Breaking News
Home / ਪੰਜਾਬ / ਫਗਵਾੜਾ ਦੇ ਗੋਲ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣ ਦੀ ਪ੍ਰਵਾਨਗੀ

ਫਗਵਾੜਾ ਦੇ ਗੋਲ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣ ਦੀ ਪ੍ਰਵਾਨਗੀ

ਦਲਿਤ ਭਾਈਚਾਰੇ ਦੇ ਵਫਦ ਨਾਲ ਮੀਟਿੰਗ ‘ਚ ਬਣੀ ਸਹਿਮਤੀ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਗਵਾੜਾ ਵਿੱਚ 13 ਅਪਰੈਲ ਨੂੰ ਹੋਏ ਝਗੜੇ ਦੇ ਪੀੜਤਾਂ ਨੂੰ ਬਿਹਤਰ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕਰਦਿਆਂ ਸ਼ਹਿਰ ਦੇ ਲਾਲ ਚੌਕ ਦਾ ਨਾਂ ਮੁੜ ਸੰਵਿਧਾਨ ਚੌਕ ਰੱਖਣ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਦਲਿਤ ਸਮਾਜ ਦਾ ਇੱਕ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ। ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਫਗਵਾੜਾ ਮਿਊਂਸਪਲ ਕਾਰਪੋਰੇਸ਼ਨ ਨੇ ਪਹਿਲਾਂ ਹੀ ਇਸ ਚੌਕ ਦਾ ਮੁੜ ਨਾਮਕਰਨ ਕਰਨ ਲਈ ਮਤਾ ਭੇਜਿਆ ਹੈ। ਇਸ ਚੌਕ ਦਾ ਨਾਂ ਸੰਵਿਧਾਨ ਚੌਕ ਰੱਖੇ ਜਾਣ ਵਿੱਚ ਕੋਈ ਵੀ ਗਲਤ ਗੱਲ ਨਹੀਂ ਹੈ ਕਿਉਂਕਿ ਸਾਡਾ ਸੰਵਿਧਾਨ ਕਿਸੇ ਖਾਸ ਜਾਤ ਜਾਂ ਨਸਲ ਨਾਲ ਸਬੰਧ ਨਹੀਂ ਰੱਖਦਾ। ਇਸ ਦੌਰਾਨ ਉਨ੍ਹਾਂ ਨੇ ਚੌਕ ਦਾ ਮੁੜ ਨਾਮਕਰਨ ਕਰਨ ਵਾਸਤੇ ਢੁਕਵੇਂ ਢੰਗ-ਤਰੀਕੇ ਨੂੰ ਅਪਨਾਉਣ ਲਈ ਸਥਾਨਕ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕੀਤੀਆਂ। ਗੰਭੀਰ ਜ਼ਖ਼ਮੀ ਹੋਏ ਜਸਵੰਤ ਬੌਬੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਮੰਗ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਜ਼ਖ਼ਮੀ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਪੀਜੀਆਈ ਦੇ ਡਾਕਟਰਾਂ ਤੋਂ ਜ਼ਖ਼ਮੀ ਦੀ ਹਾਲਤ ਬਾਰੇ ਰਾਇ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਉਸ ਨੂੰ ਲੋੜ ਅਨੁਸਾਰ ਦਿੱਲੀ ਜਾਂ ਚੰਡੀਗੜ੍ਹ ਦੇ ਵਧੀਆ ਹਸਪਤਾਲ ਵਿੱਚ ਭੇਜਿਆ ਜਾ ਸਕੇ। ਉਨ੍ਹਾਂ ਨੇ ਬੌਬੀ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਉਸ ਦੇ ਇਲਾਜ ਦਾ ਸਮੁੱਚਾ ਖਰਚਾ ਸਰਕਾਰ ਸਹਿਣ ਕਰੇਗੀ। ਡੀਜੀਪੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਫਗਵਾੜਾ ਅਤੇ ਇਸ ਦੇ ਆਲੇ-ਦੁਆਲੇ 3500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਗੋਲ ਚੌਕ ਦਾ ਨਾਂ ਸੰਵਿਧਾਨ ਚੌਕ ਰੱਖਣ ਤੋਂ ਜਨਰਲ ਵਰਗ ਨਿਰਾਸ਼
ਗੋਲ ਚੌਕ ਦੇ ਨਾਂ ਨੂੰ ਲੈ ਕੇ ਜਾਰੀ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਸਬੰਧ ਵਿਚ ਗੋਲ ਚੌਕ ਇਕ ਵਾਰ ਫਿਰ ਉਦੋਂ ਸੁਰਖੀਆਂ ਵਿਚ ਆ ਗਿਆ, ਜਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨਾਲ ਸਬੰਧਤ ਦਲਿਤ ਨੇਤਾਵਾਂ ਨਾਲ ਚੰਡੀਗੜ੍ਹ ਵਿਚ ਬੈਠਕ ਕਰਨ ਤੋਂ ਬਾਅਦ ਉਕਤ ਚੌਕ ਦਾ ਨਾਂ ਸਰਕਾਰੀ ਤੌਰ ‘ਤੇ ਸੰਵਿਧਾਨ ਚੌਕ ਕਰਨ ‘ਤੇ ਆਪਣੀ ਸਹਿਮਤੀ ਜਤਾਉਣ ਦੀ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਤੋਂ ਬਾਅਦ ਜਨਰਲ ਵਰਗ ਵਿਚ ਨਿਰਾਸ਼ਾ ਦੇਖੀ ਜਾ ਰਹੀ ਹੈ।

