Breaking News
Home / ਪੰਜਾਬ / ਸੰਵਿਧਾਨ ਦੇ ਬਹਾਨੇ ਪੰਜਾਬ ਵਿਧਾਨ ਸਭਾ ‘ਚ ਸਿਆਸੀ ਝੜਪ

ਸੰਵਿਧਾਨ ਦੇ ਬਹਾਨੇ ਪੰਜਾਬ ਵਿਧਾਨ ਸਭਾ ‘ਚ ਸਿਆਸੀ ਝੜਪ

ਅਕਾਲੀਆਂ ਨੇ ਡਾ. ਅੰਬੇਡਕਰ ਨੂੰ ਸਿੱਖ ਬਣਨ ਤੋਂ ਰੋਕਿਆ : ਚਰਨਜੀਤ ਚੰਨੀ
ਪੰਜਾਬ ਵਿਧਾਨ ਸਭਾ ‘ਚ ਗੂੰਜਿਆ ਅਨੁਸੂਚਿਤ ਜਾਤੀਆਂ ਨਾਲ ਬੇਇਨਸਾਫ਼ੀ ਦਾ ਮੁੱਦਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮੰਗਲਵਾਰ ਨੂੰ ਅਨੁਸੂਚਿਤ ਜਾਤੀਆਂ ਨਾਲ ਬੇਇਨਸਾਫ਼ੀਆਂ ਅਤੇ ਮਹਾਰਾਸ਼ਟਰ ਦੇ ਸਿਆਸੀ ਹਾਲਾਤ ਦਾ ਮੁੱਦਾ ਛਾਇਆ ਰਿਹਾ।
ਇਸ ਦੇ ਨਾਲ ਹੀ ਜੰਮੂ ਕਸ਼ਮੀਰ, ਐਮਰਜੈਂਸੀ, 1984 ਕਤਲੇਆਮ ਤੇ ਗੁਜਰਾਤ ਦੰਗਿਆਂ ਤੋਂ ਇਲਾਵਾ ਰਾਜਾਂ ਦੇ ਅਧਿਕਾਰਾਂ ਨੂੰ ਵੱਡੇ ਪੱਧਰ ‘ਤੇ ਲੱਗੇ ਖੋਰੇ, ਸਦਨ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਸਥਾਪਤ ਕਰਨ, ਸੰਵਿਧਾਨ ਦੀ 85ਵੀਂ ਸੋਧ ਲਾਗੂ ਕਰਨ ਅਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ‘ਚ ਦਲਿਤ ਵਿਅਕਤੀ ਜਗਮੇਲ ਸਿੰਘ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਮੁੱਦੇ ਛਾਏ ਰਹੇ। ‘ਸੰਵਿਧਾਨ ਦਿਵਸ’ ਉਤੇ ਹੋਈ ਚਰਚਾ ਨੂੰ ਸਮੇਟਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਾਰੇ ਬੁਲਾਰਿਆਂ ਵਿੱਚੋਂ ਕਿਸੇ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਨਹੀਂ ਕੀਤਾ, ਜਿਨ੍ਹਾਂ ਕਰਕੇ ਦੇਸ਼ ਆਜ਼ਾਦ ਹੋਇਆ। ਉਨ੍ਹਾਂ ਕਿਹਾ ਕਿ ਅੱਜ ਦੇਸ਼ ‘ਚ ਜੋ ਹਾਲਾਤ ਬਣੇ ਹਨ ਉਸ ਤੋਂ ਘੱਟ ਗਿਣਤੀਆਂ ਦੇ ਮਨਾਂ ਵਿੱਚ ਡਰ ਪੈਦਾ ਹੋ ਰਿਹਾ ਹੈ। ਕੀ ਇਸ ਸਥਿਤੀ ਵਿੱਚ ਦੇਸ਼ ਦਾ ਸੰਵਿਧਾਨ ਲਾਗੂ ਰਹਿ ਸਕੇਗਾ? ਉਨ੍ਹਾਂ ਕਿਹਾ ਕਿ 1984 ਦਾ ਕਤਲੇਆਮ ਬਹੁਤ ਮਾੜਾ ਸੀ ਪਰ ਅਸੀਂ ਗੁਜਰਾਤ ਦੇ ਦੰਗੇ ਕਿਉਂ ਭੁੱਲ ਜਾਂਦੇ ਹਾਂ। ਕੁਰਸੀ ਖਾਤਰ ਧਰਮ ਦਾ ਸਹਾਰਾ ਲੈਣਾ ਗਲਤ ਹੈ, ਇਸ ਵਾਸਤੇ ਸੰਵਿਧਾਨ ਨੂੰ ਮਜ਼ਾਕ ਬਣਾਇਆ ਜਾ ਰਿਹਾ ਹੈ। ਬਾਜਵਾ ਨੇ ਕਿਹਾ ਕਿ ਐਮਰਜੈਂਸੀ ਦੀ ਗੱਲ ਕਰਨ ਵਾਲੇ ਜੰਮੂ ਕਸ਼ਮੀਰ ਵਿੱਚ ਲੱਗੀ ਐਮਰਜੈਂਸੀ ਦੀ ਗੱਲ ਕਿਉਂ ਭੁੱਲ ਜਾਂਦੇ ਹਨ। ਉੱਥੇ ਅਜੇ ਵੀ ਲੋਕਾਂ ਦੇ ਨੁਮਾਇੰਦਿਆਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਹਰੇਕ ਕਤਲ ‘ਤੇ ਰਾਜਨੀਤੀ ਕਰ ਰਹੀ ਹੈ ਤੇ ਉਹ ਉਨ੍ਹਾਂ ਦੀ ਸਰਕਾਰ ਸਮੇਂ ਫਾਜ਼ਿਲਕਾ ਵਿੱਚ ਹੋਏ ਭੀਮ ਟਾਂਕ ਦੇ ਕਤਲ ਨੂੰ ਕਿਉਂ ਭੁੱਲ ਜਾਂਦੀ ਹੈ। ਕੇਂਦਰ ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਸੀਬੀਆਈ, ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਦੀ ਹੋਂਦ ਹੀ ਖ਼ਤਮ ਹੋ ਗਈ ਹੈ। ਉਨ੍ਹਾਂ ਸਦਨ ਨੂੰ ਭਰੋਸਾ ਦਿਵਾਇਆ ਕਿ ਸੰਵਿਧਾਨ ਦੀ 85ਵੀਂ ਸੋਧ ‘ਤੇ ਵਿਚਾਰ ਕਰ ਕੇ ਇਹ ਲਾਗੂ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਡਾ. ਭੀਮ ਰਾਓ ਅੰਬੇਡਕਰ ਬਾਰੇ ਚਰਚਾ ਕਰਦਿਆਂ ਕਿਹਾ ਕਿ ਉਹ ਸਿੱਖ ਧਰਮ ਧਾਰਨ ਕਰਨਾ ਚਾਹੁੰਦੇ ਸਨ ਪਰ ਅਕਾਲੀਆਂ ਨੇ ਉਨ੍ਹਾਂ ਨੂੰ ਸਿੱਖ ਨਹੀਂ ਬਣਨ ਦਿੱਤਾ। ਇਸ ਦਾ ਅਕਾਲੀ ਵਿਧਾਇਕਾਂ ਨੇ ਵਿਰੋਧ ਕੀਤਾ ਤਾਂ ਚੰਨੀ ਨੇ ਕਿਹਾ ਕਿ ਉਹ ਆਪਣੇ ਤਰਕ ਦੇ ਹੱਕ ਵਿੱਚ ਪੁਸਤਕਾਂ ਪੇਸ਼ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਰੀ ਜ਼ਿੰਦਗੀ ਸੂਬਿਆਂ ਲਈ ਵੱਧ ਅਧਿਕਾਰ ਮੰਗਦੇ ਰਹੇ ਪਰ ਸ਼੍ਰੋਮਣੀ ਅਕਾਲੀ ਦਲ ਨੇ ਖ਼ੁਦ ਕੇਂਦਰੀ ਵਜ਼ਾਰਤ ਵਿੱਚ ਇਕ ਕੁਰਸੀ ਖਾਤਰ ਆਪਣੀ ਵਿਚਾਰਧਾਰਾ ਨੂੰ ਪੁੱਠਾ ਗੇੜਾ ਦੇ ਦਿੱਤਾ ਅਤੇ ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣ ਅਤੇ ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੇ ਮੁੱਦੇ ‘ਤੇ ਸੁਖਬੀਰ ਬਾਦਲ ਨੇ ਤਾੜੀਆਂ ਵਜਾਈਆਂ।
ਇਸੇ ਦੌਰਾਨ ਸਦਨ ਵਿੱਚ ਪਹੁੰਚੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਸ਼ਬਦੀ ਹਮਲਾ ਬੋਲ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲ ਨੂੰ ਉਨ੍ਹਾਂ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ‘ਆਪ’ ਤੋਂ ਬਾਗੀ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਸੂਬਿਆਂ ਦੇ ਅਧਿਕਾਰਾਂ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ ਅਤੇ ਜੀਐੱਸਟੀ ਲਾਗੂ ਹੋਣ ਨਾਲ ਟੈਕਸ ਲਾਉਣ ਦੇ ਹੱਕ ਕੇਂਦਰ ਕੋਲ ਚਲੇ ਗਏ ਹਨ ਅਤੇ ਸੂਬੇ ਭਿਖਾਰੀ ਬਣ ਗਏ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਹਰਪਾਲ ਚੀਮਾ, ਪ੍ਰਿੰਸੀਪਲ ਬੁੱਧ ਰਾਮ, ਸਰਬਜੀਤ ਕੌਰ ਮਾਣੂਕੇ, ਅਕਾਲੀ ਦਲ ਦੇ ਡਾ. ਸੁਖਵਿੰਦਰ ਸਿੰਘ ਸੁੱਖੀ, ਕਾਂਗਰਸ ਦੇ ਡਾ. ਰਾਜ ਕੁਮਾਰ ਵੇਰਕਾ ਤੇ ਸੁਸ਼ੀਲ ਰਿੰਕੂ ਆਦਿ ਨੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਯਾਦ ਕੀਤਾ।
ਐਮਰਜੈਂਸੀ ਦੀ ਹਮਾਇਤ ‘ਤੇ ਮਨਪ੍ਰੀਤ ਬਾਦਲ ਦਾ ਹੋਇਆ ਵਿਰੋਧ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 1975 ਵੇਲੇ ਦੀ ਦੇਸ਼ ਦੀ ਹਾਲਤ ਦਾ ਜ਼ਿਕਰ ਕਰਦਿਆਂ ਐਮਰਜੈਂਸੀ ਲਾਗੂ ਕਰਨ ਦੀ ਹਮਾਇਤ ਕੀਤੀ ਪਰ ਇਸ ਮੁੱਦੇ ‘ਤੇ ਕਾਂਗਰਸ ਸਮੇਤ ਹੋਰ ਬੁਲਾਰਿਆਂ ਨੇ ਉਨ੍ਹਾਂ ਦੇ ਵਿਚਾਰਾਂ ਦੀ ਹਮਾਇਤ ਨਹੀਂ ਕੀਤੀ ਸਗੋਂ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਮੁੱਦੇ ‘ਤੇ ‘ਆਪ’ ਵਿਧਾਇਕ ਕੁਲਤਾਰ ਸੰਧਵਾਂ, ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਅਤੇ ਹੋਰਨਾਂ ਨੇ ਵਿੱਤ ਮੰਤਰੀ ਨੂੰ ਘੇਰਦਿਆਂ ਕਿਹਾ ਕਿ ਐਮਰਜੈਂਸੀ ਨੂੰ ਜਾਇਜ਼ ਠਹਿਰਾਉਣਾ ‘ਸ਼ਰਮ’ ਵਾਲੀ ਗੱਲ ਹੈ। ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਐਮਰਜੈਂਸੀ ਜਮਹੂਰੀਅਤ ‘ਤੇ ਕਾਲਾ ਧੱਬਾ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …