Breaking News
Home / ਪੰਜਾਬ / ਮਾਂ ਬੋਲੀ ਪੰਜਾਬੀ ਦੀ ਬਹਾਲੀ ਖਾਤਰ ਚੰਡੀਗੜ੍ਹ ਪੰਜਾਬੀ ਮੰਚ ਨੇ ਮਨਾਇਆ ਕਾਲਾ ਦਿਵਸ

ਮਾਂ ਬੋਲੀ ਪੰਜਾਬੀ ਦੀ ਬਹਾਲੀ ਖਾਤਰ ਚੰਡੀਗੜ੍ਹ ਪੰਜਾਬੀ ਮੰਚ ਨੇ ਮਨਾਇਆ ਕਾਲਾ ਦਿਵਸ

ਰੋਸ ਮਾਰਚ ਵਿਚ 1 ਹਜ਼ਾਰ ਤੋਂ ਵੱਧ ਪੰਜਾਬੀ ਦਰਦੀ ਸ਼ਾਮਲ, ਹਰ ਜ਼ੁਬਾਨ ‘ਤੇ ਸੀ ਇਕੋ ਮੰਗ ਚੰਡੀਗੜ੍ਹ ਦੀ ਪਹਿਲੀ ਤੇ ਸਰਕਾਰੀ ਭਾਸ਼ਾ ਹੋਵੇ ਪੰਜਾਬੀ
ਡਾ. ਸੁਰਜੀਤ ਪਾਤਰ, ਧਰਮਵੀਰ ਗਾਂਧੀ, ਲਖਵਿੰਦਰ ਜੌਹਲ, ਸਤਨਾਮ ਸਿੰਘ ਮਾਣਕ, ਬਲਵੰਤ ਸਿੰਘ ਰਾਮੂਵਾਲੀਆ ਤੇ ਜਗਤਾਰ ਸੰਘੇੜਾ ਵੀ ਹੋਏ ਰੋਸ ਮਾਰਚ ‘ਚ ਸ਼ਾਮਲ
ਚੰਡੀਗੜ੍ਹ : ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਦੀ ਲੜਾਈ ਲੜ ਰਹੇ ਸਮੂਹ ਸੰਗਠਨਾਂ ਨੇ ਮਿਲ ਕੇ ਚੰਡੀਗੜ੍ਹ ਪੰਜਾਬੀ ਮੰਚ ਦੇ ਬੈਨਰ ਹੇਠ ਅੱਜ ਕਾਲਾ ਦਿਵਸ ਮਨਾਉਂਦਿਆਂ ਰੋਸ ਮਾਰਚ ਕੱਢਿਆ। ਕਾਲੀਆਂ ਝੰਡੀਆਂ, ਕਾਲੇ ਕੱਪੜੇ, ਕਾਲੀਆਂ ਪੱਗਾਂ ਤੇ ਕਾਲੀਆਂ ਚੁੰਨੀਆਂ ਲੈ ਕੇ ਨਿਕਲੇ ਪੰਜਾਬੀ ਦਰਦੀ ਅੱਜ ਚੰਡੀਗੜ੍ਹ ਦੀਆਂ ਸੜਕਾਂ ਤੋਂ ਰੋਸ ਮਾਰਚ ਕਰਦੇ ਹੋਏ ਇਕੋ ਮੰਗ ਕਰ ਰਹੇ ਸਨ ਕਿ ਚੰਡੀਗੜ੍ਹ ਦੀ ਪਹਿਲੀ ਤੇ ਸਰਕਾਰੀ ਭਾਸ਼ਾ ਪੰਜਾਬੀ ਲਾਗੂ ਕੀਤੀ ਜਾਵੇ। ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ, ਜਨਰਲ ਸਕੱਤਰ ਗੁਰਪ੍ਰੀਤ ਸੋਮਲ, ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ, ਸੁਖਜੀਤ ਸਿੰਘ ਸੁੱਖਾ, ਹਰਦੀਪ ਸਿੰਘ ਬੁਟਰੇਲਾ, ਜਥੇਦਾਰ ਤਾਰਾ ਸਿੰਘ, ਰਘੁਵੀਰ ਸਿੰਘ, ਤਰਲੋਚਨ ਸਿੰਘ ਤੇ ਦੀਪਕ ਸ਼ਰਮਾ ਚਨਾਰਥਲ ਹੁਰਾਂ ਵੱਲੋਂ ਉਲੀਕੇ ਗਏ ਇਸ ‘ਕਾਲਾ ਦਿਵਸ ਰੋਸ ਮਾਰਚ’ ਵਿਚ ਜਿੱਥੇ 1 ਹਜ਼ਾਰ ਤੋਂ ਵੱਧ ਪੰਜਾਬੀ ਦਰਦੀਆਂ ਨੇ ਸੈਕਟਰ 30 ਏ ਮੱਖਣ ਸ਼ਾਹ ਲੁਬਾਣਾ ਭਵਨ ਤੋਂ ਪੈਦਲ ਤੁਰ ਕੇ ਸੈਕਟਰ 20-21 ਹੁੰਦੇ ਹੋਏ ਉਜਾੜੇ ਪਿੰਡ ਰੁੜਕੀ ਤੇ ਮੌਜੂਦਾ ਸੈਕਟਰ 21-17 ਵਾਲੇ ਚੌਕ ‘ਤੇ ਪਹੁੰਚ ਕੇ ਇਸ ਰੋਸ ਰੈਲੀ ਨੂੰ ਸਮਾਪਤ ਕੀਤਾ, ਉਥੇ ਹੀ ਇਸ ਕਾਲਾ ਦਿਵਸ ਰੋਸ ਮਾਰਚ ਵਿਚ ਉਚੇਚੇ ਤੌਰ ‘ਤੇ ਪੰਜਾਬੀ ਕਲਾ ਪਰਿਸ਼ਦ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ, ਸੰਸਦ ਮੈਂਬਰ ਧਰਮਵੀਰ ਗਾਂਧੀ, ਡਾ. ਲਖਵਿੰਦਰ ਜੌਹਲ, ਸਤਨਾਮ ਸਿੰਘ ਮਾਣਕ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਸੰਘੇੜਾ ਤੇ ਡਾ. ਜੋਗਾ ਸਿੰਘ ਨੇ ਹਾਜ਼ਰੀ ਭਰੀ। ਇਸੇ ਤਰ੍ਹਾਂ ਵੱਖੋ-ਵੱਖ ਸਿਆਸੀ ਦਲਾਂ ਦੇ ਆਗੂ ਤੇ ਨੁਮਾਇੰਦੇ ਵੀ ਇਸ ਰੋਸ ਮਾਰਚ ਵਿਚ ਸ਼ਾਮਲ ਹੋਏ।
ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਮਾਂ ਬੋਲੀ ਦੇ ਹੱਕ ਲਈ ਤੇ ਸਨਮਾਨ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਚੰਡੀਗੜ੍ਹ ਪੰਜਾਬੀ ਮੰਚ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਪੇਂਡੂ ਸੰਘਰਸ਼ ਕਮੇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਸਣੇ ਹੋਰ ਜਥੇਬੰਦੀਆਂ ਤੇ ਸੰਗਠਨਾਂ ਦੇ ਨੁਮਾਇੰਦੇ ਵੀ ਮਾਰਚ ਵਿਚ ਸ਼ਾਮਲ ਹੋਏ। ਵੱਖੋ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਇਕੋ ਗੱਲ ਦੁਹਰਾਈ ਕਿ ਹਰੇਕ ਖਿੱਤੇ ਵਿਚ ਉਥੋਂ ਦੀ ਭਾਸ਼ਾ ਨੂੰ ਪਹਿਲ ਦੇਣਾ ਲਾਜ਼ਮੀ ਬਣਦਾ ਹੈ। ਇਸ ਲਈ ਚੰਡੀਗੜ੍ਹ ਪੰਜਾਬੀ ਖਿੱਤਾ ਹੈ, ਪੰਜਾਬੀ ਪਿੰਡ ਉਜਾੜ ਕੇ ਵਸਾਇਆ ਤਾਂ ਇਸ ਦੀ ਵੀ ਪਹਿਲੀ ਤੇ ਸਰਕਾਰੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਅਸੀਂ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਦੇ ਹਾਂ, ਹਰ ਇਕ ਦੀ ਮਾਂ ਬੋਲੀ ਉਚੀ ਤੇ ਸੁੱਚੀ ਹੈ ਪਰ ਹਰ ਇਕ ਨੂੰ ਅਧਿਕਾਰ ਹੈ ਕਿ ਉਸ ਦੇ ਘਰ ਉਸ ਦੀ ਹੀ ਮਾਂ ਬੋਲੀ ਸਭ ਤੋਂ ਮੂਹਰੇ ਹੋਵੇ, ਸਭ ਤੋਂ ਉਤੇ ਹੋਵੇ ਤੇ ਇਸੇ ਸੰਵਿਧਾਨਕ ਅਧਿਕਾਰ ਦੇ ਤਹਿਤ ਅਸੀਂ ਮੰਗ ਕਰਦੇ ਹਾਂ ਕਿ ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਤੇ ਸਰਕਾਰੀ ਭਾਸ਼ਾ ਦਾ ਦਰਜਾ ਬਹਾਲ ਹੋਵੇ। ਸਤਨਾਮ ਸਿੰਘ ਮਾਣਕ ਤੇ ਲਖਵਿੰਦਰ ਜੌਹਲ ਹੁਰਾਂ ਨੇ ਆਪਣੇ ਸੰਬੋਧਨ ਵਿਚ ਸਰਕਾਰਾਂ ਨੂੰ ਜਿੱਥੇ ਆਪਣਾ ਜ਼ਿੱਦੀ ਰਵੱਈਆ ਤਿਆਗਣ ਦੀ ਅਪੀਲ ਕੀਤੀ ਉਥੇ ਹੀ ਪੰਜਾਬੀ ਦਰਦੀਆਂ ਦੀ ਹਿੰਮਤ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਸੰਘਰਸ਼ ਲੰਬਾ ਹੋ ਸਕਦਾ ਹੈ ਪਰ ਹੱਕ ਤੇ ਸੱਚ ਲਈ ਲੜਨ ਵਾਲਿਆਂ ਦੀ ਜਿੱਤ ਯਕੀਨੀ ਹੁੰਦੀ ਹੈ। ਹੋਰਨਾਂ ਬੁਲਾਰਿਆਂ ਨੇ ਵੀ ਅਹਿਦ ਲਿਆ ਕਿ ਇਹ ਸੰਘਰਸ਼ ਮਾਂ ਬੋਲੀ ਦੇ ਸਨਮਾਨ ਤੱਕ ਜਾਰੀ ਰਹੇਗਾ।
ਧਿਆਨ ਰਹੇ ਕਿ 1 ਨਵੰਬਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਯੂਟੀ ਸਥਾਪਨਾ ਦਿਵਸ ਦੇ ਜਸ਼ਨ ਮਨਾ ਰਿਹਾ ਸੀ ਤੇ ਦੂਜੇ ਪਾਸੇ ਪੰਜਾਬੀ ਦਰਦੀ ਮਾਂ ਬੋਲੀ ਦੇ ਉਜਾੜੇ ਨੂੰ ਲੈ ਕਾਲਾ ਦਿਵਸ ਮਨਾਉਂਦਿਆਂ ਰੋਸ ਮਾਰਚ ਕਰ ਰਹੇ ਸਨ। ਇਸ ਮੌਕੇ ਮੌਜੂਦ ਵੱਡੀ ਗਿਣਤੀ ਵਿਚ ਪੰਜਾਬੀ ਦਰਦੀਆਂ ਵਿਚ ਗੁਰਨਾਮ ਸਿੰਘ ਸਿੱਧੂ, ਡਾ. ਸਰਬਜੀਤ ਸਿੰਘ, ਸੁਸ਼ੀਲ ਦੁਸਾਂਝ, ਜੋਗਿੰਦਰ ਸਿੰਘ ਬੁੜੈਲ, ਸਿਰੀਰਾਮ ਅਰਸ਼, ਗੁਰਨਾਮ ਕੰਵਰ, ਮਨਜੀਤ ਕੌਰ ਮੀਤ, ਕਸ਼ਮੀਰ ਕੌਰ ਸੰਧੂ, ਡਾ. ਗੁਰਮੇਲ ਸਿੰਘ ਸਿੱਧੂ, ਹਰਮਿੰਦਰ ਕਾਲੜਾ, ਬਲਵਿੰਦਰ ਜੰਮੂ, ਜਗਤਾਰ ਸਿੱਧੂ, ਪਾਲ ਅਜਨਬੀ, ਊਸ਼ਾ ਕੰਵਰ, ਤੇਜਾ ਸਿੰਘ ਥੂਹਾ, ਭਗਤ ਰਾਮ ਰੰਘਾੜਾ, ਸੇਵੀ ਰਾਇਤ, ਅਮਰਜੀਤ ਕੌਰ ਹਿਰਦੇ, ਮਲਕੀਅਤ ਬਸਰਾ, ਲਾਭ ਸਿੰਘ ਖੀਵਾ, ਰਮਨ ਸੰਧੂ, ਮਨਜੀਤ ਕੌਰ ਮੋਹਾਲੀ, ਨੀਤੂ ਸ਼ਰਮਾ ਸਣੇ ਵੱਡੀ ਗਿਣਤੀ ਵਿਚ ਨੌਜਵਾਨ ਤੇ ਮਹਿਲਾਵਾਂ ਇਸ ਰੋਸ ਮਾਰਚ ਵਿਚ ਸ਼ਾਮਲ ਸਨ।
ਸਿੱਖ ਇਤਿਹਾਸ ਦਾ ਪੁਰਾਣਾ ਸਿਲੇਬਸ ਹੀ ਜਾਰੀ ਰਹੇਗਾ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਵਿਚ ਇਤਿਹਾਸ ਵਿਸ਼ੇ ਦਾ ਪੁਰਾਣਾ ਸਿਲੇਬਸ ਹੀ 2017-18 ਦੀਆਂ ਕਿਤਾਬਾਂ ਵਿਚ ਜਾਰੀ ਰੱਖੇ।
ਸਰਕਾਰੀ ਬੁਲਾਰੇ ਮੁਤਾਬਕ, ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਨੂੰ ਕਿਹਾ ਸੀ ਕਿ ਮਾਹਿਰਾਂ ਦੀ ਕਮੇਟੀ ਦੇ ਸੁਝਾਵਾਂ ਦੀ ਵਿਸਥਾਰਤ ਸਮੀਖਿਆ ਕੀਤੀ ਜਾਵੇ। ਇਹ ਵੀ ਹੁਕਮ ਦਿੱਤੇ ਸਨ ਕਿ ਸਿੱਖਿਆ ਬੋਰਡ ਇਤਿਹਾਸ ਦੀ ਕਿਤਾਬ ਦੇ ਵੱਖ-ਵੱਖ ਚੈਪਟਰ ਜਾਰੀ ਨਾ ਕਰੇ ਬਲਕਿ ਪੂਰੀ ਟੈਕਸਟ ਬੁੱਕ ਤਿਆਰ ਕਰਕੇ ਛਾਪੀ ਜਾਵੇ। ਬੁਲਾਰੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਇਸ ਗੱਲ ਲਈ ਵਚਨਬੱਧ ਹੈ ਕਿ ਵਿਦਿਆਰਥੀਆਂ ਨੂੰ ਤੱਥਾਂ ਦੇ ਅਧਾਰਤ ਇਤਿਹਾਸ ਹੀ ਪੜ੍ਹਾਇਆ ਜਾਵੇ।
ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵੀ ਸਿੱਖ ਇਤਿਹਾਸ ਦੀ ਕਿਤਾਬ ਨਾਲ ਸਬੰਧਤ ਮੁੱਦੇ ‘ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਨਾਲ ਮੀਟਿੰਗ ਕੀਤੀ।

Check Also

ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ

ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …