Breaking News
Home / ਕੈਨੇਡਾ / Front / ਚੰਡੀਗੜ੍ਹ ’ਚ ਬਾਹਰੀ ਵਾਹਨਾਂ ਤੋਂ ਦੁੱਗਣੀ ਪਾਰਕਿੰਗ ਫੀਸ ਲੈਣ ਵਾਲੇ ਫੈਸਲੇ ’ਤੇ ਲੱਗੀ ਰੋਕ

ਚੰਡੀਗੜ੍ਹ ’ਚ ਬਾਹਰੀ ਵਾਹਨਾਂ ਤੋਂ ਦੁੱਗਣੀ ਪਾਰਕਿੰਗ ਫੀਸ ਲੈਣ ਵਾਲੇ ਫੈਸਲੇ ’ਤੇ ਲੱਗੀ ਰੋਕ

ਨਗਰ ਨਿਗਮ ਅਗਲੀ ਮੀਟਿੰਗ ਦੌਰਾਨ ਪਾਲਿਸੀ ’ਚ ਕਰੇਗਾ ਸੋਧ


ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ’ਚ ਪਾਰਕਿੰਗ ਪਾਲਿਸੀ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਪਾਰਕਿੰਗ ਪਾਲਿਸੀ ’ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਐਡਵਾਈਜ਼ਰੀ ਕੌਂਸਲ ਦੀ ਮੀਟਿੰਗ ਦੌਰਾਨ ਕਿਹਾ ਕਿ ਇਸ ਤਰ੍ਹਾਂ ਨਾਲ ਪਾਰਕਿੰਗ ਪਾਲਿਸੀ ’ਚ ਦੋਹਰਾ ਰਵੱਈਆ ਅਪਨਾਉਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਜ਼ਰੂਰਤ ਅਨੁਸਾਰ ਪਾਰਕਿੰਗ ਰੇਟ ਰੱਖੇ ਜਾ ਸਕਦੇ ਹਨ ਪ੍ਰੰਤੂ ਅਲੱਗ ਅਲੱਗ ਥਾਵਾਂ ਤੋਂ ਆਉਣ ਵਾਲੇ ਵਾਹਨਾਂ ਦੇ ਲਈ ਪਾਰਕਿੰਗ ਰੇਟ ਅਲੱਗ ਨਹੀਂ ਹੋ ਸਕਦਾ। ਚੰਡੀਗੜ੍ਹ ਪ੍ਰਸ਼ਾਸਕ ਦੀ ਸਲਾਹ ਮਗਰੋਂ ਹੁਣ ਨਗਰ ਨਿਗਮ ਦੀ ਹੋਣ ਵਾਲੀ ਅਗਲੀ ਮੀਟਿੰਗ ਦੌਰਾਨ ਇਸ ਪਾਲਿਸੀ ’ਚ ਸੋਧ ਕੀਤੀ ਜਾ ਸਕਦੀ ਹੈ। ਨਗਰ ਨਿਗਮ ਦੀ ਬੈਠਕ ’ਚ 25 ਜੁਲਾਈ ਨੂੰ ਇਸ ਨਵੀਂ ਪਾਲਿਸੀ ਨੂੰ ਪਾਸ ਕੀਤਾ ਗਿਆ ਸੀ। ਇਸ ਪਾਲਿਸੀ ’ਚ ਦੋਪਹੀਆ ਵਾਹਨਾਂ ਨੂੰ ਫਰੀ ਕਰ ਦਿੱਤਾ ਗਿਆ ਸੀ ਜਦਕਿ ਚਾਰ ਪਹੀਆ ਵਾਹਨਾਂ ਦੇ ਲਈ ਪਹਿਲੇ 15 ਮਿੰਟ ਫਰੀ ਅਤੇ ਉਸ ਤੋਂ ਬਾਅਦ 15 ਮਿੰਟ ਤੋਂ 4 ਘੰਟੇ ਤੱਕ 15 ਰੁਪਏ, 8 ਘੰਟੇ ਤੱਕ 20 ਰੁਪਏ ਅਤੇ ਇਸ ਤੋਂ ਬਾਅਦ 10 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਚਾਰਜ ਤਹਿ ਕੀਤੇ ਗਏ ਸਨ। ਇਸ ਨਵੀਂ ਪਾਲਿਸੀ ’ਤੇ ਵਿਵਾਦ ਖੜ੍ਹਾ ਹੋ ਗਿਆ ਸੀ ਅਤੇ ਇਸ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਤਰਾਜ਼ ਪ੍ਰਗਟਾਇਆ ਸੀ ਅਤੇ ਉਨ੍ਹਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਇਕ ਚਿੱਠੀ ਵੀ ਦਿੱਤੀ ਸੀ। ਜਦਕਿ ਆਮ ਆਦਮੀ ਪਾਰਟੀ ਦੇ ਆਗੂ ਪ੍ਰਦੀਪ ਛਾਬੜਾ ਨੇ ਇਸ ਪਾਸਿਲੀ ਨੂੰ ਅਦਾਲਤ ’ਚ ਚੁਣੌਤੀ ਦੇਣ ਦੀ ਗੱਲ ਆਖੀ ਸੀ।

Check Also

ਪੀਐਮ ਨਰਿੰਦਰ ਮੋਦੀ ਨੇ ਕੀਤਾ ਅਹਿਮਦਾਬਾਦ ਮੈਟਰੋ ਵਿੱਚ ਸਫਰ

  ਅਹਿਮਦਾਬਾਦ ਮੈਟਰੋ ਪ੍ਰਾਜੈਕਟ ਦੇ ਦੂਜੇ ਫੇਜ਼ ਦਾ ਕੀਤਾ ਗਿਆ ਉਦਘਾਟਨ ਅਹਿਮਦਾਬਾਦ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ …