-11.5 C
Toronto
Friday, January 23, 2026
spot_img
Homeਪੰਜਾਬਪੰਜਾਬ ਸਰਕਾਰ ਸ਼ਾਮਲਾਟ ਜ਼ਮੀਨਾਂ ਬਾਰੇ ਧੱਕੇਸ਼ਾਹੀ ਨਾ ਕਰੇ : ਰਾਜੇਵਾਲ

ਪੰਜਾਬ ਸਰਕਾਰ ਸ਼ਾਮਲਾਟ ਜ਼ਮੀਨਾਂ ਬਾਰੇ ਧੱਕੇਸ਼ਾਹੀ ਨਾ ਕਰੇ : ਰਾਜੇਵਾਲ

ਕਿਸਾਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਵਿੱਢਣ ਦੀ ਕੀਤੀ ਅਪੀਲ
ਮੁੱਲਾਂਪੁਰ ਗਰੀਬਦਾਸ/ਬਿਊਰੋ ਨਿਊਜ਼ : ਕੰਢੀ ਖੇਤਰ ਦੇ ਕਿਸਾਨਾਂ ਦੀਆਂ ਮੁਸ਼ਤਰਕਾ ਮਾਲਕਾਨ ਜ਼ਮੀਨਾਂ ਨੂੰ ਸ਼ਾਮਲਾਟ ਦੇ ਖਾਕੇ ਵਿੱਚ ਦਰਸਾ ਕੇ ਸਰਕਾਰ ਵੱਲੋਂ ਕਬਜ਼ਾ ਕਰਨ ਦੇ ਮਾਮਲੇ ਖਿਲਾਫ ਕਿਸਾਨਾਂ ਨੇ ਪਿੰਡ ਮੁੱਲਾਂਪੁਰ ਗਰੀਬਦਾਸ ਵਿਚ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ। ਇਸ ਮੌਕੇ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਵੱਡੀ ਗਿਣਤੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਸ਼ਾਮਲਾਟ ਦੇ ਖਾਕੇ ਵਿੱਚ ਦਰਸਾ ਕੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇ ਸਰਕਾਰ ਨੇ ਇਸ ਮਸਲੇ ਸਬੰਧੀ ਕੋਈ ਵਿਚਾਰ ਨਾ ਕੀਤਾ ਤਾਂ 30 ਦਸੰਬਰ ਨੂੰ ਚੰਡੀਗੜ੍ਹ-ਮੁਹਾਲੀ ਹੱਦ ‘ਤੇ ਅਣਮਿਥੇ ਸਮੇਂ ਲਈ ਰੋਸ ਧਰਨਾ ਦਿੱਤਾ ਜਾਵੇਗਾ।
ਉਨ੍ਹਾਂ ਕਿਸਾਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਵਿੱਢਣ ਦੀ ਅਪੀਲ ਕਰਦਿਆਂ ਲੋਕਾਂ ਨੂੰ ਪਾਣੀ ਬਚਾਉਣ ਦਾ ਉਪਰਾਲਾ ਕਰਨ ਦਾ ਵੀ ਸੁਨੇਹਾ ਦਿੱਤਾ। ਇਸ ਮੌਕੇ ਵਿਧਾਨ ਸਭਾ ਵਿੱਚ ਇਸ ਸਾਲ 4 ਅਕਤੂਬਰ ਨੂੰ ਪੇਸ਼ ਕੀਤੇ ਸ਼ਾਮਲਾਟ ਜ਼ਮੀਨਾਂ ਵਾਲੇ ਬਿੱਲ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।
ਧਰਨਾਕਾਰੀਆਂ ਨੇ ਸਰਕਾਰ ਦੀ ਧੱਕੇਸ਼ਾਹੀ ਸਬੰਧੀ ਬੈਨਰ ਲਹਿਰਾ ਕੇ ਨਾਅਰੇਬਾਜ਼ੀ ਕੀਤੀ। ਚੌਧਰੀ ਦਿਲਾ ਰਾਮ ਮਿਰਜ਼ਾਪੁਰ ਨੇ ਕਿਹਾ ਕਿ ਪਿੰਡਾਂ ਦੀ ਜੱਦੀ ਪੁਸ਼ਤੈਨੀ ਜ਼ਮੀਨ ਅੰਗਰੇਜ਼ ਹਕੂਮਤ ਵੇਲੇ ਤੋਂ ਮਾਲਕਾਂ ਦੇ ਨਾਮ ਚੱਲੀ ਆ ਰਹੀ ਹੈ ਜਿਸ ਨੂੰ ਸ਼ਾਮਲਾਟ ਦੱਸ ਕੇ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ। ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਸਰਕਾਰ ਇਸ ਮਸਲੇ ਉਤੇ ਮੁੜ ਵਿਚਾਰ ਕਰੇ।ਇਸ ਮੌਕੇ ਕਾਂਗਰਸ, ਅਕਾਲੀ ਤੇ ਭਾਜਪਾ ਪੱਖੀ ਕਈ ਆਗੂਆਂ ਨੇ ਰੈਲੀ ਵਿੱਚ ਪਹੁੰਚ ਕੇ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਈ।

RELATED ARTICLES
POPULAR POSTS