ਗੈਂਗਸਟਰ ਕਲਚਰ ਤੇ ਡਰੱਗ ਕਾਰੋਬਾਰ ਦਾ ਪਿਤਾਮਾ ਹੈ ਮਜੀਠੀਆ : ਸੁਖਜਿੰਦਰ ਸਿੰਘ ਰੰਧਾਵਾ
ਚੰਡੀਗੜ੍ਹ : ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਚੁਣੌਤੀ ਦਿੱਤੀ ਕਿ ਉਹ ਖੁਦ ਪੰਜਾਬ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਕੋਲੋਂ ਤਫਤੀਸ਼ ਕਰਵਾਉਣ ਲਈ ਚੀਫ ਜਸਟਿਸ ਕੋਲ ਜਾਣ ਨੂੰ ਤਿਆਰ ਹਨ ਬਸ਼ਰਤੇ ਮਜੀਠੀਆ ਵੀ ਆਪਣੇ ਉੱਪਰ ਲੱਗੇ ਨਸ਼ੀਲੇ ਪਦਾਰਥਾਂ ਅਤੇ ਗੈਂਗਸਟਰਾਂ ਦੀ ਸਰਪ੍ਰਸਤੀ ਦੇ ਦੋਸ਼ਾਂ ਦੀ ਜਾਂਚ ਲਈ ਉਨ੍ਹਾਂ ਨਾਲ ਹਾਈ ਕੋਰਟ ਚੱਲੇ। ਰੰਧਾਵਾ ਵੱਲੋਂ ਮਜੀਠੀਆ ਨੂੰ ਚੁਣੌਤੀ ਦੇਣ ਨਾਲ ਦੋਵਾਂ ਆਗੂਆਂ ਵਿਚਾਲੇ ਲੜਾਈ ਹੋਰ ਤਿੱਖੀ ਹੋਣ ਦੇ ਆਸਾਰ ਬਣ ਗਏ ਹਨ।
ਚੰਡੀਗੜ੍ਹ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਰੰਧਾਵਾ ਦੀ ਅਗਵਾਈ ਹੇਠ ਕਾਂਗਰਸ ਦੇ ਅੱਧੀ ਦਰਜਨ ਵਿਧਾਇਕਾਂ ਨੇ ਅਕਾਲੀ ਆਗੂ ਮਜੀਠੀਆ ਵੱਲੋਂ ਕੈਬਨਿਟ ਮੰਤਰੀ ਰੰਧਾਵਾ ਉੱਪਰ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਸਾਬਕਾ ਅਕਾਲੀ ਮੰਤਰੀ ਨੂੰ ਸੂਬੇ ਵਿੱਚ ਗੈਂਗਸਟਰ ਕਲਚਰ ਤੇ ਡਰੱਗ ਕਾਰੋਬਾਰ ਦਾ ਕਥਿਤ ਪਿਤਾਮਾ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਅਕਾਲੀ ਆਗੂ ਉੱਪਰ ਭੋਲਾ ਨੇ ਸ਼ਰ੍ਹੇਆਮ 6000 ਕਰੋੜ ਰੁਪਏ ਦੇ ਡਰੱਗ ਕਾਰੋਬਾਰ ਨਾਲ ਜੁੜੇ ਹੋਣ ਦੇ ਦੋਸ਼ ਲਾਏ ਸਨ, ਅੱਜ ਉਹ ਕਿਹੜੇ ਮੂੰਹ ਨਾਲ ਹਾਲ ਦੁਹਾਈ ਪਾ ਰਿਹਾ ਹੈ। ਕਾਂਗਰਸ ਪ੍ਰਧਾਨ ਜਾਖੜ ਨੇ ਕਿਹਾ ਕਿ ਲੋਕਾਂ ਵਿੱਚ ਆਪਣੀ ਸਿਆਸੀ ਸਾਖ ਗਵਾਉਣ ਤੋਂ ਬਾਅਦ ਮਜੀਠੀਆ ਨੇ ਆਪਣੇ ਵਰਕਰਾਂ ਦੀਆਂ ਚਿਤਾਵਾਂ ਉਤੇ ਸਿਆਸੀ ਰੋਟੀਆਂ ਸੇਕਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਗੱਲ ਸਭ ਭਲੀ ਭਾਂਤ ਜਾਣਦੇ ਹਨ ਕਿ ਅਕਾਲੀਆਂ ਦੇ 10 ਸਾਲ ਦੇ ਕੁਸ਼ਾਸਨ ‘ਚ ਹੀ ਪੰਜਾਬ ‘ਚ ਗੈਂਗਸਟਰ ਨਾਂ ਸੁਣਨ ਨੂੰ ਮਿਲਿਆ ਸੀ ਜਿਨ੍ਹਾਂ ਦੀ ਪੁਸ਼ਤ ਪਨਾਹੀ ਕਥਿਤ ਤੌਰ ‘ਤੇ ਮਜੀਠੀਆ ਵੱਲੋਂ ਕੀਤੀ ਜਾਂਦੀ ਸੀ। ਰੰਧਾਵਾ ਨੇ ਤੱਥ ਅਤੇ ਤਸਵੀਰਾਂ ਦਿਖਾਉਂਦਿਆਂ ਦੱਸਿਆ ਕਿ ਜਿਸ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਗੈਂਗਸਟਰ ਨਾਲ ਉਸ ਦੇ ਮਿਲੇ ਹੋਣ ਦੇ ਦੋਸ਼ ਲਾਏ ਜਾ ਰਹੇ ਹਨ ਅਸਲ ਵਿੱਚ ਉਹ ਸਭ ਤੋਂ ਵੱਧ ਮਜੀਠੀਆ ਦੇ ਹਲਕੇ ਵਿੱਚ ਸਰਗਰਮ ਰਿਹਾ ਹੈ। ਇਸ ਗੈਂਗਸਟਰ ਉੱਪਰ 44 ਕੇਸ ਦਰਜ ਹਨ ਜਿਨ੍ਹਾਂ ਵਿੱਚੋਂ 29 ਕੇਸ ਮਜੀਠੀਆ ਦੇ ਹਲਕੇ ਅੰਮ੍ਰਿਤਸਰ (ਦਿਹਾਤੀ) ਖੇਤਰ ਦੇ ਹਨ। ਉਨ੍ਹਾਂ ਕਿਹਾ ਕਿ ਜੱਗੂ ਦਾ ਭਰਾ ਮਨਦੀਪ ਮਨੂੰ ਪਿਛਲੀ ਅਕਾਲੀ ਸਰਕਾਰ ਦੌਰਾਨ ਹੀ ਵਿਦੇਸ਼ ਜਾਣ ‘ਚ ਸਫਲ ਹੋਇਆ। ਉਸ ਉੱਪਰ ਵੀ ਕਈ ਕੇਸ ਦਰਜ ਹਨ ਤੇ ਉਸ ਨੂੰ ਮਜੀਠੀਆ ਦੀ ਕਥਿਤ ਹਮਾਇਤ ਹਾਸਲ ਸੀ। ਉਨ੍ਹਾਂ ਅਕਾਲੀ ਆਗੂਆਂ ਖਾਸ ਕਰ ਕੇ ਮਜੀਠੀਆ ਨਾਲ ਤਸਵੀਰਾਂ ਵੀ ਜਾਰੀ ਕੀਤੀਆਂ ਜਿਨ੍ਹਾਂ ਵਿੱਚ ਪੈਰੋਲ ‘ਤੇ ਰਿਹਾਅ ਹੋਇਆ ਪੰਮਾ ਸੁਲਤਾਨਵਿੰਡ, ਨਾਭਾ ਦੀ ਹਾਈ ਸਕਿਓਰਿਟੀ ਜੇਲ੍ਹ ਵਿੱਚ ਬੰਦ ਗੋਲੀ ਗੋਪੀ, ਦਿਲਬਾਗ ਲੰਮਾ ਪੱਟੀ (ਵਿਸ਼ੂ ਗੈਂਗ), ਸੋਨੂੰ ਕੰਗਲਾ ਸ਼ਾਮਲ ਹਨ। ਇਨ੍ਹਾਂ ਗੈਂਗਸਟਰਾਂ ਵੱਲੋਂ ਖੁੱਲ੍ਹੇ ਤੌਰ ‘ਤੇ ਮਜੀਠੀਆ ਸਮੇਤ ਹੋਰਨਾਂ ਅਕਾਲੀ ਆਗੂਆਂ ਅਤੇ ਖਾਸ ਕਰ ਕੇ ਮਜੀਠੀਆ ਦੇ ਪੀ.ਏ. ਤਲਬੀਰ ਸਿੰਘ ਨਾਲ ਮੇਲ ਮਿਲਾਪ ਕੀਤਾ ਜਾਂਦਾ ਰਿਹਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਉਹ ਅਕਾਲੀ ਵਰਕਰ ਦੇ ਕਤਲ ਦੀ ਨਿੰਦਾ ਕਰਦੇ ਹਨ ਅਤੇ ਇਸ ਮਾਮਲੇ ਦੀ ਡੂੰਘਾਈ ਵਿੱਚ ਜਾਂਚ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਵਕਾਲਤ ਕਰਦੇ ਹਨ। ਇਸ ਮੌਕੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ, ਦਰਸ਼ਨ ਸਿੰਘ ਬਰਾੜ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ ਤੇ ਪਰਮਿੰਦਰ ਸਿੰਘ ਪਿੰਕੀ ਹਾਜ਼ਰ ਸਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …