੍ਰੰਤੂ ਹੁਣ ਲੰਮੇ ਅਰਸੇ ਤੋਂ ਸੁੰਨ ਵਰਤੀ ਹੋਈ ਹੈ। ਹੈਲੀਪੈਡ ਦੇ ਨੇੜਲੀ ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਗੱਠਜੋੜ ਸਰਕਾਰ ਦੇ 10 ਵਰ੍ਹਿਆਂ ਦੌਰਾਨ ਹੈਲੀਪੈਡ ਵਾਲੀ ਥਾਂ ‘ਤੇ ਮੇਲਾ ਹੀ ਲੱਗਦਾ ਰਹਿੰਦਾ ਸੀ। ਪੁਲਿਸ ਅਜੇ ਵੀ ਤਾਇਨਾਤ ਕਰਨ ਬਾਰੇ ਥਾਣਾ ਨੰਦਗੜ੍ਹ ਦੇ ਮੁੱਖ ਥਾਣਾ ਅਫ਼ਸਰ ਪਰਮਿੰਦਰ ਸਿੰਘ ਦੀ ਦਲੀਲ ਸੀ ਕਿ ਕਾਲਝਰਾਨੀ ਪਿੰਡ ਕੋਲ ਜ਼ਿਲ੍ਹੇ ਦੀ ਸੀਮਾ ਪੈਂਦੀ ਹੈ ਜਿਸ ਕਰਕੇ ਸੁਰੱਖਿਆ ਦੀ ਨਜ਼ਰ ਤੋਂ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੋਇਆ ਹੈ।
ਸੂਤਰਾਂ ਅਨੁਸਾਰ ਹੈਲੀਪੈਡ ‘ਤੇ ਬਣੇ ਦੋ ਕਮਰਿਆਂ ਵਿੱਚ ਪੁਲਿਸ ਮੁਲਾਜ਼ਮ ਬੈਠੇ ਹਨ ਜਿਨ੍ਹਾਂ ਦੀ ਡਿਊਟੀ ਪੁਲਿਸ ਲਾਈਨ ਵਿਚੋਂ ਲਗਾਈ ਹੋਈ ਹੈ। ਇੱਕ ਏਸੀ ਕਮਰਾ ਵੀ ਹੈ ਅਤੇ ਹੈਲੀਪੈਡ ਦੀ ਬਿਜਲੀ ਦਾ ਬਿੱਲ ਪਹਿਲਾਂ ਤੋਂ ਮੰਡੀ ਬੋਰਡ ਭਰ ਰਿਹਾ ਹੈ। ਬਠਿੰਡਾ ਤੋਂ ਪਿੰਡ ਬਾਦਲ ਤੱਕ ਬਣੀ ਸੜਕ ‘ਤੇ ਹੀ ਪਿੰਡ ਕਾਲਝਰਾਨੀ ਪੈਂਦਾ ਹੈ ਅਤੇ ਇਹ ਸੜਕ ਹੂਟਰਾਂ ਨੂੰ ਤਰਸੀ ਪਈ ਹੈ। ਬਠਿੰਡਾ ਪ੍ਰਸ਼ਾਸਨ ਵੱਲੋਂ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਮੁਤਾਬਕ ਬਾਦਲ ਪਰਿਵਾਰ ਨੇ ਸਾਲ 2012-17 ਦੀ ਵਜ਼ਾਰਤ ਦੌਰਾਨ ਹਰ ਚੌਥੇ ਦਿਨ ਹੈਲੀਕਾਪਟਰ ‘ਤੇ ਪਿੰਡ ਬਾਦਲ ਦਾ ਗੇੜਾ ਮਾਰਿਆ ਹੈ। ਮਤਲਬ ਕਿ ਕਾਲਝਰਾਨੀ ਦੇ ਹੈਲੀਪੈਡ ‘ਤੇ ਔਸਤਨ ਹਰ ਚੌਥੇ ਦਿਨ ਹੈਲੀਕਾਪਟਰ ਉਤਰਦਾ ਰਿਹਾ ਹੈ। ਪੰਜ ਵਰ੍ਹਿਆਂ ਵਿੱਚ ਬਾਦਲ ਪਰਿਵਾਰ ਨੇ ਹੈਲੀਕਾਪਟਰ ‘ਤੇ ਪਿੰਡ ਬਾਦਲ ਦੇ 426 ਗੇੜੇ ਲਾਏ ਹਨ।
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਪੰਜ ਵਰ੍ਹਿਆਂ ਵਿੱਚ ਪਿੰਡ ਬਾਦਲ ਵਿਚ ਆਉਣ-ਜਾਣ ਲਈ 227 ਦਿਨ ਹੈਲੀਕਾਪਟਰ ਦੀ ਵਰਤੋਂ ਕੀਤੀ ਜਦੋਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 189 ਦਿਨ ਹੈਲੀਕਾਪਟਰ ਵਰਤਿਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹੈਲੀਕਾਪਟਰ ਦੀ ਸਿਰਫ਼ 10 ਦਿਨ ਵਰਤੋਂ ਕੀਤੀ ਹੈ। ਅਕਸਰ ਉਹ ਛੋਟੇ ਜਾਂ ਵੱਡੇ ਬਾਦਲ ਨਾਲ ਹੀ ਪਿੰਡ ਆਉਂਦੇ ਰਹੇ ਹਨ। ਜਦੋਂ ਕਾਲਝਰਾਨੀ ਦੇ ਹੈਲੀਪੈਡ ‘ਤੇ ਹੈਲੀਕਾਪਟਰ ਉਤਰਦਾ ਹੁੰਦਾ ਸੀ ਤਾਂ ਉਦੋਂ ਮੁਕਤਸਰ ਅਤੇ ਬਠਿੰਡਾ ਦੇ ਐਸਐਸਪੀ ਹਾਜ਼ਰ ਹੁੰਦੇ ਸਨ। ਪਹਿਲਾਂ ਤਾਂ ਹੈਲੀਪੈਡ ‘ਤੇ ਬਿਜਲੀ ਚੋਰੀ ਹੁੰਦੀ ਰਹੀ ਹੈ ਪ੍ਰੰਤੂ ਫਰਵਰੀ 2014 ਵਿੱਚ ਮੰਡੀ ਬੋਰਡ ਨੇ ਕੁਨੈਕਸ਼ਨ ਲੈ ਕੇ ਹੈਲੀਪੈਡ ‘ਤੇ ਮੀਟਰ ਲਵਾ ਦਿੱਤਾ ਸੀ। ਇਹ ਹੈਲੀਪੈਡ ਪਿੰਡ ਕਾਲਝਰਾਨੀ ਦੀ ਦਾਣਾ ਮੰਡੀ ਵਿੱਚ ਬਣਿਆ ਹੋਇਆ ਹੈ ਜਿਸ ਕਰਕੇ ਪਿੰਡ ਵਾਸਤੇ ਹੋਰ ਨਵੀਂ ਦਾਣਾ ਮੰਡੀ ਬਣਾਈ ਗਈ ਹੈ। ਸੂਤਰਾਂ ਨੇ ਕਿਹਾ ਕਿ ਹੁਣ ਇਕੱਲੇ ਹੈਲੀਪੈਡ ‘ਤੇ ਸੁੰਨ ਨਹੀਂ ਵਰਤੀ ਸਗੋਂ ਪਿੰਡ ਬਾਦਲ ਦੀਆਂ ਗਲੀਆਂ ਵੀ ਵੱਢ ਖਾਣ ਨੂੰ ਪੈਂਦੀਆਂ ਹਨ। ਸਮਝ ਤੋਂ ਇਹ ਗੱਲ ਬਾਹਰ ਹੈ ਕਿ ਬਠਿੰਡਾ ਪੁਲਿਸ ਸੁੰਨੇ ਹੈਲੀਪੈਡ ਦੀ ਰਾਖੀ ਲਈ ਇੰਨੀ ਫ਼ਿਕਰਮੰਦ ਕਿਉਂ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …