Breaking News
Home / ਪੰਜਾਬ / ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਨੇ ਦਿੱਤਾ ਮੁਹੱਬਤ ਦਾ ਪੈਗਾਮ

ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਨੇ ਦਿੱਤਾ ਮੁਹੱਬਤ ਦਾ ਪੈਗਾਮ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵੀ ਕੀਤੇ ਦਰਸ਼ਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਕਰੋਨਾ ਕਾਲ ਤੋਂ ਬਾਅਦ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਨੇ ਇਕ ਵਾਰ ਮੁੜ ਇਕੱਠੇ ਹੋ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਥੇ ਨੇੜੇ ਹੀ ਅਦਬੀ ਮਹਿਫਲ ਵੀ ਲਾਈ। ਦੋਹਾਂ ਦੇਸ਼ਾਂ ਦੇ ਸਾਹਿਤਕਾਰਾਂ ਨੇ ਫੈਸਲਾ ਲਿਆ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਾਂਝੀ ਮਹਿਫਲ ਤੇ ਮਿਲਣੀ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ।
ਚੜ੍ਹਦੇ ਪੰਜਾਬ ਤੋਂ ਗਏ ਸਾਹਿਤਕਾਰਾਂ ਦੇ ਜਥੇ ਦੇ ਪ੍ਰਬੰਧਕ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਇਸ ਕਾਫਲੇ ਦੀ ਅਗਵਾਈ ਕੀਤੀ ਜਦਕਿ ਲਹਿੰਦੇ ਪੰਜਾਬ ਤੋਂ ਆਏ ਸਾਹਿਤਕਾਰਾਂ ਦੀ ਅਗਵਾਈ ਬਾਬਾ ਨਜ਼ਮੀ ਅਤੇ ਅਫਜ਼ਲ ਸਾਹਿਰ ਨੇ ਕੀਤੀ।
ਦੋਵੇਂ ਪਾਸਿਆਂ ਦੇ ਸਾਹਿਤਕਾਰਾਂ ਨੇ ਜਿੱਥੇ ਗੁਰਦੁਆਰਾ ਦਰਬਾਰ ਸਾਹਿਬ ਅਤੇ ਮਜਾਰ ‘ਤੇ ਮੱਥਾ ਟੇਕਿਆ, ਉੱਥੇ ਹੀ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ।
ਉਨ੍ਹਾਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਬਣੇ ਬਾਬਾ ਅਜਿਤਾ ਰੰਧਾਵਾ ਬਾਜ਼ਾਰ ਵਿੱਚ ਅਦਬੀ ਮਹਿਫਲ ਵੀ ਲਗਾਈ ਜਿਸ ਨੂੰ ਸੰਬੋਧਨ ਕਰਦਿਆਂ ਬਾਬਾ ਨਜ਼ਮੀ ਨੇ ਆਪਣੀ ਗਜ਼ਲ ਦੇ ਲਫ਼ਜ਼ ‘ਤੂੰ ਕਿਉਂ ਮੇਰੀ ਮਸਜਿਦ ਢਾਹਵੇ, ਮੈਂ ਕਿਉਂ ਤੋੜਾਂ ਮੰਦਰ ਨੂੰ’ ਰਾਹੀਂ ਕਿਹਾ ਕਿ ਗੁਰੂ ਪੀਰ ਹਮੇਸ਼ਾ ਨਫਰਤ ਨੂੰ ਭੰਡਦੇ ਰਹੇ ਹਨ।
ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਇਸ ਸਾਂਝੀ ਧਰਤੀ ‘ਤੇ ਧਾਰਮਿਕ ਸ਼ਰਧਾ ਅਤੇ ਸਭਿਆਚਾਰਕ ਮਿਲਣੀਆਂ ਦੇ ਹੋਰ ਸਬੱਬ ਪੈਦਾ ਕਰਨੇ ਚਾਹੀਦੇ ਹਨ। ਇਸ ਮੌਕੇ ਦਰਸ਼ਨ ਬੁੱਟਰ, ਅਫਜ਼ਲ ਸਾਹਿਰ, ਸੁਸ਼ੀਲ ਦੁਸਾਂਝ, ਐੱਸ ਨਸੀਮ, ਮੱਖਣ ਕੁਹਾੜ, ਟੀ ਲੋਚਨ, ਫ਼ਾਇਕਾ ਅਨਵਰ, ਰੂਬੀਨਾ, ਸਾਜਨ ਭੱਟ, ਸ਼ੈਲਿੰਦਰਜੀਤ ਰਾਜਨ, ਹਰਪਾਲ ਨਾਗਰਾ, ਸ਼ੁਕਰਗੁਜ਼ਾਰ ਸਿੰਘ, ਜਗਤਾਰ ਗਿੱਲ, ਸੰਤੋਖ ਸਿੰਘ ਗੋਰਾਇਆ, ਮਨਜੀਤ ਸਿੰਘ ਵਸੀ, ਮੱਖਣ ਭੈਣੀਵਾਲਾ, ਰਘਬੀਰ ਸਿੰਘ ਸੋਹਲ ਅਤੇ ਪਰਮਜੀਤ ਬਾਠ ਨੇ ਆਪਣੀਆਂ ਰਚਨਾਵਾਂ ਰਾਹੀਂ ਮੁਹੱਬਤ ਦਾ ਪੈਗਾਮ ਦਿੱਤਾ। ਵਫਦ ਦੇ ਮੈਂਬਰਾਂ ਨੇ ਦੱਸਿਆ ਕਿ ਮਹਿਫਲ ਮੌਕੇ ਇਸ ਸਾਂਝੇ ਸਥਾਨ ‘ਤੇ ਮੁੜ ਮਿਲਣ ਅਤੇ ਅਦਬੀ ਮਹਿਫਿਲ ਸਜਾਉਣ ਦੇ ਸੁਝਾਅ ਨੂੰ ਸਹਿਮਤੀ ਦਿੱਤੀ ਗਈ।
ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੰਡ ਵੇਲੇ ਦੇ ਵਿਛੜੇ ਕਈ ਪਰਿਵਾਰ ਆਪਸ ਵਿੱਚ ਮਿਲ ਚੁੱਕੇ ਹਨ। ਸਾਹਿਤਕਾਰਾਂ ਦਾ ਕਹਿਣਾ ਹੈ ਕਿ ਜੇਕਰ ਦੋਵੇਂ ਸਰਕਾਰਾਂ ਕੁਝ ਨਰਮ ਰਵੱਈਆ ਅਖਤਿਆਰ ਕਰਨ ਅਤੇ ਆਉਣ-ਜਾਣ ਨੂੰ ਸੌਖਾਲਾ ਕਰ ਦੇਣ ਤਾਂ ਇਹ ਧਾਰਮਿਕ ਅਸਥਾਨ ਆਪਸੀ ਸਾਂਝ ਦਾ ਇਕ ਨਿਵੇਕਲਾ ਸਥਾਨ ਬਣ ਸਕਦਾ ਹੈ। ਇਸ ਮੌਕੇ ਵਜ਼ੀਰ ਸਿੰਘ ਰੰਧਾਵਾ, ਮਨਮੋਹਨ ਢਿੱਲੋਂ, ਹਰਜੀਤ ਸਿੰਘ ਸੰਧੂ, ਮੋਹਿਤ ਸਹਿਦੇਵ, ਤਰਲੋਚਨ ਤਰਨ ਤਾਰਨ, ਕਮਲ ਦੁਸਾਂਝ, ਪਰਮਜੀਤ ਕੌਰ, ਅਨੁਮੀਤ ਕੌਰ ਤੇ ਗਗਨਦੀਪ ਕੌਰ ਵੀ ਹਾਜ਼ਰ ਸਨ।

 

 

Check Also

ਭਾਜਪਾ ਆਗੂ ਤੀਕਸ਼ਣ ਸੂਦ ਨੇ ਹੁਸ਼ਿਆਰਪੁਰ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ’ਤੇ ਚੁੱਕੇ ਸਵਾਲ

ਕਿਹਾ : ਨਜਾਇਜ਼ ਮਾਈਨਿੰਗ ਕਾਰਨ ਬਰਸਾਤੀ ਪਾਣੀ ਪਿੰਡਾਂ ’ਚ ਹੋ ਸਕਦਾ ਹੈ ਦਾਖਲ ਹੁਸ਼ਿਆਰਪੁਰ/ਬਿਊਰੋ ਨਿਊਜ਼ …