ਫਗਵਾੜਾ ‘ਚ ਫਿਰ ਬਣਿਆ ਤਣਾਅ ਵਾਲਾ ਮਾਹੌਲ
ਦਲਿਤ ਭਾਈਚਾਰਾ ਤੇ ਜਨਰਲ ਵਰਗ ਆਹਮੋ ਸਾਹਮਣੇ
ਫਗਵਾੜਾ/ਬਿਊਰੋ ਨਿਊਜ਼ : ਫਗਵਾੜਾ ਦੇ ਇਕ ਬਾਜ਼ਾਰ ਵਿਚ ਫਿਰ ਦੋ ਧਿਰਾਂ ਵਿਚ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਲਿਤ ਭਾਈਚਾਰੇ ਅਤੇ ਜਨਰਲ ਵਰਗ ਵਿਚ ਹੋਏ ਟਕਰਾਅ ਤੋਂ ਬਾਅਦ ਅੱਜ ਫਿਰ ਤੋਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਅਤੇ ਸ਼ਹਿਰ ਵਿਚ ਤਣਾਅ ਵਾਲਾ ਮਾਹੌਲ ਬਣਿਆ ਰਿਹਾ। ਜ਼ਿਕਰਯੋਗ ਹੈ ਕਿ ਦਲਿਤ ਸਮਾਜ ਦੇ ਇਕ ਵਿਅਕਤੀ ਨੇ ਜਨਰਲ ਵਰਗ ਦੇ ਇਕ ਦੁਕਾਨਦਾਰ ‘ਤੇ ਜਾਤੀ ਨਾਲ ਸਬੰਧਤ ਸ਼ਬਦ ਬੋਲਣ ਦਾ ਦੋਸ਼ ਲਗਾ ਕੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ। ਉਦੋਂ ਤੋਂ ਉਸ ਦੀ ਦੁਕਾਨ ਬੰਦ ਸੀ। ਦੁਕਾਨਦਾਰਾਂ ਨੇ ਨਾਲ ਹੋ ਕੇ ਦੁਕਾਨ ਖੁੱਲ੍ਹਵਾ ਦਿੱਤੀ ਪਰ ਕੁਝ ਵਿਅਕਤੀ ਫਿਰ ਦੁਕਾਨ ਬੰਦ ਕਰਵਾਉਣ ਆ ਗਏ ਤੇ ਟਕਰਾਅ ਵਾਲਾ ਮਾਹੌਲ ਬਣ ਗਿਆ। ਪੁਲਿਸ ਨੇ ਪੂਰੀ ਸਥਿਤੀ ਨੂੰ ਕੰਟਰੋਲ ‘ਚ ਰੱਖਿਆ ਹੋਇਆ ਹੈ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …